Stubble Burning cases in Punjab: ਪਰਾਲੀ ਸਾੜਨ ਦੇ ਮੁੱਦੇ 'ਤੇ ਕੇਂਦਰ ਸਰਕਾਰ ਪੰਜਾਬ ਸਰਕਾਰ 'ਤੇ ਸਵਾਲ ਚੁੱਕਦੀ ਜਾ ਰਹੀ ਹੈ ਪਰ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ 24 ਘੰਟਿਆਂ 'ਚ ਸਭ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
Trending Photos
Stubble Burning cases in Punjab: ਜਿੱਥੇ ਕੇਂਦਰ ਤੇ ਪੰਜਾਬ ਸਰਕਾਰ ਪਰਾਲੀ ਸਾੜਨ ਦੇ ਮੁੱਦੇ 'ਤੇ ਆਹਮੋ-ਸਾਹਮਣੇ ਹਨ, ਉੱਥੇ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਵਿੱਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ।
ਰਿਪੋਰਟ ਮੁਤਾਬਕ ਪੰਜਾਬ ਵਿੱਚ 24 ਘੰਟਿਆਂ 'ਚ ਸਭ ਤੋਂ ਵੱਧ 3634 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਟੇਲਾਈਟ ਤਸਵੀਰਾਂ ਲਈਆਂ ਗਈਆਂ ਜਿਸ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪਰਾਲੀ ਸਾੜੀ ਜਾ ਰਹੀ ਹੈ।
ਪੰਜਾਬ ਵਿਚੋਂ ਸਭ ਤੋਂ ਵੱਧ ਮਾਮਲੇ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ ਜਿੱਥੇ 670 ਥਾਵਾਂ ’ਤੇ ਪਰਾਲੀ ਸਾੜੀ ਗਈ ਹੈ। ਗੋਰਤਲਬ ਹੈ ਕਿ ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਹੈ।
ਰਿਪੋਰਟਾਂ ਮੁਤਾਬਕ ਲਗਾਤਾਰ ਪਰਾਲੀ ਸਾੜਨ ਕਰਕੇ ਨਾ ਸਿਰਫ਼ ਦਿੱਲੀ ਦੀ ਹਵਾ ਸਗੋਂ ਪੰਜਾਬ ਦੀ ਹਵਾ ਵੀ ਖ਼ਰਾਬ ਹੋ ਰਹੀ ਹੈ। ਲੁਧਿਆਣਾ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (AQI) 349 'ਤੇ ਪਹੁੰਚ ਗਿਆ ਹੈ ਜਦੋਂ ਕਿ ਚੰਡੀਗੜ੍ਹ ਦਾ AQI 207 ਤੱਕ ਆ ਗਿਆ ਹੈ। ਹਵਾ ਗੁਣਵੱਤਾ ਸੂਚਕਾਂਕ ਦੇ ਅਨੁਸਾਰ 0 ਅਤੇ 50 ਦੇ ਵਿੱਚ ਦੀ ਏਅਰ ਕੁਆਲਿਟੀ ਇੰਡੈਕਸ ਨੂੰ 'ਚੰਗਾ', 51 ਅਤੇ 100 ਦੇ ਵਿਚਕਾਰ 'ਤਸੱਲੀਬਖਸ਼', 101 ਅਤੇ 200 ਦੇ ਵਿਚਕਾਰ 'ਦਰਮਿਆਨ', 201 ਅਤੇ 300 ਵਿਚਕਾਰ 'ਮਾੜਾ', 301 ਅਤੇ 400 ਵਿਚਕਾਰ 'ਖ਼ਤਰਨਾਕ' ਤੇ 401 ਅਤੇ 500 ਨੂੰ 'ਗੰਭੀਰ' ਮੰਨਿਆ ਜਾਂਦਾ ਹੈ।
ਹਾਲ ਹੀ ਵਿੱਚ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਲਾਲਾ ਵਿਖੇ ਪਰਾਲੀ ਨੂੰ ਅੱਗ ਲਾਈ ਜਾ ਰਹੀ ਸੀ ਤੇ ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ। ਹਾਲਾਂਕਿ ਅਜਿਹਾ ਨਾ ਹੋ ਸਕਿਆ ਕਿਉਂਕਿ ਨਾਇਬ ਤਹਿਸੀਲਦਾਰ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਬੰਧਕ ਬਣਾ ਲਿਆ ਗਿਆ ਸੀ।
ਇਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਕਿਸਾਨ ਖੁਦ ਫਾਇਰ ਬ੍ਰਿਗੇਡ ਚਲਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪੁੱਜੇ। ਇਸ ਦੇ ਨਾਲ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪਿੰਡ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਤਾਂ ਸਮੁੱਚੇ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ।
ਜਿੱਥੇ ਬੁੱਧਵਾਰ ਨੂੰ Punjab ਵਿੱਚ stubble burning ਦੇ ਰਿਕਾਰਡ ਮਾਮਲੇ ਸਾਹਮਣੇ ਆਏ ਉੱਥੇ 1 ਨਵੰਬਰ ਨੂੰ ਸੂਬੇ ਵਿੱਚ 1,842 ਖੇਤਾਂ ਨੂੰ ਅੱਗ ਲਗਾਈ ਗਈ ਸੀ। Punjab ਵਿੱਚ stubble burning ਦੇ ਮੁੱਦੇ 'ਤੇ ਕਾਫ਼ੀ ਗਰਮਾ-ਗਰਮੀ ਬਣੀ ਹੋਈ ਹੈ ਤੇ ਹਰ ਵਾਰ ਪੰਜਾਬ 'ਤੇ ਸਵਾਲ ਚੁੱਕੇ ਜਾਂਦੇ ਹਨ।