Sri Muktsar Sahib Maghi Mela Muktsar 2024: ਪੱਵਿਤਰ ਸਰੋਵਰ ਵਿੱਚ ਵੱਡੀ ਗਿਣਤੀ 'ਚ ਸੰਗਤ ਮਾਘੀ ਇਸ਼ਨਾਨ ਕਰ ਰਹੀ ਹੈ। ਅਮ੍ਰਿਤ ਵੇਲੇ ਤੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਸੰਗਤ ਦੀਆਂ ਵੱਡੀਆਂ ਕਤਾਰਾਂ ਲੱਗ ਗਈਆਂ ਹਨ।
Trending Photos
Sri Muktsar Sahib Maghi Mela Muktsar 2024/ ਅਨਮੋਲ ਸਿੰਘ ਵੜਿੰਗ: ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ ਇਤਿਹਾਸਕ ਮਾਘੀ ਮੇਲਾ ਸ਼ੁਰੂ ਹੋ ਗਿਆ ਹੈ। ਅੱਜ ਤੋਂ ਦੇਸ਼-ਵਿਦੇਸ਼ ਤੋਂ ਸੰਗਤਾਂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੀਆਂ। ਦੱਸ ਦਈਏ ਕਿ ਦਸਮ ਪਾਤਸ਼ਾਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਕਰਨ ਲਈ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੇ ਹਨ। ਮਾਘੀ ਮੇਲੇ ਵਿੱਚ ਪੰਜ ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।
ਸ੍ਰੀ ਮੁਕਤਸਰ ਸਾਹਿਬ ਦੀ ਉਹ ਧਰਤੀ ਜਿੱਥੇ ਦਸਮੇਸ ਪਿਤਾ ਵੱਲੋਂ ਮੁਗਲ ਹਕੂਮਤ ਵਿਰੁੱਧ ਆਖਰੀ ਅਤੇ ਫੈਸਲਾਕੁੰਨ ਜੰਗ ਲੜੀ ਗਈ ਅਤੇ ਜਿੱਤ ਪ੍ਰਾਪਤ ਕੀਤੀ। ਇਸ ਜਗਾਹ ਉੱਤੇ ਹੀ ਉਹਨਾਂ 40 ਸਿੱਖਾਂ ਨੇ ਗੁਰੁ ਸਾਹਿਬ ਦਾ ਜੰਗ ਵਿਚ ਸਾਥ ਦਿੱਤਾ ਜੋ ਆਨੰਦਪੁਰ ਸਾਹਿਬ ਵਿਖੇ ਇਹ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀ ਤੁਹਾਡੇ ਸਿੱਖ ਨਹੀਂ। ਮਾਤਾ ਭਾਗ ਕੌਰ ਦੀ ਪ੍ਰੇਰਨਾ ਨਾਲ ਭਾਈ ਮਹਾ ਸਿੰਘ ਦੀ ਅਗਵਾਈ ਵਿੱਚ ਉਹ 40 ਸਿੱਖ ਖਿਦਰਾਣੇ ਦੀ ਇਸ ਢਾਬ ਉੱਤੇ ਪਹੁੰਚੇ ਅਤੇ ਜੰਗ ਵਿੱਚ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਿੱਖ ਇਤਿਹਾਸ ਵਿੱਚ ਇਹਨਾਂ 40 ਸਿੱਖਾਂ ਨੂੰ 40 ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਮਾਘ ਮਹੀਨੇ ਦੀ ਪਹਿਲੀ ਤਰੀਕ ਨੂੰ ਉਹਨਾਂ 40 ਮੁਕਤਿਆਂ ਦੀ ਯਾਦ ਵਿਚ ਮਾਘੀ ਦਾ ਮੇਲਾ ਮਨਾਇਆ ਜਾਂਦਾ ਹੈ। ਅੱਜ ਮਾਘੀ ਮੌਕੇ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਵੀ ਪੱਵਿਤਰ ਸਰੋਵਰ ਵਿਚ ਸੰਗਤ ਵੱਡੀ ਗਿਣਤੀ ਵਿਚ ਇਸ਼ਨਾਨ ਕਰ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਵਿੱਚ ਇਤਿਹਾਸਕ ਮਾਘੀ ਮੇਲੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਟਰੈਫਿਕ ਰੂਟ ਪਲਾਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਰੋਡ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਰੋਡ ਦੇ ਨਜ਼ਦੀਕ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੇ ਸ਼ਹਿਰ ਅੰਦਰ ਦਾਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ |
ਮਾਘੀ ਵਾਲੇ ਦਿਨ 14 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਅਗਲੇ ਦਿਨ 15 ਜਨਵਰੀ ਨੂੰ ਇਹ ਮੇਲਾ ਰਵਾਇਤੀ ਢੰਗ ਨਾਲ ਨਗਰ ਕੀਰਤਨ ਨਾਲ ਸਮਾਪਤ ਹੋਇਆ। ਦੂਰ-ਦੁਰਾਡੇ ਤੋਂ ਲੱਖਾਂ ਲੋਕ ਇੱਥੇ ਪੂਰੀ ਸ਼ਰਧਾ ਭਾਵਨਾ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੇ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੱਡਚੀਰਵੀਂ ਠੰਡ ਨੇ ਲੋਕਾਂ ਦੇ ਕੱਢੇ ਵੱਟ, ਸੜਕਾਂ ਉੱਤੇ ਮੁੜ ਰਫ਼ਤਾਰ ਹੋਈ ਹੌਲੀ