Khanna News: ਗੁਰਦੀਪ ਸਿੰਘ ਮਾਣਾ ਨੇ ਟਿੰਕੂ ਨਾਮਕ ਵਿਅਕਤੀ ਨੂੰ ਕਬੂਤਰਬਾਜ਼ੀ ਮੁਕਾਬਲੇ ਵਿੱਚ ਬੁਲਾਉਣ ’ਤੇ ਗੁੱਸਾ ਜ਼ਾਹਰ ਕੀਤਾ ਸੀ। ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਿੱਕੀ ਵਿਚਕਾਰ ਕਾਫੀ ਬਹਿਸ ਹੋ ਗਈ ਸੀ।
Trending Photos
Khanna News(ਧਰਮਿੰਦਰ ਸਿੰਘ): 23 ਜੂਨ 2024 ਨੂੰ ਖੰਨਾ ਦੇ ਪਿੰਡ ਇਕੋਲਾਹਾ 'ਚ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਹੋਈ ਲੜਾਈ 'ਚ 21 ਸਾਲਾ ਗੁਰਦੀਪ ਸਿੰਘ ਮਾਣਾ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ ਵੀ-ਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰ ਉਸਦਾ ਪੁੱਤਰ ਦਮਨ ਔਜਲਾ ਹਾਲੇ ਤੱਕ ਫਰਾਰ ਹੈ। ਪੰਜਾਬੀ ਗਾਇਕ ਦੇ ਮੁੰਡੇ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਮੁੜ ਧਰਨਾ ਲਾਇਆ।
ਮ੍ਰਿਤਕ ਦੀ ਦਾਦੀ ਮੁਖਤਿਆਰ ਕੌਰ ਨੇ ਦੱਸਿਆ ਕਿ ਗੁਰਦੀਪ ਸਿੰਘ ਮਾਣਾ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸਤੋਂ ਬਾਅਦ ਉਸਨੇ ਹੀ ਬੱਚੇ ਨੂੰ ਪਾਲਿਆ ਸੀ। ਹੁਣ ਗੁਰਦੀਪ ਸਿੰਘ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮੁਲਜ਼ਮਾਂ ਨੇ ਕਤਲ ਕਰਕੇ ਪਰਿਵਾਰ ਨੂੰ ਬੇਸਹਾਰਾ ਬਣਾ ਦਿੱਤਾ। ਇਸਦੇ ਨਾਲ ਹੀ ਪੁਲਿਸ ਨੇ ਡੇਢ ਮਹੀਨੇ ਵਿੱਚ ਵੀ ਠੋਸ ਕਾਰਵਾਈ ਨਹੀਂ ਕੀਤੀ। ਮੁਲਜ਼ਮ ਦੇ ਪੁੱਤਰ ਨੂੰ ਬਚਾਇਆ ਜਾ ਰਿਹਾ ਹੈ। ਉਹ ਇਨਸਾਫ਼ ਲੈਕੇ ਹਟਣਗੇ।
ਮ੍ਰਿਤਕ ਦੇ ਚਚੇਰੇ ਭਰਾ ਹਰੀ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਤਲ ਤੋਂ 5 ਦਿਨਾਂ ਦੇ ਅੰਦਰ ਮੁਲਜ਼ਮ ਦੇ ਲੜਕੇ ਦਮਨ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਡੇਢ ਮਹੀਨਾ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਾ ਹੋਣ 'ਤੇ ਉਨ੍ਹਾਂ ਨੂੰ ਧਰਨਾ ਦੇਣਾ ਪਿਆ। ਪਿਛਲੇ ਦਿਨੀਂ ਧਰਨਾ ਲਾਇਆ ਸੀ ਤਾਂ ਅੱਧੀ ਰਾਤ ਨੂੰ ਪੁਲਿਸ ਨੇ 5 ਦਿਨਾਂ ਦਾ ਸਮਾਂ ਮੰਗ ਕੇ ਧਰਨਾ ਚੁਕਵਾਇਆ ਸੀ। ਅੱਜ ਤੱਕ ਦੋਸ਼ੀ ਨਹੀਂ ਫੜਿਆ ਗਿਆ। ਹੁਣ ਉਹ ਧਰਨਾ ਨਹੀਂ ਚੁੱਕਣਗੇ।
23 ਜੂਨ ਦੀ ਰਾਤ ਨੂੰ ਹੋਇਆ ਕਤਲ
ਪਿੰਡ ਇਕੋਲਾਹਾ ਵਿਖੇ 23 ਜੂਨ 2024 ਨੂੰ ਕਬੂਤਰ ਉਡਾਉਣ ਦੇ ਮੁਕਾਬਲੇ ਕਰਵਾਏ ਗਏ ਸੀ। ਸ਼ਾਮ 5 ਵਜੇ ਮੁਕਾਬਲਾ ਸਮਾਪਤ ਹੋਣ ਉਪਰੰਤ ਜੇਤੂਆਂ ਨੂੰ ਇਨਾਮ ਵੰਡੇ ਗਏ ਸੀ। ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ ਵੀ-ਦੀਪ ਆਪਣੀ ਕਾਰ 'ਚ ਸ਼ਾਮ 7.30 ਵਜੇ ਦੇ ਕਰੀਬ ਗੁਰਦੁਆਰਾ ਸੰਗਤਸਰ ਸਾਹਿਬ ਦੇ ਸਾਹਮਣੇ ਵਾਲੇ ਚੌਕ 'ਚ ਜਦੋਂ ਗੁਰਦੀਪ ਸਿੰਘ ਮਾਣਾ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ। ਇਸ ਦੌਰਾਨ ਗੁਰਦੀਪ ਸਿੰਘ ਮਾਣਾ ਨੇ ਟਿੰਕੂ ਨਾਮਕ ਵਿਅਕਤੀ ਨੂੰ ਕਬੂਤਰਬਾਜ਼ੀ ਮੁਕਾਬਲੇ ਵਿੱਚ ਬੁਲਾਉਣ ’ਤੇ ਗੁੱਸਾ ਜ਼ਾਹਰ ਕੀਤਾ ਸੀ। ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਿੱਕੀ ਵਿਚਕਾਰ ਕਾਫੀ ਬਹਿਸ ਹੋ ਗਈ ਸੀ। ਜਿਸ ਤੋਂ ਬਾਅਦ ਦੋਵੇਂ ਆਪਣੇ ਘਰ ਚਲੇ ਗਏ ਸੀ।
ਰਾਤ ਕਰੀਬ 9 ਵਜੇ ਪੰਜਾਬੀ ਗਾਇਕ ਵੀ-ਦੀਪ ਆਪਣੇ ਲੜਕੇ ਦਮਨ ਔਜਲਾ ਦੇ ਨਾਲ ਗੁਰਦੀਪ ਸਿੰਘ ਮਾਣਾ ਦੇ ਘਰ ਦੇ ਬਾਹਰ ਆਇਆ ਅਤੇ ਲਲਕਾਰੇ ਮਾਰਨ ਲੱਗਾ ਸੀ। ਜਦੋਂ ਮਾਣਾ ਘਰੋਂ ਬਾਹਰ ਆਇਆ ਤਾਂ ਪਿਓ-ਪੁੱਤ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦਮਨ ਔਜਲਾ ਨੇ ਹੱਥ ਵਿੱਚ ਫੜੀ ਲੋਹੇ ਦੀ ਰਾਡ ਗੁਰਦੀਪ ਸਿੰਘ ਮਾਣਾ ਦੇ ਸਿਰ ’ਤੇ ਮਾਰੀ ਸੀ। ਜਿਸ ਕਾਰਨ ਮਾਣਾ ਖੂਨ ਨਾਲ ਲੱਥਪੱਥ ਹਾਲਤ 'ਚ ਜ਼ਮੀਨ 'ਤੇ ਡਿੱਗ ਗਿਆ ਸੀ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ। ਦੋਸ਼ੀ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ ਸੀ। ਪੁਲਿਸ ਨੇ ਬਾਅਦ 'ਚ ਪੰਜਾਬੀ ਗਾਇਕ ਨੂੰ ਫੜ ਲਿਆ ਸੀ।