Trending Photos
ਚੰਡੀਗੜ੍ਹ: ਕਹਿੰਦੇ ਹਨ ਜਦੋਂ ਕਿਸਮਤ ਬਦਲਦੀ ਹੈ ਤਾਂ ਇਨਸਾਨ ਨੂੰ ਕੁਝ ਵੀ ਪਤਾ ਨਹੀਂ ਲੱਗਦਾ, ਅਜਿਹਾ ਹੀ ਹੋਇਆ ਸਾਈਕਲ ਪੈਂਚਰਾਂ ਦੀ ਦੁਕਾਨ ਕਰਨ ਵਾਲੇ ਹੁਸ਼ਿਆਰਪੁਰ ਦੇ ਪਰਮਿੰਦਰ ਸਿੰਘ ਨਾਲ।
ਪਰਮਿੰਦਰ ਸਿੰਘ ਜੋ ਕੱਲ੍ਹ ਤੱਕ ਸਾਇਕਲਾਂ ਦੇ ਪੈਂਚਰ ਲਾ ਕੇ ਗੁਜਾਰਾ ਕਰਦਾ ਸੀ, ਅੱਜ ਉਸਦੀ ਕਿਸਮਤ ਨੇ ਪਲਟੀ ਖਾਧੀ ਹੈ। ਦਰਅਸਲ ਪਰਮਿੰਦਰ ਨੇ ਨਾਗਾਲੈਂਡ ਦੀ ਪੂਜਾ ਸਪੈਸ਼ਲ ਬੰਪਰ ਦੀ ਅਕਤੂਬਰ ਦੇ ਪਹਿਲੇ ਹਫ਼ਤੇ ’ਚ ਲਾਟਰੀ ਖ਼ਰੀਦੀ ਸੀ, ਜਿਸ ’ਚ ਉਸਦੀ 3 ਕਰੋੜ ਦੀ ਲਾਟਰੀ ਨਿਕਲ ਗਈ ਹੈ।
ਪਰਮਿੰਦਰ ਸਿੰਘ ਨੇ ਦੱਸਿਆ ਕਿ ਗੜ੍ਹਸ਼ੰਕਰ ਰੋਡ ’ਤੇ ਉਸਦੀ ਸਾਈਕਲ ਪੈਂਚਰਾਂ ਦੀ ਦੁਕਾਨ ਹੈ ਅਤੇ ਉਹ ਹਰ ਰੋਜ਼ਾਨਾ ਕਰੋੜਪਤੀ ਪ੍ਰੋਗਰਾਮ ਦੇਖਦਾ ਰਹਿੰਦਾ ਸੀ। ਉਸਦੀ ਇੱਛਾ ਸੀ ਕਿ ਉਹ ਕਰੋੜਪਤੀ ਪ੍ਰੋਗਰਾਮ ’ਚ ਭਾਗ ਲਵੇ, ਆਪਣੀ ਇੱਛਾ ਪੂਰੀ ਕਰਨ ਲਈ ਉਹ ਗਿਆਨ ਵਧਾਉਣ ਲਈ ਅਖ਼ਬਾਰਾਂ ਪੜ੍ਹਦਾ ਰਹਿੰਦਾ ਸੀ। ਅਖ਼ਬਾਰ ’ਚ ਦੇਖ ਕੇ ਹੀ ਉਹ ਲਾਟਰੀਆਂ ਵੀ ਖ਼ਰੀਦਦਾ ਰਹਿੰਦਾ ਸੀ।
ਉਸ ਨੇ ਦੱਸਿਆ ਕਿ ਇਸ ਵਾਰ ਲਾਟਰੀ ਏਜੰਟ ਪਰਮਜੀਤ ਸਿੰਘ ਅਗਨੀਹੋਤਰੀ ਨੇ ਉਸਨੂੰ ਕਿਸੇ ਹੋਰ ਰਾਜ ਦੀ ਲਾਟਰੀ ਖ਼ਰੀਦਣ ਦੀ ਸਲਾਹ ਦਿੱਤੀ ਤਾਂ ਉਸਨੇ ਨਾਗਾਲੈਂਡ ਦੀ ਪੂਜਾ ਬੰਪਰ ਖ਼ਰੀਦ ਲਈ। ਉਸਨੇ ਦੱਸਿਆ ਕਿ ਪਹਿਲਾਂ ਤਾ ਉਸਨੂੰ ਯਕੀਨ ਹੀ ਨਹੀਂ ਹੋਇਆ ਪਰ ਜਦੋਂ ਉਸਨੇ ਨੰਬਰ ਮਿਲਾਏ ਤਾਂ ਉਹ ਹੱਕਾ ਬੱਕਾ ਰਹਿ ਗਿਆ । ਉਸ ਦੁਆਰਾ ਖ਼ਰੀਦੀ ਲਾਟਰੀ ਦੇ ਨੰਬਰ ਡਰਾਅ ’ਚ ਨਿਕਲੇ ਨੰਬਰਾਂ ਨਾਲ ਮੇਲ ਖਾ ਰਹੇ ਸਨ।
ਪਰਮਿੰਦਰ ਨੇ ਇਸ ਮੌਕੇ ਕਿਹਾ ਕਿ ਭਾਵੇਂ ਉਹ ਕਰੋੜਪਤੀ ਬਣ ਗਿਆ ਹੈ, ਪਰ ਉਹ ਦੌਲਤ ਹਾਸਲ ਕਰਨ ਤੋਂ ਬਾਅਦ ਵੀ ਆਪਣਾ ਰੁਜ਼ਗਾਰ ਨਹੀਂ ਛੱਡੇਗਾ। ਉਸਨੇ ਇੱਛਾ ਪ੍ਰਗਟਾਈ ਕਿ ਇਨ੍ਹਾਂ ਪੈਸਿਆਂ ਨਾਲ ਉਹ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਵੀ ਕਰੇਗਾ।