Nangal News: ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਤੇ ਸਰਕਾਰ ਨੂੰ ਇਸ ਸੀਵਰੇਜ ਅਤੇ ਰਸਤੇ ਦੀ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਹੱਲ ਨਾ ਹੋਇਆ ਤੇ ਲਗਭਗ ਚਾਰ ਪੰਜ ਮਹੀਨੇ ਤੋਂ ਕੰਮ ਬਿਲਕੁਲ ਹੀ ਬੰਦ ਪਿਆ ਹੋਇਆ ਹੈ।
Trending Photos
Nangal News(ਬਿਮਲ ਕੁਮਾਰ): ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 11 ਦੇ ਵਿੱਚ ਸੀਵਰੇਜ ਦਾ ਚੱਲ ਰਿਹਾ ਕੰਮ ਤੇ ਸੜਕ ਟੁੱਟੀ ਹੋਣ ਕਰਕੇ ਪਿਛਲੇ ਪੰਜ ਸਾਲਾਂ ਤੋਂ ਇਸ ਵਾਰਡ ਦੇ ਵਸਨੀਕ ਨਰਕ ਭਰੀ ਜਿੰਦਗੀ ਦਾ ਸੰਤਾਪ ਝੱਲ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਸੀਵਰੇਜ ਅਤੇ ਰਾਹ ਦੀ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਹੱਲ ਨਾ ਹੋਇਆ ।
ਗੌਰਤਲਬ ਹੈ ਕਿ ਨੰਗਲ ਦੇ ਵਾਰਡ ਨੰਬਰ 11 ਦੇ ਰੇਲਵੇ ਫਾਟਕ ਦੇ ਕੋਲ ਸੀਵਰੇਜ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਰੁਕਿਆ ਹੋਇਆ ਸੀ ਜਿਸ ਨੂੰ ਸਚਾਰੂ ਰੂਪ ਦੇ ਨਾਲ ਚਲਾਉਣ ਲਈ ਸੜਕ ਨੂੰ ਪੁੱਟਿਆ ਗਿਆ ਤੇ ਵੱਡੀਆਂ ਪਾਈਪਾਂ ਪਾ ਕੇ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਪਹੁੰਚਾਇਆ ਗਿਆ ਪ੍ਰੰਤੂ ਇਸ ਪਟਾਈ ਦੇ ਚਲਦਿਆਂ ਇੱਥੇ ਰਹਿਣ ਵਾਲੇ ਵਸਨੀਕਾਂ ਦੀ ਜ਼ਿੰਦਗੀ ਨਰਕ ਵਰਗੀ ਬਣ ਚੁੱਕੀ ਹੈ ਕਿਉਂਕਿ ਪਿਛਲੇ ਪੰਜ ਸਾਲ ਤੋਂ ਨਾ ਤਾਂ ਇੱਥੇ ਸੜਕ ਬਣੀ ਹੈ ਤੇ ਨਾ ਹੀ ਸੀਵਰੇਜ ਦਾ ਕੰਮ ਸਿਰੇ ਚੜ੍ਹਿਆ ਹੈ।
ਇਸ ਥਾਂ ਦੇ ਬਿਲਕੁਲ ਨਾਲ ਇੱਕ ਮੰਦਰ ਹੈ ਤੇ ਤਕਰੀਬਨ 50 ਮੀਟਰ ਦੀ ਦੂਰੀ ਤੇ ਇੱਕ ਗੁਰਦੁਆਰਾ ਸਾਹਿਬ ਹੈ, ਪਰ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਫਿਕਰ ਨਹੀਂ ਲੱਗਦਾ। ਖਾਸ ਤੌਰ 'ਤੇ ਬਰਸਾਤ ਦੇ ਦਿਨਾਂ ਵਿੱਚ ਇਸ ਰਸਤੇ ਤੋਂ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ । ਇਸ ਰਸਤੇ ਤੋਂ ਫਾਟਕ ਟੱਪ ਕੇ ਅੱਗੇ ਚਾਰ ਤੋਂ ਪੰਜ ਪਿੰਡ ਪੈਂਦੇ ਹਨ ਤੇ ਲੋਕਾਂ ਦਾ ਇਸ ਰਸਤੇ ਤੋਂ ਲੰਘਣਾ ਬਹੁਤ ਔਖਾ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਤੇ ਸਰਕਾਰ ਨੂੰ ਇਸ ਸੀਵਰੇਜ ਅਤੇ ਰਸਤੇ ਦੀ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਹੱਲ ਨਾ ਹੋਇਆ ਤੇ ਲਗਭਗ ਚਾਰ ਪੰਜ ਮਹੀਨੇ ਤੋਂ ਕੰਮ ਬਿਲਕੁਲ ਹੀ ਬੰਦ ਪਿਆ ਹੋਇਆ ਹੈ।
ਲੋਕਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਕਿ ਇਸ ਬੰਦ ਪਏ ਸੀਵਰੇਜ ਦੇ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਅਤੇ ਪੱਕੀ ਸੜਕ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਕਿ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਸਥਾਈ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੜਕ ਜਾਮ ਕਰਕੇ ਇੱਕ ਵੱਡਾ ਸੰਘਰਸ਼ ਕੀਤਾ ਜਾਵੇਗਾ।
ਇਸ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਅਤੇ ਵਾਰਡ ਕੌਂਸਲਰ ਮੀਨਾਕਸ਼ੀ ਬਾਲੀ ਦਾ ਕੀ ਕਹਿਣਾ ਹੈ ਕਿ ਸੰਬੰਧਿਤ ਵਿਭਾਗਾਂ ਵੱਲੋਂ ਦੇਰੀ ਕੀਤੀ ਗਈ ਹੈ। ਇਸ ਲਈ ਨਗਰ ਕੌਂਸਲ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਬਾਰ-ਬਾਰ ਇਸ ਮਾਮਲੇ ਨੂੰ ਚੁੱਕਿਆ ਗਿਆ ਹੈ ਪਰੰਤੂ ਲੰਬੇ ਸਮੇਂ ਤੋਂ ਇਹ ਮਾਮਲਾ ਲਟਕ ਰਿਹਾ ਹੈ ਅਤੇ ਉਹ ਵੀ ਚਾਹੁੰਦੇ ਹਨ ਕਿ ਇਸ ਸਮੱਸਿਆ ਦਾ ਸਥਾਈ ਹੱਲ ਹੋਵੇ ਤੇ ਲੋਕ ਪਰੇਸ਼ਾਨੀ ਦੇ ਆਲਮ ਚੋਂ ਬਾਹਰ ਨਿਕਲਣ।