Trending Photos
Machhiwara News (ਵਰੁਣ ਕੌਸ਼ਲ): ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਸ਼ਹਿਰ ਮਾਛੀਵਾੜਾ ਲਈ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਹੀ ਪਹਿਲਾ ਇਤਿਹਾਸਕ ਫੈਸਲਾ ਲਿਆ ਗਿਆ। ਇਸ ਤਹਿਤ ਹੁਣ ਸ਼ਰਾਬ ਦੇ ਠੇਕੇ ਹੁਣ ਸ਼ਹਿਰ ਦੀ ਹਦੂਦ ਤੋਂ ਬਾਹਰ ਹੋਣਗੇ।
ਅੱਜ ਨਗਰ ਕੌਂਸਲ ਮਾਛੀਵਾੜਾ ਦੇ ਚੁਣੇ ਗਏ ਪ੍ਰਧਾਨ ਤੇ ਕੌਂਸਲਰਾਂ ਦੀ ਪਹਿਲੀ ਮੀਟਿੰਗ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂਹ ਕੌਂਸਲਰਾਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਮਾਛੀਵਾੜਾ ਸ਼ਹਿਰ ਜੋ ਗੁਰੂਆਂ, ਪੀਰਾਂ ਦੀ ਧਰਤੀ ਹੋਣ ਕਾਰਨ ਪਵਿੱਤਰ ਸ਼ਹਿਰ ਨੂੰ ਜਿਸ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਹੁਣ ਜੋ ਵੀ ਸ਼ਰਾਬ ਦੇ ਠੇਕੇ ਸ਼ਹਿਰ ਅੰਦਰ ਹਨ ਉਹ ਹਦੂਦ ਤੋਂ ਬਾਹਰ ਕੀਤੇ ਜਾਣਗੇ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਬੇਸ਼ੱਕ ਮਾਛੀਵਾੜਾ ਨੂੰ ਸਾਹਿਬ ਦਾ ਦਰਜਾ ਮਿਲਿਆ ਹੋਇਆ ਹੈ ਪਰ ਇਸ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਨਗਰ ਕੌਂਸਲ ਅਹਿਮ ਫੈਸਲੇ ਲਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਤੇ ਤੋਂ ਬਾਅਦ ਆਉਣ ਵਾਲੇ ਨਵੇਂ ਮਾਲੀ ਸੀਜ਼ਨ ਦੌਰਾਨ ਸ਼ਰਾਬ ਦੇ ਠੇਕੇ ਸ਼ਹਿਰ ਦੀ ਹਦੂਦ ਤੋਂ ਬਾਹਰ ਹੋਣਗੇ।
ਇਸ ਤੋਂ ਇਲਾਵਾ ਇੱਕ ਹੋਰ ਅਹਿਮ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੱਕ ਅਤੇ ਚਰਨ ਕੰਵਲ ਚੌਂਕ ਤੋਂ ਲੈ ਕੇ ਇਤਿਹਾਸਕ ਪੁਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਰ ਤੱਕ ਜੋ ਸੜਕਾਂ ’ਤੇ ਨਾਜਾਇਜ਼ ਕਬਜ਼ੇ ਹਨ ਉਨ੍ਹਾਂ ਨੂੰ ਹਟਾ ਕੇ ਇਸ ਥਾਂ ਉੱਪਰ ਹੈਰੀਟੇਜ ਲਾਈਟਾਂ, ਸਜਾਵਟੀ ਬੂਟੇ ਲਗਾਏ ਜਾਣਗੇ।
ਇਹ ਵੀ ਪੜ੍ਹੋ : Punjab Weather News: ਪੱਛਮੀ ਗੜਬੜੀ ਸਰਗਰਮ; ਪੰਜਾਬ ਤੇ ਚੰਡੀਗੜ੍ਹ ਵਿੱਚ ਮੁੜ ਬਦਲੇਗਾ ਮੌਸਮ
ਨਗਰ ਕੌਂਸਲ ਦੀ ਜੋ ਜੇਸੀਬੀ ਮਸ਼ੀਨ ਅਤੇ ਸਫ਼ਾਈ ਸੀਵਰੇਜ ਵਾਲੀ ਮਸ਼ੀਨ ਹੈ ਉਸ ਨੂੰ ਪ੍ਰਾਈਵੇਟ ਤੌਰ ’ਤੇ ਵਰਤੋਂ ਵਿੱਚ ਲਿਆਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਤੋਂ ਕਿਰਾਇਆ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਹਿੱਤਾਂ ਲਈ ਵਿਕਾਸ ਕਾਰਜਾਂ ਲਈ ਮਤੇ ਪਾਸ ਕੀਤੇ ਗਏ।
ਇਹ ਵੀ ਪੜ੍ਹੋ : Mahakumbh Stampede News: ਮਹਾਕੁੰਭ 'ਚ ਭਗਦੜ ਦੌਰਾਨ 10 ਤੋਂ ਵਧ ਲੋਕਾਂ ਦੀ ਮੌਤ ਦਾ ਖ਼ਦਸ਼ਾ; ਅੰਮ੍ਰਿਤ ਇਸ਼ਨਾਨ ਮੁਲਤਵੀ