Dhuri News: ਕੰਪਿਊਟਰ ਅਧਿਆਪਕ ਆਗੂਆਂ ਨੇ ‘ਆਪ’ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ‘ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ’।
Trending Photos
Dhuri News: ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਕੰਪਿਊਟਰ ਅਧਿਆਪਕਾਂ ਨੇ ਸੂਬੇ ਭਰ ਤੋਂ ਧੂਰੀ ਵਿਖੇ ਇਕੱਤਰ ਹੁੰਦੇ ਹੋਏ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕਰਦੇ ਹੋਏ ਸੂਬਾ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੀ ਗਈ ਵਾਅਦਾ ਖ਼ਿਲਾਫ਼ੀ ਦੇ ਖ਼ਿਲਾਫ਼ ਸ਼ਹਿਰ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦੇ ਹਲਕਾ ਦਫ਼ਤਰ ਅੱਗੇ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੰਪਿਊਟਰ ਅਧਿਆਪਕ ਆਗੂਆਂ ਨੇ ਦੱਸਿਆ ਕਿ ਸਾਲ 2011 ਵਿਚ ਤਤਕਾਲੀਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ‘ਪਿਕਟਸ’ ਸੋਸਾਇਟੀ ਦੇ ਅਧੀਨ ਰੈਗੂਲਰ ਕਰ ਦਿੱਤਾ ਸੀ, ਪਰ ਰੈਗੂਲਰ ਹੋਣ ਦੇ 13 ਸਾਲਾਂ ਮਗਰੋਂ ਵੀ ਉਨ੍ਹਾਂ ਦੇ ਪੂਰੇ ਹੱਕ ਬਹਾਲ ਨਹੀਂ ਹੋਏ। ਇਸ ਕਰ ਕੇ ਉਹ ਸੰਘਰਸ਼ ਕਰਨ ਦੇ ਲਈ ਮਜਬੂਰ ਹਨ।
ਕੰਪਿਊਟਰ ਅਧਿਆਪਕ ਆਗੂਆਂ ਨੇ ‘ਆਪ’ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ‘ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ’। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਬਿਨਾਂ ਸਰਕਾਰ ਬਣਨ ਤੇ ਬਿਨਾਂ ਦੇਰੀ ਪੂਰਾ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਸਨ ਉੱਥੇ ਹੁਣ ਉਹ ਉਨ੍ਹਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 15 ਸਤੰਬਰ 2022 ਨੂੰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਸਬੰਧੀ ਇੱਕ ਜਨਤਕ ਬਿਆਨ ਵੀ ਦਿੱਤਾ ਗਿਆ ਸੀ, ਜਿਸ ਮਗਰੋਂ ਉਹ ਮੁੱਕਰ ਗਏ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਲਗਭਗ 30 ਤੋਂ ਵੱਧ ਮੀਟਿੰਗ ਕਰਨ ਦਾ ਵੱਧ ਵਾਰ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਪਰ ਤਰਾਸਦੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਨੇ ਇੱਕ ਵਾਰ ਵੀ ਉਨ੍ਹਾਂ ਦੇ ਨਾਲ ਮੀਟਿੰਗ ਨਹੀਂ ਕੀਤੀ।
ਕੰਪਿਊਟਰ ਅਧਿਆਪਕ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਮਾਂ ਰਹਿੰਦੇ ਪੂਰਾ ਨਾ ਕੀਤਾ ਗਿਆ ਤਾਂ ਉਹ ਪੂਰੇ ਪੰਜਾਬ ਵਿੱਚ ਸੰਘਰਸ਼ ਦੇ ਰੂਪ ਵਿਚ ਵੱਡੀ ਮੁਹਿੰਮ ਛੇੜ ਦੇਣਗੇ। ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਨਾਲ ਸੂਬਾ ਸਰਕਾਰ ਦੀ ਹੋਵੇਗੀ।