Fraud Case: ਸਾਈਬਰ ਅਪਰਾਧੀ ਰੋਜ਼ਾਨਾ ਹੀ ਆਪਣਾ ਕਿਸੇ ਨਾ ਕਿਸੇ ਨੂੰ ਸ਼ਿਕਾਰ ਬਣਾ ਰਹੇ ਹਨ। ਨੰਗਲ ਤੋਂ ਇੱਕ ਡਾਕਟਰ ਨੂੰ ਜੈਕਪਾਟ ਦੇ ਨਾਂ ਉਤੇ ਜਾਲ ਵਿੱਚ ਫਸਾ ਕੇ 12 ਲੱਖ ਰੁਪਏ ਤੋਂ ਵਧ ਦੀ ਠੱਗੀ ਮਾਰ ਲਈ।
Trending Photos
Fraud Case: ਸਬ-ਡਵੀਜ਼ਨ ਨੰਗਲ ਦੇ ਪਿੰਡ ਭਲਾਣ ਸਥਿਤ ਮਿੰਨੀ ਪੀ.ਐੱਚ.ਸੀ. ਵਿੱਚ ਤਾਇਨਾਤ ਡਾਕਟਰ ਪ੍ਰੇਮ ਕੁਮਾਰ ਨਾਲ 12 ਲੱਖ ਰੁਪਏ ਤੋਂ ਵੱਧ ਦੀ ਆਨਲਾਈਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਨੰਗਲ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਸਾਈਬਰ ਕ੍ਰਾਈਮ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਧੋਖਾਧੜੀ ਦੇ ਮੁਲਜ਼ਮਾਂ ਨੂੰ ਫੜਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ , ਨਾਲ ਹੀ ਲੋਕਾਂ ਨੂੰ ਆਨਲਾਈਨ ਠੱਗਾਂ ਦੇ ਜਾਲ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ।
ਡਾ. ਪ੍ਰੇਮ ਕੁਮਾਰ ਅਨੁਸਾਰ ਉਨ੍ਹਾਂ ਦੇ ਮੋਬਾਈਲ 'ਤੇ ਇੱਕ ਸੁਨੇਹਾ ਆਇਆ ਕਿ ਉਨ੍ਹਾਂ ਦਾ ਯੂਕੇ ਵਿੱਚ 50 ਹਜ਼ਾਰ ਅਮਰੀਕਨ ਜੈਕਪਾਟ ਲੱਗਿਆ ਹੈ ਅਤੇ ਜੇਕਰ ਉਹ ਇਹ 50 ਹਜ਼ਾਰ ਅਮਰੀਕਨ ਡਾਲਰ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 25 ਹਜ਼ਾਰ ਰੁਪਏ ਟ੍ਰਾਂਜੈਕਸ਼ਨ ਫੀਸ ਵਜੋਂ ਜਮ੍ਹਾਂ ਕਰਵਾਉਣੇ ਪੈਣਗੇ। ਆਰ.ਟੀ.ਜੀ.ਐਸ. ਰਾਹੀਂ ਡਾਕਟਰ ਸਾਹਿਬ ਨੇ ਉਕਤ ਵਿਅਕਤੀ ਦੇ ਦੱਸੇ ਖਾਤੇ ਵਿਚ 25,000 ਰੁਪਏ ਜਮ੍ਹਾਂ ਕਰਵਾ ਦਿੱਤੇ ਪਰ ਉਸ ਤੋਂ ਬਾਅਦ ਹਲਫੀਆ ਬਿਆਨ ਕਰਵਾਉਣ ਦੇ ਨਾਂ 'ਤੇ 95,000 ਰੁਪਏ ਦੁਬਾਰਾ ਮੰਗੇ ਗਏ।
ਉਹ ਵੀ ਜਮ੍ਹਾਂ ਕਰਵਾ ਦਿੱਤੇ ਗਏ ਪਰ ਉਸ ਤੋਂ ਬਾਅਦ ਚਾਰ ਲੱਖ, ਫਿਰ 6 ਲੱਖ 10 ਹਜ਼ਾਰ ਦੇ ਨਾਂ 'ਤੇ ਟੀ.ਡੀ.ਐੱਸ. ਅਤੇ ਉਸ ਤੋਂ ਬਾਅਦ ਵੈਟ ਚਾਰਜ ਦੇ ਨਾਂ 'ਤੇ 90 ਹਜ਼ਾਰ ਦੀ ਮੰਗ ਕੀਤੀ, ਜੋ ਉਸ ਨੇ ਅਦਾ ਕਰ ਦਿੱਤੇ। ਡਾਲਰ ਨਾ ਆਉਣ 'ਤੇ ਸੂਰਜ ਪਰਜਾਪਤੀ ਨਾਂ ਦੇ ਨੌਜਵਾਨ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਬੈਂਕ ਆਫ ਸਕਾਟਲੈਂਡ 'ਚ ਪੰਜ ਲੱਖ ਮਿਲ ਜਾਣਗੇ।
ਉਨ੍ਹਾਂ ਨੂੰ ਹੋਰ ਪੈਸੇ ਜਮਾਂ ਕਰਵਾਉਣ ਲਈ ਕਿਹਾ ਪਰ ਜਦ ਉਨ੍ਹਾਂ ਨੇ ਹੋਰ ਪੈਸੇ ਜਮ੍ਹਾਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਕਤ ਨੌਜਵਾਨ ਦਾ ਮੋਬਾਈਲ ਫੋਨ ਵੀ ਬੰਦ ਹੋ ਗਿਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਨੂੰ ਕੀਤੀ। ਹੁਣ ਡਾ.ਪ੍ਰੇਮ ਕੁਮਾਰ ਹੋਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਅਜਿਹੇ ਆਨਲਾਈਨ ਠੱਗਾਂ ਦੇ ਜਾਲ ਵਿੱਚ ਨਾ ਫਸਣ। ਦੂਜੇ ਪਾਸੇ ਥਾਣਾ ਇੰਚਾਰਜ ਇੰਸਪੈਕਟਰ ਸੰਨੀ ਖੰਨਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਾਕਟਰ ਸਾਹਿਬ ਨਾਲ ਕੁੱਲ 12 ਲੱਖ 20 ਹਜ਼ਾਰ 900 ਰੁਪਏ ਦੀ ਠੱਗੀ ਮਾਰੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਠੱਗਾਂ ਤੋਂ ਸਾਵਧਾਨ ਰਹੋ।
ਇਹ ਵੀ ਪੜ੍ਹੋ : Punjab News: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ!
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ