Jalandhar News: ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਣਜੀਤ ਸਿੰਘ ਰਾਜਾ ਕੰਡੌਲਾ ਤੇ ਉਸਦੀ ਪਤਨੀ ਰਾਜਵੰਤ ਕੌਰ ਖਿਲਾਫ਼ ਅੱਜ ਜਲੰਧਰ ਦੀ ਅਦਾਲਤ ਵਿੱਚ ਸੁਣਵਾਈ ਹੈ।
Trending Photos
Jalandhar News: 200 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਰਣਜੀਤ ਸਿੰਘ ਰਾਜਾ ਕੰਡੌਲਾ ਤੇ ਉਸਦੀ ਪਤਨੀ ਰਾਜਵੰਤ ਕੌਰ ਖਿਲਾਫ਼ ਅੱਜ ਜਲੰਧਰ ਦੀ ਅਦਾਲਤ ਵਿੱਚ ਸੁਣਵਾਈ ਹੈ। ਇਹ ਸੁਣਵਾਈ ਸੈਸ਼ਨ ਜੱਜ ਨਿਰਭੈ ਸਿੰਘ ਗਿੱਲ ਦੀ ਅਦਾਲਤ ਵਿੱਚ ਹੋਈ। ਜਿੱਥੇ ਰਾਜਾ ਕੰਡੌਲਾ ਤੇ ਉਸ ਦੀ ਪਤਨੀ ਰਾਜਵੰਤ ਕੌਰ ਨੂੰ ਦੋਸ਼ੀ ਪਾਇਆ ਗਿਆ। ਅਦਾਲਤ ਨੇ ਰਾਜਾ ਕੰਡੌਲਾ ਨੂੰ 9 ਸਾਲ ਤੇ ਉਸ ਦੀ ਪਤਨੀ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਰਾਜਾ ਕੰਦੌਲਾ ਨੂੰ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 6 ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ ਗਈ, ਜਦਕਿ ਰਾਜਾ ਕੰਡੌਲਾ ਦੀ ਪਤਨੀ ਰਾਜਵੰਤ ਕੌਰ ਨੂੰ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਈਡੀ ਵੱਲੋਂ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਖ਼ੁਦ ਅਦਾਲਤ ਵਿੱਚ ਹਾਜ਼ਰ ਸਨ। ਦੂਜੇ ਪਾਸੇ ਰਾਜਾ ਕੰਡੌਲਾ ਵੱਲੋਂ ਸੀਨੀਅਰ ਵਕੀਲ ਮਨਦੀਪ ਸਚਦੇਵਾ ਪੇਸ਼ ਹੋਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ 2012 ਤੋਂ ਚੱਲ ਰਹੀ ਸੀ। ਇਸ ਤੋਂ ਬਾਅਦ 2015 ਵਿੱਚ ਚਾਰਜਸ਼ੀਟ ਫਾਈਲ ਕੀਤੀ ਗਈ ਸੀ। ਅੱਜ ਅਦਾਲਤ ਵਿੱਚ ਕੇਸ ਦਾ ਫੈਸਲਾ ਆ ਗਿਆ ਹੈ।
ਕਾਬਿਲੇਗੌਰ ਹੈ ਕਿ 10 ਸਾਲ ਬਾਅਦ ਅਦਾਲਤ ਨੇ ਇਸ ਮਾਮਲੇ ਵਿੱਚ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਕੀਲ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ੀਆਂ ਦੀਆਂ ਜਾਇਦਾਦਾਂ ਤੇ ਬੈਂਕ ਖਾਤਿਆਂ ਦੀ ਜਾਂਚ 'ਚ ਕਾਫੀ ਸਮਾਂ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ 2015 ਵਿੱਚ ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ ਬਾਅਦ ਲੰਬੇ ਸਮੇਂ ਤੱਕ ਸੁਣਵਾਈ ਚੱਲਦੀ ਰਹੀ। ਉਨ੍ਹਾਂ ਨੇ ਦੱਸਿਆ ਕਿ ਕਰੀਬ 8 ਤੋਂ 9 ਕਰੋੜ ਰੁਪਏ ਦੀਆਂ ਜਾਇਦਾਦਾਂ 'ਤੇ ਕਾਰਵਾਈ ਕੀਤੀ ਗਈ ਹੈ। ਵਕੀਲ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਪੰਜਾਬ ਸਮੇਤ ਦਿੱਲੀ ਵਿੱਚ ਕਈ ਜਾਇਦਾਦਾਂ ਹਨ।
ਦੱਸ ਦੇਈਏ ਕਿ ਕਰੀਬ ਡੇਢ ਦਹਾਕਾ ਪਹਿਲਾਂ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਰਗਨਾ ਰਣਜੀਤ ਸਿੰਘ ਰਾਜਾ ਕੰਡੌਲਾ ਨੂੰ ਕਰੋੜਾਂ ਦੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਸੀ। ਨਸ਼ੀਲੇ ਪਦਾਰਥਾਂ ਦੇ ਕਾਰੋਬਾਰ 'ਚ ਵਿਦੇਸ਼ੀ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ਈਡੀ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਕਰੋੜਾਂ ਰੁਪਏ ਦੇ ਡਰੱਗ ਮਨੀ ਦੇ ਲੈਣ-ਦੇਣ ਦੇ ਕਈ ਲਿੰਕ ਵੀ ਸਾਹਮਣੇ ਆਏ।
ਇਹ ਵੀ ਪੜ੍ਹੋ : Tarn Taran News: ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ