Trending Photos
Mohali News: ਪੰਜਾਬ ਪੁਲਿਸ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਵਰੰਟ ਅਫਸਰ ਦੀ ਕੁੱਟਮਾਰ ਕਰਨੀ ਹੁਣ ਮਹਿੰਗੀ ਪੈ ਸਕਦੀ ਹੈ ਕਿਉਂਕਿ ਹੁਣ ਹਾਈ ਕੋਰਟ ਨੇ ਇਸ ਨੂੰ ਗੰਭੀਰ ਮਾਮਲਾ ਦੱਸਦਿਆਂ ਡੀਜੀਪੀ ਤੋਂ ਰਿਪੋਰਟ ਤਲਬ ਕਰਨ ਲਈ ਹੈ ਅਤੇ ਇਸ ਮਾਮਲੇ ਵਿੱਚ ਮੋਹਾਲੀ ਦੇ ਐਸਐਸਪੀ ਦੀ ਭੂਮਿਕਾ ਦੀ ਜਾਂਚ ਕਰਨ ਲਈ ਵੀ ਇੱਕ ਆਈਜੀ ਪੱਧਰ ਦੇ ਅਧਿਕਾਰੀ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ।
ਜਾਣੋ ਕੀ ਹੈ ਮਾਮਲਾ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ 8 ਮਾਰਚ 2024 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਇੱਕ ਈਮੇਲ ਰਾਹੀਂ ਜਾਣਕਾਰੀ ਮਿਲੀ ਸੀ ਕਿ ਮੋਹਾਲੀ ਦੇ ਮਟੌਰ ਥਾਣੇ ਵਿੱਚ ਸਪੈਸ਼ਲ ਸੈਲ ਵਿੱਚ ਪਟੀਸ਼ਨਕਰਤਾ ਧਰਮਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੂੰ ਰੱਖਿਆ ਹੋਇਆ ਹੈ ਜਿਸ ਉਤੇ 20 ਮਾਰਚ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਨਐਸ ਸ਼ੇਖਾਵਤ ਨੇ ਇਸ ਨੂੰ ਹੈਬੀਅਸ ਕਾਰਪੋਸ ਪਟੀਸ਼ਨ ਮਨ ਲਿਆ।
ਮਨੋਜ ਕਸ਼ਯਪ ਨਾਂ ਦੇ ਵਿਅਕਤੀ ਨੂੰ ਇਸ ਮਾਮਲੇ 'ਚ ਵਾਰੰਟ ਅਫ਼ਸਰ ਨਿਯੁਕਤ ਕਰ ਦਿੱਤਾ ਤੇ ਉਹ 21 ਮਾਰਚ 2024 ਨੂੰ ਸਵੇਰੇ ਹਾਈ ਕੋਰਟ ਤੋਂ ਟੈਕਸੀ ਕਰਕੇ 10 ਵਜ ਕੇ 40 ਮਿੰਟ ਮਟੌਰ ਥਾਣੇ ਦੇ ਸਪੈਸ਼ਲ ਸੈਲ ਵਿੱਚ ਪਹੁੰਚਿਆ ਪਰ ਉੱਥੇ ਨਰਿੰਦਰ ਕੁਮਾਰ ਨਾਮ ਦੇ ਸੰਤਰੀ ਨੇ ਉਸ ਨੂੰ ਥਾਣੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਜਦੋਂ ਉਸ ਨੇ ਇਹ ਦੱਸਿਆ ਕਿ ਉਹ ਹਾਈ ਕੋਰਟ ਵੱਲੋਂ ਨਿਯੁਕਤ ਕੀਤਾ ਗਿਆ ਵਾਰੰਟ ਅਫਸਰ ਹੈ ਤਾਂ ਉਸ ਸਮੇਂ ਇੱਕ ਨੀਲੀ ਸ਼ਰਟ ਪਹਿਨਿਆ ਹੋਇਆ ਵਿਅਕਤੀ ਮਨੋਜ ਕਸ਼ਯਪ ਕੋਲ ਆਇਆ ਅਤੇ ਉਸ ਨੂੰ ਕਿਹਾ ਕਿ ਉਹ ਐਸਐਸਪੀ ਸਾਹਿਬ ਨਾਲ ਗੱਲ ਕਰਨ।
ਇਸ ਸਬੰਧੀ ਮਨੋਜ ਕਸ਼ਯਪ ਨੇ ਜਿਹੜੀ ਹਾਈ ਕੋਰਟ ਨੂੰ ਆਪਣੀ ਰਿਪੋਰਟ ਸੌਂਪੀ ਉਸ 'ਚ ਅੱਗੇ ਦੱਸਿਆ ਕਿ ਉਸ ਨੇ ਗੂਗਲ ਉਤੇ ਐਸਐਸਪੀ ਮੋਹਾਲੀ ਨੂੰ ਸਰਚ ਕੀਤਾ ਤਾਂ ਇਹ ਜਾਣਕਾਰੀ ਮਿਲੀ ਕਿ ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਹਨ ਅਤੇ ਦਿੱਤੇ ਹੋਏ ਪਹਿਲੇ ਨੰਬਰ ਉਤੇ ਜਦੋਂ ਫੋਨ ਕੀਤਾ ਤਾਂ ਉਹ ਫੋਨ ਉਨ੍ਹਾਂ ਨੇ ਚੁੱਕਿਆ ਨਹੀਂ। ਫਿਰ ਦੁਬਾਰਾ ਉਨ੍ਹਾਂ ਦੇ ਆਫਿਸ ਦੇ ਨੰਬਰ ਉਤੇ ਜਦੋਂ ਫੋਨ ਕੀਤਾ ਗਿਆ ਤਾਂ ਅੱਗਿਓਂ ਇਹ ਜਾਣਕਾਰੀ ਮਿਲੀ ਕਿ ਐਸਐਸਪੀ ਸਾਹਿਬ ਫੀਲਡ ਵਿੱਚ ਗਏ ਹੋਏ ਹਨ।
ਇੰਨੇ ਨੂੰ ਮਟੌਰ ਥਾਣੇ ਵਿੱਚ ਇੱਕ ਗੱਡੀ ਦਾਖਲ ਹੋਈ ਤਾਂ ਕਸ਼ਯਪ ਉਸ ਗੱਡੀ ਦੇ ਨਾਲ ਹੀ ਅੰਦਰ ਦਾਖਲ ਹੋਇਆ ਤਾਂ ਇਕਦਮ ਚਾਰ ਕਮਾਂਡੋਜ਼ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇੰਨੇ ਨੂੰ ਨੀਲੀ ਕਮੀਜ਼ ਪਹਿਨੇ ਹੋਇਆ ਵਿਅਕਤੀ ਫਿਰ ਆਇਆ ਤੇ ਆਪਣੇ ਆਪ ਨੂੰ ਇੰਸਪੈਕਟਰ ਸ਼ਿਵ ਕੁਮਾਰ ਦੱਸਣ ਲੱਗਾ ਅਤੇ ਧੌਂਸ ਵਿੱਚ ਕਿਹਾ ਕਿ ਤੈਨੂੰ ਹੁਣ ਮੈਂ ਆਪਣਾ ਨੰਬਰ ਵੀ ਦੇਵਾਂ ਤੇ ਮਨੋਜ ਕੁਮਾਰ ਨੇ ਨੰਬਰ ਲੈਣ ਤੋਂ ਮਨਾ ਕਰ ਦਿੱਤਾ ਤਾਂ ਇਸ ਦੌਰਾਨ ਉਹ ਥਾਣੇ ਵਿੱਚ ਇੱਕ ਹੋਰ ਇੰਸਪੈਕਟਰ ਗੱਬਰ ਸਿੰਘ ਨੂੰ ਮਿਲਿਆ ਹੈ ਜਿੱਥੇ ਉਹ ਉਨ੍ਹਾਂ ਵਿਅਕਤੀਆਂ ਬਾਰੇ ਪੁੱਛਦਾ ਹੈ ਜਿਨਾਂ ਬਾਰੇ ਉਹ ਪਤਾ ਕਰਨ ਆਇਆ ਸੀ।
ਇਸ ਉਤੇ ਉਸ ਨੂੰ ਥਾਣੇ ਵਿੱਚੋਂ ਇਹ ਜਾਣਕਾਰੀ ਮਿਲੀ ਕਿ ਧਰਮਿੰਦਰ ਸਿੰਘ ਦੇ ਰਿਸ਼ਤੇਦਾਰ ਉਥੇ ਮੌਜੂਦ ਨਹੀਂ ਹਨ ਅਤੇ ਉਸ ਨੇ ਮੌਕੇ ਉਤੇ ਥਾਣੇ ਵਿੱਚ ਆਪਣੇ ਨਾਲ ਬੀਤੀ ਕੁੱਟਮਾਰ ਦੀ ਘਟਨਾ ਦੀ ਇੱਕ ਡੀਡੀਆਰ ਦਾਖਲ ਕਰਵਾਈ ਅਤੇ ਸਾਰੀ ਰਿਪੋਰਟ ਹਾਈ ਕੋਰਟ ਨੂੰ ਸੌਂਪ ਦਿੱਤੀ।
ਹਾਈ ਕੋਰਟ ਨੇ ਦੱਸਿਆ ਇਸ ਨੂੰ ਗੰਭੀਰ ਮਾਮਲਾ
ਇਸ ਸਬੰਧੀ ਹਾਈ ਕੋਰਟ ਦੇ ਜਸਟਿਸ ਐਨ.ਐਸ. ਸ਼ੇਖਾਵਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਕਿਹਾ ਕਿ ਪੁਲਿਸ ਦਾ ਇਹ ਵਤੀਰਾ ਗੈਰਮਨੁੱਖੀ ਹੈ ਅਤੇ ਅਤੇ ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਅਣਮਨੁੱਖੀ-ਘਿਨੌਣੇ ਅਤੇ ਅਪਰਾਧਿਕ ਵਿਹਾਰ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।
ਇਸ ਤਰ੍ਹਾਂ ਦੇ ਕੁ-ਧਰਮ ਨੂੰ ਰੋਕਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰੰਟ ਅਫਸਰ ਨੂੰ ਹਾਈ ਕੋਰਟ ਵੱਲੋਂ ਲਗਾਇਆ ਗਿਆ ਸੀ ਤੇ ਉਸ ਨੂੰ ਡਿਊਟੀ ਕਰਨ ਤੋਂ ਰੋਕਿਆ ਗਿਆ ਅਤੇ ਜਿਹੜਾ ਵਿਹਾਰ ਉਸ ਨਾਲ ਕੀਤਾ ਗਿਆ ਇਕੱਲਾ ਅਪਰਾਧ ਹੀ ਨਹੀਂ ਬਲਕਿ ਹਾਈ ਕੋਰਟ ਦੀ ਉਲੰਘਣਾ ਵੀ ਹੈ।
ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਨੂੰ ਹਾਈ ਕੋਰਟ ਵਿੱਚ ਇਹ ਹਲਫੀਆ ਬਿਆਨ ਦੇਣ ਲਈ ਕਿਹਾ ਹੈ ਕਿ ਇਸ ਘਟਨਾ ਵਿੱਚ ਕੌਣ-ਕੌਣ ਵਿਅਕਤੀ ਸ਼ਾਮਿਲ ਸੀ ? ਉਸ ਸਮੇਂ ਕੌਣ ਕੌਣ ਮੌਜੂਦ ਸੀ ? ਉਨ੍ਹਾਂ ਖਿਲਾਫ ਜੇਕਰ ਐਫਆਈਆਰ ਦਰਜ ਕੀਤੀ ਹੈ ਤਾਂ ਉਸ ਦੀ ਕਾਪੀ ਜਾਂ ਫਿਰ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਦੀ ਜਾਣਕਾਰੀ ਹਾਈ ਕੋਰਟ ਨੂੰ ਦਿੱਤੀ ਜਾਵੇ।
ਇੱਥੇ ਹੀ ਨਹੀਂ ਹਾਈ ਕੋਰਟ ਨੇ ਇਸ ਮਾਮਲੇ ਨੂੰ ਵੀ ਗੰਭੀਰਤਾ ਨਾਲ ਲਿਆ ਕੇ ਐਸਐਸਪੀ ਦੇ ਆਫਿਸ ਦੇ ਟੈਲੀਫੋਨ ਉਠਾਉਣ ਵਾਲੇ ਵਿਅਕਤੀ ਜਿਸ ਨੇ ਹਾਈ ਕੋਰਟ ਦੇ ਵਾਰੰਟ ਅਫਸਰ ਨੂੰ ਸਹਿਯੋਗ ਨਹੀਂ ਕੀਤਾ ਅਤੇ ਨਾਲ ਹੀ ਇਸ ਸਾਰੇ ਮਾਮਲੇ ਸਬੰਧੀ ਹਾਈ ਕੋਰਟ ਨੇ ਡੀਜੀਪੀ ਨੂੰ ਹੁਕਮ ਕੀਤਾ ਕਿ ਉਹ ਇਸ ਮਾਮਲੇ ਦੀ ਜਾਂਚ ਆਈਜੀ ਪੱਧਰ ਦੇ ਅਧਿਕਾਰੀ ਕੋਲੋਂ ਕਰਵਾਉਣ ਜੋ ਕਿ ਖੁਦ ਇਸ ਮਾਮਲੇ ਦੀ ਜਾਂਚ ਕਰੇਗਾ ਅਤੇ ਨਾਲ ਹੀ ਉਹ ਆਈਜੀ ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਦੀ ਭੂਮਿਕਾ ਦੀ ਵੀ ਜਾਂਚ ਕਰੇਗਾ। ਇਹ ਵੀ ਆਦੇਸ਼ ਦਿੱਤਾ ਕਿ ਧਰਮਿੰਦਰ ਸਿੰਘ ਨੇ ਜਿਨ੍ਹਾਂ ਵਿਅਕਤੀਆਂ ਦਾ ਆਪਣੀ ਈਮੇਲ ਵਿੱਚ ਜ਼ਿਕਰ ਕੀਤਾ ਹੈ, ਜਿਸ ਨੂੰ ਪੁਲਿਸ ਚੁੱਕ ਕੇ ਲੈ ਕੇ ਗਈ ਹੈ। ਉਨ੍ਹਾਂ ਨੂੰ 1 ਅਪ੍ਰੈਲ 2024 ਨੂੰ ਹਾਈ ਕੋਰਟ ਵਿੱਚ ਉਨ੍ਹਾਂ ਦੇ ਸਨਮੁੱਖ ਪੇਸ਼ ਕਰਨਗੇ।
ਇਹ ਵੀ ਪੜ੍ਹੋ : Punjab News: ਅਕਾਲੀ-ਭਾਜਪਾ ਗਠਜੋੜ ਦੀਆਂ ਕਿਆਸਰਾਈਆਂ 'ਤੇ ਲੱਗਾ ਵਿਰਾਮ; ਜਾਖੜ ਵੱਲੋਂ ਇਕੱਲਿਆਂ ਚੋਣ ਲੜਨ ਦਾ ਐਲਾਨ