Teachers Protest: ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਨੇ ਅੱਜ ਵਰ੍ਹਦੇ ਮੀਂਹ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਹੱਲਾ ਬੋਲ ਮਹਾਂ ਰੈਲੀ ਕੀਤੀ।
Trending Photos
Teachers Protest (ਬਿਮਲ ਸ਼ਰਮਾ): ਪਿਛਲੇ ਲਗਭਗ ਡੇਢ ਸਾਲ ਤੋਂ ਆਪਣੀ ਜੁਆਇਨਿੰਗ ਦੀ ਉਡੀਕ ਕਰ ਰਹੀ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਨੇ ਅੱਜ ਵਰ੍ਹਦੇ ਮੀਂਹ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਹੱਲਾ ਬੋਲ ਮਹਾਂ ਰੈਲੀ ਕੀਤੀ। ਜਿਸ ਦੌਰਾਨ 5994 ਕਾਡਰ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਈਟੀਟੀ 5994 ਕਾਡਰ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਜਾਂ ਇਸ ਤੋਂ ਪਹਿਲਾਂ ਜੁਆਇਨ ਕਰਵਾਏ।
ਅਧਿਆਪਕਾਂ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਲਟਕ ਰਹੀ ਈਟੀਟੀ ਕਾਡਰ ਦੀ 5994 ਭਰਤੀ ਨੂੰ ਪੂਰਾ ਕਰਨ ਵੱਲ ਪੰਜਾਬ ਸਰਕਾਰ ਅਜੇ ਵੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਆਖਿਆ ਕਿ ਇਸ ਭਰਤੀ ਦਾ ਇਸ਼ਤਿਹਾਰ 12 ਅਕਤੂਬਰ 2022 ਨੂੰ ਜਾਰੀ ਹੋਇਆ ਸੀ। ਜਿਸ ਤੋਂ ਬਾਅਦ 5 ਮਾਰਚ 2023 ਨੂੰ ਦੋ ਪ੍ਰੀਖਿਆਵਾਂ (ਪੇਪਰ-ਏ ਅਤੇ ਪੇਪਰ-ਬੀ) ਲਈਆਂ ਗਈਆਂ ਸਨ ਪਰ ਸਰਕਾਰ ਦੇ ਤਰੁੱਟੀਆਂ ਭਰੇ ਨੋਟੀਫਿਕੇਸ਼ਨ ਕਾਰਨ ਉਕਤ ਭਰਤੀ ਹਾਈ ਕੋਰਟ ਵਿੱਚ ਚਲੀ ਗਈ।
ਜਿੱਥੇ ਪੰਜਾਬ ਸਰਕਾਰ ਵੱਲੋਂ ਢੁਕਵੇਂ ਢੰਗ ਨਾਲ ਪੈਰਵਾਈ ਨਾ ਕਰਨ ਕਰਕੇ 5 ਮਾਰਚ 2023 ਨੂੰ ਲਿਆ ਗਿਆ ਪੰਜਾਬੀ ਵਿਸ਼ੇ ਨਾਲ ਸਬੰਧਤ ਪੇਪਰ (ਪੇਪਰ-ਏ) ਹਾਈ ਕੋਰਟ ਨੇ 30 ਅਪ੍ਰੈਲ 2024 ਨੂੰ ਰੱਦ ਕਰਕੇ ਮੁੜ ਤੋਂ ਪੇਪਰ ਲੈਣ ਲਈ ਹੁਕਮ ਦਿੱਤੇ ਸਨ, ਜੋ ਹੁਣ 28 ਜੁਲਾਈ 2024 ਨੂੰ ਲਿਆ ਜਾ ਚੁੱਕਾ ਹੈ। ਉਸ ਪੇਪਰ ਦਾ ਨਤੀਜਾ ਜਾਰੀ ਹੋ ਚੁੱਕਾ ਹੈ ਪਰ ਹੁਣ ਸਰਕਾਰ ਜੁਆਇਨ ਕਰਵਾਉਣ ਸਬੰਧੀ ਕੋਈ ਦਿਲਚਸਪੀ ਨਹੀਂ ਲੈ ਰਹੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਹਰ ਵਾਲ ਟਾਲ ਦਿੱਤਾ ਜਾਂਦਾ ਹੈ ਪਰ ਜੁਆਇਨਿੰਗ ਨੂੰ ਲੈ ਕੇ ਕੋਈ ਸਪੱਸ਼ਟ ਨਹੀ ਕੀਤਾ ਜਾ ਰਿਹਾ। ਜਿਸ ਦੇ ਰੋਸ ਵਜੋਂ ਯੂਨੀਅਨ ਨੂੰ ਸਿੱਖਿਆ ਮੰਤਰੀ ਦੇ ਪਿੰਡ ਮਹਾਂ ਰੈਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਜੁਆਇਨ ਨਹੀਂ ਕਰਵਾਉਂਦੀ ਉਦੋਂ ਤੱਕ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਚਲਾਇਆ ਜਾਵੇਗਾ। ਇਸ ਦੌਰਾਨ ਜੇਕਰ ਕਿਸੇ ਵੀ ਉਮੀਦਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਣਗੇ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 28 ਜੁਲਾਈ ਨੂੰ ਫਿਰੋਜ਼ਪੁਰ ਤੋਂ ਚੰਡੀਗੜ੍ਹ ਪੇਪਰ ਦੇਣ ਆ ਰਹੀ ਮਹਿਲਾ ਉਮੀਦਵਾਰ ਦੀ ਰੇਲ ਗੱਡੀ ਥੱਲੇ ਆਉਣ ਨਾਲ ਮੌਤ ਹੋ ਗਈ ਸੀ, ਜੋ ਮਾਪਿਆਂ ਦੀ ਇਕਲੌਤੀ ਧੀ ਸੀ। ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਈਟੀਟੀ 5994 ਕਾਡਰ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਜਾਂ ਇਸ ਤੋਂ ਪਹਿਲਾਂ ਜੁਆਇਨ ਕਰਵਾਏ।