Patiala News: ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 37 ਕਿਸਾਨ ਜਥੇਬੰਦੀਆਂ ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਵਿੱਚ ਪੰਜ ਸਥਾਨਾਂ ਤੋਂ ਦੁਪਹਿਰ ਤਿੰਨ ਵਜੇ ਕਿਸਾਨਾਂ ਮਜ਼ਦੂਰਾਂ ਦੇ ਕਾਫਲੇ ਇਕੱਠੇ ਹੋ ਕੇ ਪਟਿਆਲਾ ਵੱਲ ਕੂਚ ਕਰਨਗੇ।
Trending Photos
Patiala News: ਸੰਯੁਕਤ ਕਿਸਾਨ ਮੋਰਚਾ ਨੇ ਪਟਿਆਲਾ ਫੇਰੀ ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡੱਟਵਾਂ ਵਿਰੋਧ ਕਰਨ ਲਈ ਵਿਉਂਤਬੰਦੀ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਸੰਯੁਕਤ ਕਿਸਾਨ ਮੋਰਚਾ ਵਲੋਂ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਸ਼ਾਂਤਮਈ ਢੰਗ ਨਾਲ ਕਾਲੇ ਝੰਡੇ ਲੈਕੇ ਡੱਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 37 ਕਿਸਾਨ ਜਥੇਬੰਦੀਆਂ ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਵਿੱਚ ਪੰਜ ਸਥਾਨਾਂ ਤੋਂ ਦੁਪਹਿਰ ਤਿੰਨ ਵਜੇ ਕਿਸਾਨਾਂ ਮਜ਼ਦੂਰਾਂ ਦੇ ਕਾਫਲੇ ਇਕੱਠੇ ਹੋ ਕੇ ਪਟਿਆਲਾ ਵੱਲ ਕੂਚ ਕਰਨਗੇ।
ਇਸ ਸਬੰਧੀ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ।
1.ਪਟਿਆਲਾ-ਸਰਹੰਦ ਰੋਡ ਤੇ ਪਿੰਡ ਫੱਗਣ ਮਾਜਰਾ ਅੱਡੇ ਤੇ ਸਥਿਤ ਗੁਰਦੁਆਰਾ ਸਾਹਿਬ ਤੋਂ
2.ਪਟਿਆਲਾ ਪਾਤੜਾਂ ਰੋਡ ਤੇ ਅਸਰਪੁਰ ਚੁਪਕੀ ਤੇ ਸਥਿਤ ਪੁਰਾਣੇ ਟੋਲ ਪਲਾਜ਼ਾ ਵਾਲੇ ਸਥਾਨ ਤੋਂ
3.ਸੰਗਰੂਰ ਰੋਡ ਤੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਤੋਂ
4.ਨਾਭਾ ਰੋਡ ਤੇ ਰੱਖੜਾ ਮੰਡੋੜ ਦੇ ਅੱਡੇ ਤੋਂ
5.ਪਟਿਆਲਾ ਪਹੇਵਾ ਰੋਡ ਤੇ ਪਿੰਡ ਖਾਸੀਆਂ ਦੇ ਅੱਡੇ ਤੋਂ
ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਰਾਮਿੰਦਰ ਸਿੰਘ ਪਟਿਆਲਾ, ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਬੂਟਾ ਸਿੰਘ ਸ਼ਾਦੀਪੁਰ ਅਤੇ ਹਰਬੰਸ ਸਿੰਘ ਦਦਹੇੜਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਕੌਰਜੀਵਾਲਾ, ਬੀਕੇਯੂ ਡਕੌਂਦਾ ਦੇ ਗੁਰਬਚਨ ਸਿੰਘ ਕਨਸੂਹਾ,ਕੁਲ ਹਿੰਦ ਕਿਸਾਨ ਸਭਾ ਦੇ ਕੁਲਵੰਤ ਸਿੰਘ ਮੌਲਵੀਵਾਲਾ, ਬੀਕੇਯੂ ਰਾਜੇਵਾਲ ਦੇ ਹਜੂਰਾ ਸਿੰਘ, ਬੀਕੇਯੂ ਲੱਖੋਵਾਲ ਦੇ ਜਸਵੀਰ ਸਿੰਘ ਖੇੜੀ ਰਾਜੂ, ਕੁਲ ਹਿੰਦ ਕਿਸਾਨ ਸਭਾ ਦੇ ਧਰਮਪਾਲ ਸੀਲ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਇਕਬਾਲ ਸਿੰਘ ਮੰਡੋਲੀ ਆਦਿ ਹਾਜ਼ਰ ਸਨ।
ਕਿਸਾਨ ਆਗੂਆਂ ਨੇ ਪੰਜਾਬ ਦੇ ਸਮੂਹ ਵਰਗਾਂ ਨੂੰ ਅਪੀਲ ਕੀਤੀ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਚਹੇਤੇ ਅਤੇ ਲੋਕ ਦੋਖੀ ਪ੍ਰਧਾਨ ਮੰਤਰੀ ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀ ਵਰਗ ਦੇ ਮੁੱਦਿਆਂ ਦੀ ਕੀਤੀ ਜਾ ਰਹੀ ਲਗਾਤਾਰ ਅਣਦੇਖੀ ਕਾਰਨ ਉਹ ਇਕੱਠਾ ਵਿੱਚ ਸ਼ਾਮਲ ਨਾ ਹੋਣ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨਾਂ ਮਜ਼ਦੂਰਾਂ ਦੇ ਕਾਫਲੇ ਅਨੁਸ਼ਾਸਨਬੱਧ ਅਤੇ ਸ਼ਾਂਤਮਈ ਢੰਗ ਨਾਲ ਕਾਲੇ ਝੰਡੇ ਦਿਖਾਉਣ ਲਈ ਰਵਾਨਾ ਹੋਣਗੇ। ਪੁਲਿਸ ਅਤੇ ਪ੍ਰਸ਼ਾਸਨ ਦੀ ਸਖ਼ਤੀ ਅਤੇ ਜਬਰ ਦਾ ਮੁਕਾਬਲਾ ਸਬਰ ਅਤੇ ਠਰ੍ਹੰਮੇਂ ਨਾਲ ਕਰਨਗੇ।