Trending Photos
Punjab News: ਪੰਜਾਬ ਵਿੱਚ ਬੇਸ਼ੱਕ ਬਾਰਸ਼ ਰੁਕ ਗਈ ਹੈ ਪਰ ਕਈ ਇਲਾਕਿਆਂ 'ਚ ਹੜ੍ਹਾਂ ਦਾ ਖਤਰਾ ਅਜੇ ਵੀ ਬਰਕਰਾਰ ਹੈ। ਇਸ ਦੇ ਨਾਲ ਹੀ ਅੱਜ ਪੰਜਾਬ 'ਚ ਮੌਸਮ ਵਿਭਾਗ ਨੇ ਅੱਜ ਫਿਰ ਤੋਂ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਹੁਣ ਫਿਰ ਬਾਰਿਸ਼ ਹੋਈ ਤਾਂ ਮੁਸੀਬਤ ਖੜ੍ਹੀ ਹੋ ਸਕਦੀ ਹੈ। ਇਸ ਵਿਚਾਲੇ ਜਲੰਧਰ ਜ਼ਿਲ੍ਹੇ ਦੇ ਕਸਬਾ ਲੋਹੀਆਂ ਦੇ ਪਿੰਡ ਗਿੱਦੜਪਿੰਡੀ ਤੋਂ ਇੱਕ ਬੇਹੱਦ ਮੰਦਭਾਗੀ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਵਿੱਚ ਬਣੇ ਦੋਹਾ ਸ਼ਮਸ਼ਾਨ ਘਾਟਾਂ ਵਿੱਚ ਹੜ ਦਾ ਪਾਣੀ ਭਰ ਜਾਣ ਕਾਰਨ ਇੱਕ ਪਰਿਵਾਰ ਨੂੰ ਬਜ਼ੁਰਗ ਦਾ ਅੰਤਿਮ ਸੰਸਕਾਰ ਸੜਕ ਕਿਨਾਰੇ ਹੀ ਕਰਨਾ ਪੈ ਗਿਆ।
ਇਹ ਵੀ ਪੜ੍ਹੋ: Ferozepur Latest News: ਸਤਲੁਜ 'ਚ ਵਹਿ ਗਿਆ ਫਿਰੋਜ਼ਪੁਰ ਦਾ ਪੁਲ, ਕਈ ਪਿੰਡਾਂ ਨਾਲ ਟੁੱਟਿਆ ਸਪੰਰਕ
ਦੱਸ ਦਈਏ ਕਿ ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਵੱਧਣ ਮਗਰੋਂ ਧੁੱਸੀ ਬੰਨ੍ਹ ਟੁੱਟ ਗਿਆ ਸੀ ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਪਿੰਡ ਹੜ੍ਹ ਦੀ ਚਪੇਟ ਵਿੱਚ ਆ ਗਏ ਸਨ। ਬੀਤੀ ਰਾਤ ਜਦੋਂ ਬਜ਼ੁਰਗ ਦੀ ਤਬੀਅਤ ਵਿਗੜੀ ਤਾਂ ਉਸ ਨੂੰ ਹਸਪਤਾਲ ਲਿਜਾਣ ਲਈ ਕੋਈ ਪ੍ਰਬੰਧ ਨਹੀਂ ਹੋ ਪਾਇਆ। ਪਰਿਵਾਰ ਦੇ ਅਨੁਸਾਰ ਬਜ਼ੁਰਗ ਵਿਅਕਤੀ ਬੀਮਾਰ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ।
ਪਰੰਤੂ ਨੈਟਵਰਕ ਨਾ ਹੋਣ ਦੇ ਚਲਦਿਆਂ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਜ਼ਬੂਰਨ ਉਨ੍ਹਾਂ ਨੂੰ ਬਜ਼ੁਰਗ ਦਾ ਅੰਤਿਮ ਸੰਸਕਾਰ ਸੜਕ ਕਿਨਾਰੇ ਹੀ ਕਰਨਾ ਪੈ ਗਿਆ।
ਮੌਸਮ ਵਿਭਾਗ ਅਨੁਸਾਰ ਅੱਜ ਪੂਰੇ ਪੰਜਾਬ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਬਚਾਅ ਕਾਰਜ ਦੀ ਰਫਤਾਰ 'ਚ ਕਮੀ ਆ ਸਕਦੀ ਹੈ। ਦਰਅਸਲ ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1360 ਫੁੱਟ ਹੈ। ਵੈਸੇ ਡੈਮ ਦੀ ਸਮਰੱਥਾ 1430 ਫੁੱਟ ਹੈ ਪਰ ਸੁਰੱਖਿਆ ਕਾਰਨਾਂ ਅਤੇ ਪਿੱਛੇ ਤੋਂ ਪਾਣੀ ਦੇ ਵਹਾਅ ਨੂੰ ਦੇਖਦੇ ਹੋਏ ਡੈਮ ਦੇ ਫਲੱਡ ਗੇਟ 1390 ਜਾਂ 1400 ਫੁੱਟ 'ਤੇ ਖੋਲ੍ਹੇ ਗਏ ਹਨ। ਫਿਲਹਾਲ ਡੈਮ ਵਿੱਚ ਗੇਟ ਖੋਲ੍ਹਣ ਲਈ 30 ਫੁੱਟ ਤੋਂ ਵੀ ਘੱਟ ਪਾਣੀ ਹੈ।
(ਚੰਦਰ ਮੜੀਆ ਦੀ ਰਿਪੋਰਟ)