Samrala News: ਸਮਰਾਲਾ ਨਜ਼ਦੀਕੀ ਪਿੰਡ ਮੁਸ਼ਕਾਬਾਦ ਵਿੱਚ ਲੱਗਣ ਵਾਲੀ ਗੈਸ ਫੈਕਟਰੀ ਦੇ ਅੱਗੇ ਪਿੰਡ ਵਾਸੀਆਂ ਨੇ ਪੱਕਾ ਧਰਨਾ ਸ਼ੁਰੂ ਕਰਕੇ ਵੋਟਾਂ ਦੇ ਬਾਇਕਾਟ ਦਾ ਐਲਾਨ ਕਰ ਦਿੱਤਾ ਹੈ।
Trending Photos
Samrala News (ਵਰੁਣ ਕੌਸ਼ਲ): ਮੁਸ਼ਕਾਬਾਦ ਵਿੱਚ ਲੱਗਣ ਵਾਲੀ ਗੈਸ ਫੈਕਟਰੀ ਦੇ ਅੱਗੇ ਪਿਛਲੇ 5 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਲੱਗੇ ਪੱਕੇ ਧਰਨੇ ਤੋਂ ਬਾਅਦ ਹੁਣ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਹਰ ਮੋੜ ਉਤੇ ਬੈਨਰ ਲਗਾਏ ਗਏ ਜਿਸ ਵਿੱਚ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ।
ਪਿੰਡ ਮੁਸ਼ਕਾਬਾਦ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਵੱਲੋਂ ਪਿਛਲੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਨੈਸ਼ਨਲ ਹਾਈਵੇ ਉਤੇ ਵੀ ਧਰਨਾ ਲਗਾਇਆ ਸੀ, ਜਿਸ ਨੂੰ ਪ੍ਰਸ਼ਾਸਨ ਨੇ ਕੁਝ ਸਮੇਂ ਦੀ ਮੋਹਲਤ ਮੰਗ ਕੇ ਧਰਨਾ ਮੁਅੱਤਲ ਕਰਵਾਇਆ ਸੀ। ਪਿੰਡ ਵਾਸੀਆਂ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਮੇਟੀ, ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰ ਅਣਮਿੱਥੇ ਸਮੇਂ ਲਈ ਧਰਨਾ ਉਤੇ ਬੈਠ ਗਏ ਹਨ।
ਸਮਰਾਲਾ ਪ੍ਰਸ਼ਾਸਨ ਵੱਲੋਂ ਇਸ ਫੈਕਟਰੀ ਨੂੰ ਬੰਦ ਕਰਵਾਉਣ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਮੂਹ ਜਥੇਬੰਦੀਆਂ ਨੇ ਮਤਾ ਪਾਸ ਕੀਤਾ ਕਿ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ 4 ਮਈ ਤੋਂ ਫੈਕਟਰੀ ਦੇ ਗੇਟ ਸਾਹਮਣੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਸ਼ੁਰੂ ਕੀਤਾ ਹੋਇਆ ਹੈ, ਜਦੋਂ ਤੱਕ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਦੋਂ ਤੱਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ।
ਪਿੰਡ ਵਾਲਿਆਂ ਵੱਲੋਂ ਅੱਜ ਪਿੰਡ ਦੇ ਹਰ ਮੋੜ ਉੱਤੇ ਬੈਨਰ ਲਗਾਏ ਗਏ ਜਿਨ੍ਹਾਂ ਵਿੱਚ ਸਪੱਸ਼ਟ ਤੌਰ ਉਤੇ ਲਿਖਿਆ ਹੋਇਆ ''ਚੋਣਾਂ ਦਾ ਬਾਈਕਾਟ'' ਕੀਤਾ ਗਿਆ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬਾਇਓਗੈਸ ਫੈਕਟਰੀ ਦਾ ਵਿਰੋਧ ਕਰਨ ਉਤੇ ਵੀ ਸਰਕਾਰ ਦੀ ਕੰਨਾਂ ਉਤੇ ਜੂੰ ਤੱਕ ਨਹੀਂ ਰੇਂਗੀ, ਜਿਸ ਤੋਂ ਮਜਬੂਰ ਹੋ ਹੁਣ ਪਿੰਡ ਵਾਲਿਆਂ ਵੱਲੋਂ ਇਹ ਲੋਕ ਸਭਾ ਚੋਣਾਂ ਵਿੱਚ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ। ਪਿੰਡ ਵਾਲਿਆਂ ਵੱਲੋਂ ਰੋਸ ਵਿੱਚ ਇਥੋਂ ਤੱਕ ਕਹਿ ਦਿੱਤਾ ਕਿ ਪਿੰਡ ਵਿੱਚ ਕੋਈ ਵੀ ਬੂਥ ਲੱਗਣ ਨਹੀਂ ਦਿੱਤਾ ਜਾਵੇਗਾ।
ਦੂਜੇ ਪਾਸੇ ਇਸ ਪਿੰਡ ਵਿੱਚ ਲੋਕ ਸਭਾ ਚੋਣਾਂ ਵਿੱਚ ਵੋਟਾਂ ਦੇ ਬਾਈਕਾਟ ਦੇ ਲਗਾਏ ਗਏ ਬੈਨਰਾਂ ਬਾਰੇ ਬੋਲਦੇ ਹੋਏ ਰਜਨੀਸ਼ ਅਰੋੜਾ ਐਸਡੀਐਮ ਸਮਰਾਲਾ ਨੇ ਦੱਸਿਆ ਕਿ ਹਰ ਇੱਕ ਇਨਸਾਨ ਨੂੰ ਵੋਟ ਦਾ ਅਧਿਕਾਰ ਹੈ ਜੇ ਉਨ੍ਹਾਂ ਨੂੰ ਕਿਸੇ ਪ੍ਰਤੀ ਰੋਸ ਹੈ ਤਾਂ ਉਸਦੇ ਉਲਟ ਵੋਟ ਪਾ ਕੇ ਰੋਸ ਜ਼ਾਹਿਰ ਕਰਨ। ਜੇਕਰ ਉਮੀਦਵਾਰ ਸਹੀ ਨਹੀਂ ਤਾਂ ਉਹ ਨੋਟਾਂ ਨੂੰ ਵੋਟ ਪਾ ਸਕਦੇ ਹਨ ਪਰ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਅਜਿਹਾ ਕੰਮ ਨਾ ਕਰੀਏ ਜਿਸ ਨਾਲ ਕਾਨੂੰਨੀ ਵਿਘਨ ਪਵੇ।
ਇਹ ਵੀ ਪੜ੍ਹੋ : AAP Conference: ਅਮਿਤ ਸ਼ਾਹ ਨੂੰ ਪੀਐਮ ਬਣਾਉਣ ਲਈ ਨਰਿੰਦਰ ਮੋਦੀ ਵੋਟਾਂ ਮੰਗ ਰਹੇ-ਕੇਜਰੀਵਾਲ