ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਚਿਣਗ਼ ਪੰਜਾਬ ਤੋਂ ਹੀ ਉੱਠੀ ਸੀ ਅਤੇ ਇਸਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਵੀ ਪੰਜਾਬੀਆਂ ਨੇ ਹੀ ਦਿੱਤੀਆ ਸੀ। ਅੰਕੜੇ ਦਰਸਾਉਂਦੇ ਹਨ ਕਿ ਪੰਜਾਬੀਆਂ ਨੇ ਆਜ਼ਾਦੀ ਪ੍ਰਾਪਤ ਦੇ ਸੰਘਰਸ਼ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ।
Trending Photos
ਚੰਡੀਗੜ੍ਹ- ਪੰਜਾਬ ਪ੍ਰਾਂਤ ਭਾਰਤ ਦਾ ਭੂਗੋਲਿਕ, ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਸੁਰੱਖਿਆ ਪੱਖੋਂ ਹਮੇਸ਼ਾ ਹੀ ਮਹੱਤਵਪੂਰਨ ਅੰਗ ਰਿਹਾ ਹੈ। 1947 ਵਿੱਚ ਜਦੋਂ ਭਾਰਤ ਦੀ ਵੰਡ ਹੋਈ ਤਾਂ ਉਸ ਵੇਲੇ ਵੀ ਸਭ ਤੋਂ ਵੱਧ ਕਸ਼ਟ ਪੰਜਾਬੀਆਂ ਨੇ ਹੀ ਝੱਲੇ। ਪੰਜਾਬ ਪੱਛਮੀ ਅਤੇ ਪੂਰਬੀ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਗਿਆ। ਲੱਖਾਂ ਮਰਦ ਅਤੇ ਔਰਤਾਂ ਅਤੇ ਬੱਚੇ ਆਜ਼ਾਦੀ ਦਾ ਆਨੰਦ ਨਾ ਮਾਣ ਸਕੇ। ਉਸ ਸਮੇਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਅੰਕੜੇ ਦਰਸਾਉਂਦੇ ਹਨ ਕਿ ਪੰਜਾਬੀਆਂ ਨੇ ਆਜ਼ਾਦੀ ਪ੍ਰਾਪਤ ਦੇ ਸੰਘਰਸ਼ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ। ਆਜ਼ਾਦੀ ਵੇਲੇ ਅਤੇ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਟੁੱਕੜੇ-ਟੁੱਕੜੇ ਹੋ ਗਿਆ। ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਚਿਣਗ਼ ਪੰਜਾਬ ਤੋਂ ਹੀ ਉੱਠੀ ਸੀ ਅਤੇ ਇਸਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਵੀ ਪੰਜਾਬੀਆਂ ਨੇ ਹੀ ਦਿੱਤੀਆ ਸੀ।
ਕੂਕਾ ਲਹਿਰ ਦਾ ਯੋਗਦਾਨ
ਭਾਵੇਂ ਅੰਗਰੇਜ਼ਾਂ ਨੇ 1849 ਈਸਵੀ ਵਿੱਚ ਛਲ-ਕਪਟ ਨਾਲ ਪੰਜਾਬ ਪ੍ਰਾਂਤ ਜਿੱਤ ਲਿਆ ਪਰ ਪੰਜਾਬੀਆਂ ਨੂੰ ਆਪਣੇ 98 ਸਾਲਾ ਸ਼ਾਸਨ ਦੌਰਾਨ ਉਹ ਗੁਲਾਮ ਨਾ ਬਣਾ ਸਕੇ। ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਫੌਜ ਵਿੱਚ ਸ਼ਾਮਲ ਨੌਜਵਾਨ ਬਾਬਾ ਰਾਮ ਸਿੰਘ ਨੇ ‘ਕੂਕਾ ਲਹਿਰ’ ਪੈਦਾ ਕਰਕੇ ਅੰਗਰੇਜ਼ਾਂ ਨਾਲ ‘ਨਾ-ਮਿਲਵਰਤਨ ਸਤਿਆਗ੍ਰਹਿ’ ਸਭ ਤੋਂ ਪਹਿਲਾਂ ਸ਼ੁਰੂ ਕੀਤਾ। ਉਨ੍ਹਾਂ ਵੱਲੋਂ ਚਲਾਈ ਆਜ਼ਾਦੀ ਦੀ ਲਹਿਰ ਵਿੱਚ 60,000 ਦੇ ਕਰੀਬ ਕੂਕੇ ਸ਼ਾਮਲ ਹੋ ਗਏ ਜਿਨ੍ਹਾਂ ਨੇ ਅੰਗਰੇਜ਼ ਹਾਕਮ ਜਾਂ ਉਨ੍ਹਾਂ ਦੇ ਪਿੱਠੂਆਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਅੰਗਰੇਜ਼ਾਂ ਦੀ ਮਦਦ ਨਾਲ ਹਾਕਮਾਂ ਨਾ ਸਿਰਫ ਇਸ ਨੂੰ ਨਾਕਾਮ ਬਣਾਇਆ ਬਲਕਿ 67 ਕੂਕਿਆਂ ਨੂੰ ਤੋਪਾਂ ਦੇ ਮੂੰਹ ਨਾਲ ਬੰਨ੍ਹ ਕੇ ਉਡਾ ਦਿੱਤਾ। ਬਾਬਾ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ (ਮਿਆਂਮਾਰ) ਜੇਲ੍ਹ ਭੇਜ ਦਿੱਤਾ।
1913 -14 ਦਾ ਗਦਰ
ਉਨ੍ਹਵੀਂ ਸਦੀ ਦੇ ਅਖੀਰ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਲੋਕ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਅਮਰੀਕਾ , ਕਨੇਡਾ ,ਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਚਲੇ ਗਏ। 1912 ਤਕ ਅਮਰੀਕਾ, ਕਨੇਡਾ ਵਿਚ ਪਹੁੰਚਣ ਵਾਲੀਆਂ ਦੀ ਗਿਣਤੀ ਤਕਰੀਬਨ 10,000 ਤਕ ਪਹੁੰਚ ਗਈ ਸੀ, ਜਿਨ੍ਹਾ ਵਿਚ 80% ਸਿੱਖ ਸਨ। ਇਨ੍ਹਾ ਵਿਚੋਂ ਬਹੁਤ ਸਾਰੇ ਫੌਜ਼ ਦੀ ਨੋਕਰੀ ਛੱਡ ਕੇ ਆਏ ਸੀ। ਅਜ਼ਾਦ ਮੁਲਕਾਂ ਵਿਚ ਰਹਿ ਕੇ ਇੰਨ੍ਹਾ ਦੇ ਮਨ ਵਿਚ ਆਪਣੇ ਦੇਸ਼ ਨੂੰ ਸੁਤੰਤਰ ਕਰਾਉਣ ਦੀ ਰੀਝ ਜਾਗੀ। ਇਨ੍ਹਾ ਨੇ ਅਮਰੀਕਾ ਤੇ ਕਨੇਡਾ ਦੇ ਪੱਛਮੀ ਤੱਟ ਤੇ ,”ਹਿੰਦੁਸਤਾਨੀ” ਔਸੋਸਿਏਸ਼ਨ ਬਣਾਈ ਜਿਸਦਾ ਮੁਖੀ ਸੋਹਣ ਸਿੰਘ ਭਕਨਾ ਤੇ ਜਨਰਲ ਸੱਕਤਰ ਲਾਲਾ ਹਰਦਿਆਲ ਸਨ। ਜਿੰਨਾ ਵੱਲੋਂ ਗਦਰ ਨਾਮ ਦਾ ਅਖਬਾਰ (ਪਰਚਾ) ਨਵੰਬਰ ਸੰਨ 1913 ਵਿਚ ਜਾਰੀ ਕੀਤਾ ਗਿਆ ਇਹ ਪਰਚਾ ਉਰਦੂ ਵਿਚ ਸੀ, ਪਰ ਬਾਅਦ ਵਿਚ ਕਈ ਭਾਸ਼ਾਵਾਂ ਵਿੱਚ ਇਸ ਦਾ ਤਰਜ਼ੁਮਾ ਕੀਤਾ ਗਿਆ। 10 ਫਰਵਰੀ 1914 ਨੂੰ ਇਸ ਵਿਚ ਇਕ ਇਸ਼ਤਿਹਾਰ ਛਪਿਆ ,” ਜ਼ਰੂਰਤ ਹੈ ਜ਼ਰੂਰਤ ਹੈ ,ਨਿਡਰ ਤੇ ਬਹਾਦਰ ਸਿਪਾਹੀਆਂ ਦੀ ਹਿੰਦੁਸਤਾਨ ਵਿਚ ਗਦਰ ਮਚਾਉਣ ਲਈ। ਤਨਖਾਹ-ਮੌਤ , ਇਨਾਮ-ਸ਼ਹੀਦੀ , ਇਸ ਤੋਂ ਬਾਅਦ 10 ਮਈ 1914 ਵਿਚ ਫਿਰ ਹੋਰ ਸਤਰਾਂ ਛਪੀਆਂ ਸਨ .” ਆਜ਼ਾਦੀ ਮੰਗਣ ਨਾਲ ਨਹੀਂ ਮਿਲਦੀ , ਖੋਹਣੀ ਪੈਂਦੀ ਹੈ। ਜੇਕਰ ਬਹਾਦਰ ਅਖਵਾਣਾ ਹੈ ਤਾਂ ਗਦਰ ਕਰੋ ਤੇ ਜੇ ਗਦਰ ਕਰਨਾ ਹੈ ਤਾਂ ਸਿਰ ‘ਤੇ ਕਫਨ ਬੰਨ ਕੇ ਮੈਦਾਨ ਵਿਚ ਆਉ।
ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ
ਅਮਰੀਕਾ ਵਿਚ ‘ਗ਼ਦਰ ਲਹਿਰ’ ਨੂੰ ਪ੍ਰਚੰਡ ਕਰਨ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਨੇ ਭਾਰਤ ਆ ਕੇ ਭਾਰਤੀ ਫ਼ੌਜੀਆਂ ਦੇ ਦਿਲਾਂ ‘ਚ ਵੀ ਆਜ਼ਾਦੀ ਦੀ ਚਿਣਗ਼ ਲਾਉਣ ਲਈ ਯਤਨ ਆਰੰਭੇ। ਆਜ਼ਾਦੀ ਦੇ ਪਰਵਾਨਿਆਂ ਨੇ ਮਿਲ ਕੇ 19 ਫ਼ਰਵਰੀ 1915 ਨੂੰ ਅੱਡ-ਅੱਡ ਛਾਉਣੀਆਂ ਵਿਚ ਹਿੰਦੁਸਤਾਨੀ ਫ਼ੌਜਾਂ ਤੋਂ ਬਗ਼ਾਵਤ ਕਰਵਾ ਕੇ ਰਾਜ ਪਲਟਾ ਕਰਨ ਦੀ ਵਿਉਂਤ ਬਣਾਈ ਪਰ ਸਰਕਾਰ ਕੋਲ ਕਿਸੇ ਮੁਖ਼ਬਰ ਨੇ ਪਹਿਲਾਂ ਹੀ ਖ਼ਬਰ ਦੇ ਦਿੱਤੀ ਤੇ ਇਹ ਵਿਉਂਤ ਸਿਰੇ ਨਾ ਚੜ੍ਹ ਸਕੀ। 16 ਨਵੰਬਰ 1915 ਨੂੰ ਸਰਦਾਰ ਸਰਾਭੇ ਨੂੰ ਛੇ ਹੋਰ ਸਿੱਖ ਸਾਥੀਆਂ ਸਮੇਤ ਫ਼ਾਂਸੀ ਦੇ ਤਖ਼ਤੇ ‘ਤੇ ਲਟਕਾ ਦਿੱਤਾ ਗਿਆ। ਫ਼ਿਰੋਜ਼ਪੁਰ ਛਾਉਣੀ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ‘ਚ ਭਾਈ ਰਣਧੀਰ ਸਿੰਘ ਜੀ ਨੂੰ ਵੀ ਗ੍ਰਿਫ਼ਤਾਰ ਕਰਕੇ ਉਮਰ ਕੈਦ ਸੁਣਾਈ ਗਈ ਅਤੇ ਸਾਰੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਕੀਤੇ ਗਏ।
ਜਲ੍ਹਿਆਂ ਵਾਲੇ ਬਾਗ ਦੀ ਘਟਨਾ
ਪਹਿਲੀ ਵਿਸ਼ਵ ਜੰਗ ਦੇ ਮਗਰੋਂ ਭਾਰਤ ਵਾਸੀਆਂ ਨੂੰ ਆਸ ਸੀ ਕੀ ਹੁਣ ਉਨ੍ਹਾ ਨੂੰ ਰਾਜ-ਕਾਜ ਦੇ ਕੰਮਾਂ ਵਿਚ ਵਧੇਰੇ ਅਧਿਕਾਰ ਦਿੱਤੇ ਜਾਣਗੇ ਕਿਉਂਕਿ ਇਸ ਯੁੱਧ ਵਿਚ ਭਾਰਤ ਵਾਸੀਆਂ ਨੇ ਅੰਗਰੇਜਾਂ ਦੀ ਬਹੁਤ ਮਦਤ ਕੀਤੀ ਸੀ। ਪਰ ਵਿਸ਼ਵ ਯੁੱਧ ਖਤਮ ਹੁੰਦਿਆ ਹੀ ਹਿੰਦ ਸਰਕਾਰ ਨੇ ਰੋਲਟ ਐਕਟ ਪਾਸ ਕਰ ਦਿੱਤਾ ਜਿਸਦੇ ਤਹਿਤ ਭਾਰਤੀਆਂ ‘ਤੇ ਕਈ ਤਰੀਕੇ ਦੀਆਂ ਪਾਬੰਦੀਆਂ ਲਗਾ ਦਿਤੀਆਂ। ਸਰਕਾਰ ਵਿਰੁੱਧ ਬੋਲਣ , ਲਿਖਣ ਤੇ ਇੱਕਠ ਕਰਨ ਦੀ ਮਨਾਹੀ ਕੀਤੀ ਗਈ। ਇਸ ਕਾਨੂੰਨ ਖਿਲਾਫ਼ ਥਾਂ ਥਾਂ ਹੜਤਾਲਾਂ ਹੋਈਆਂ , ਜਲੂਸ ਕੱਢੇ ਗਏ ਤੇ ਸ਼ਾਂਤਮਈ ਢੰਗ ਨਾਲ ਵੀ ਵਿਰੋਧ ਕੀਤਾ ਗਿਆ। 13 ਅਪ੍ਰੈਲ ਸੰਨ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ ਵਿੱਚ ਇਕ ਵਿਸ਼ਾਲ ਜਲਸਾ ਹੋਇਆ ਜਿਸ ਉੱਪਰ ਜਨਰਲ ਡਾਇਰ ਨੇ ਹਮਲਾ ਕਰ ਦਿੱਤਾ ਅਤੇ ਉੱਥੇ ਪਹੁੰਚੇ ਲੋਕਾਂ ‘ਤੇ ਅੰਧਾ-ਧੁੰਦ ਗੋਲੀਆਂ ਦੀ ਵਰਖਾ ਕੀਤੀ ਦੇਖਦੇ ਹੀ ਦੇਖਦੇ ਸਾਰਾ ਬਾਗ ਖੂਨ ਨਾਲ ਭਰ ਗਿਆ ਅਤੇ ਸੈਂਕੜੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਭਗਤ ਸਿੰਘ ਦੀ ਸਹੀਦੀ
ਸਰਦਾਰ ਭਗਤ ਸਿੰਘ, ਭਗਵਤੀ ਚਰਨ ਵੋਹਰਾ, ਸੁਖਦੇਵ, ਪ੍ਰਿੰਸੀਪਲ ਛਬੀਲ ਦਾਸ ਅਤੇ ਯਸ਼ਪਾਲ ਆਦਿ ਨੇ 1925-26 ਈ. ਵਿੱਚ ਲਾਹੌਰ ਵਿਖੇ-ਨੌਜਵਾਨ ਭਾਰਤ ਸਭਾ-ਦੀ ਸਥਾਪਨਾ ਕੀਤੀ। ਭਗਤ ਸਿੰਘ ਉਸ ਦਾ ਜਨਰਲ ਸਕੱਤਰ ਨਿਯੁਕਤ ਹੋਇਆ। ਇਸ ਸੰਸਥਾ ਦਾ ਉਦੇਸ਼ ਨੌਜਵਾਨਾਂ ਵਿੱਚ ਜਾਗ੍ਰਤੀ ਲਿਆਉਣਾ ਸੀ। ਸਾਈਮਨ ਕਮਿਸ਼ਨ ਦੇ ਲਾਹੌਰ ਪੁੱਜਣ ’ਤੇ ਜਦੋਂ ਕਾਂਗਰਸ, ਕਿਰਤੀ ਪਾਰਟੀ ਅਤੇ ਭਾਰਤ ਨੌਜਵਾਨ ਸਭਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਗਿਆ ਜਿਸ ਵਿੱਚ ਲਾਲਾ ਲਾਜਪਤ ਰਾਏ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਸਵਰਗ ਸਿਧਾਰ ਗਏ। ਸ. ਭਗਤ ਸਿੰਘ ਅਤੇ ਸਾਥੀਆਂ ਨੇ ਇਸ ਦਾ ਬਦਲਾ ਏ.ਐਸ.ਪੀ. ਸਾਂਡਰਸ ਨੂੰ ਕਤਲ ਕਰਕੇ ਲਿਆ। 10 ਦਸੰਬਰ 1929 ਨੂੰ ਕੇਂਦਰੀ ਅਸੈਂਬਲੀ ਵਿੱਚ ਜਾਅਲੀ ਬੰਬ ਸੁੱਟ ਕੇ ਅੰਗਰੇਜ਼ ਦੇ ਬੋਲੇ ਕੰਨਾਂ ਦੇ ਝੱਪੇ ਖੋਲ੍ਹਦਿਆਂ ਗ੍ਰਿਫਤਾਰੀ ਦਿੱਤੀ ਅਤੇ 23 ਮਾਰਚ 1930 ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਹੱਸਦੇ ਹੱਸਦੇ , ਗੀਤ ਗਾਉਂਦੇ ਗਾਉਂਦੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਤਖਤਾ ਚੁੰਮਿਆ
ਸ਼ਹੀਦ ਊਧਮ ਸਿੰਘ ਦਾ ਯੋਗਦਾਨ
ਸ਼ਹੀਦ ਸ੍ਰ. ਊਧਮ ਸਿੰਘ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਮਾਲਕ ਸੀ। ਉਸ ਨੂੰ ਜਦੋਂ ਲੰਡਨ ਦੀ ਅਦਾਲਤ ਵੱਲੋਂ ਉਸ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ‘ਮੁਹੰਮਦ ਸਿੰਘ ਆਜ਼ਾਦ’ ਦੱਸਿਆ। ਉਸ ਦਾ ਇਹ ਤਖੱਲਸ ਰੱਖਣਾ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਹੈ। ਸ਼ਹੀਦ ਸ੍ਰ. ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਵਿੱਚ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਲੋਕਾਂ ਦੀ ਸ਼ਹੀਦੀ ਦਾ ਬਦਲਾ 20 ਸਾਲ ਦੇ ਲੰਮੇ ਅਰਸੇ ਬਾਅਦ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ। ਪਹਿਲੀ ਅਪਰੈਲ 1940 ਨੂੰ ਸ੍ਰ. ਊਧਮ ਸਿੰਘ ਨੂੰ ਲੰਡਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚਾਰ ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਉਹਨਾਂ ਨੂੰ ਮਾਈਕਲ ਉਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਉਹ ਸਾਡਾ ਪੁਰਾਣਾ ਦੁਸ਼ਮਣ ਸੀ ਅਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ। ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ।
WATCH LIVE TV