Punjab Weather Today: ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਵਿੱਚ ਇੱਕ ਵਾਰ ਫਿਰ ਤੋਂ ਅਗਲੇ ਪੰਜ ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ।
Trending Photos
Punjab Weather Today: ਪੰਜਾਬ 'ਚ ਹੜ੍ਹ ਦਾ ਪਾਣੀ ਹੌਲੀ-ਹੌਲੀ ਘੱਟਣ ਲੱਗਾ ਹੈ ਪਰ ਅਜੇ ਵੀ 14 ਜ਼ਿਲਿਆਂ ਦੇ ਕਰੀਬ 115 ਪਿੰਡ ਹੜ੍ਹਾਂ ਦੀ ਲਪੇਟ 'ਚ ਹਨ। ਪੰਜਾਬ ਵਿੱਚ ਹੁਣ ਤੱਕ ਹੜ੍ਹਾਂ ਕਾਰਨ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ 3 ਲੋਕ ਲਾਪਤਾ ਹਨ। ਸੂਬੇ ਦੇ 14 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ ਜਿਸ ਵਿੱਚ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਸ਼ਾਮਲ ਹਨ।
ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ 'ਚ ਅਗਲੇ ਪੰਜ ਦਿਨਾਂ ਦੌਰਾਨ ਇਕ ਵਾਰ ਫਿਰ ਤੋਂ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਦੀਆਂ ਚਿੰਤਾਵਾਂ ਇਕ ਵਾਰ ਫਿਰ ਵੱਧ ਗਈਆਂ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ (Punjab Weather Today) ਨੇ ਪੂਰੇ ਪੰਜਾਬ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲਿਆਂ 'ਚ ਹਲਕੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਐਤਵਾਰ ਨੂੰ ਹਲਕਾ, ਜਦਕਿ ਸੋਮਵਾਰ ਤੋਂ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ: SGPC News: ਸੁਧੀਰ ਸੂਰੀ ਕਤਲ ਮਾਮਲਾ; ਜੇਲ੍ਹ 'ਚ ਬੰਦ ਭਾਈ ਸੰਦੀਪ ਸਿੰਘ ਨੂੰ ਤੰਗ ਕਰਨ 'ਤੇ ਐਸਜੀਸੀਪੀਸ ਨੇ ਖੜ੍ਹੇ ਕੀਤੇ ਵੱਡੇ ਸਵਾਲ
ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਜ਼ਿਲ੍ਹੇ ਪਹਿਲਾਂ ਹੀ ਹੜ੍ਹਾਂ ਦੀ ਲਪੇਟ 'ਚ ਆ ਚੁੱਕੇ ਹਨ, ਜਿਸ ਕਾਰਨ ਜਨ-ਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ, ਉਥੇ ਹੀ ਹੁਣ ਇਕ ਵਾਰ ਫਿਰ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਹਿਣ ਵਾਲੇ ਲੋਕ ਭਾਰੀ ਬਾਰਿਸ਼ ਦੀ ਚਿਤਾਵਨੀ ਦੇ ਚੱਲਦਿਆਂ ਡਰੇ ਹੋਏ ਹਨ। ਸੂਬੇ 'ਚ ਹੁਣ ਤੱਕ 25 ਹਜ਼ਾਰ 160 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸਰਕਾਰ ਦੇ 164 ਰਾਹਤ ਕੈਂਪਾਂ ਵਿੱਚ 3,331 ਲੋਕ ਰਹਿ ਰਹੇ ਹਨ। ਸਭ ਤੋਂ ਵੱਧ 56 ਰਾਹਤ ਕੈਂਪ ਜਲੰਧਰ ਜ਼ਿਲ੍ਹੇ ਵਿੱਚ ਹਨ।
ਇਸ ਦੇ ਨਾਲ ਹੀ ਬੀਤੇ ਦਿਨੀ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਅਧੀਨ ਆਉਂਦੇ ਸਰਦੂਲਗੜ੍ਹ ਦੇ ਚਾਂਦਪੁਰਾ 'ਚ ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਘੱਗਰ ਦਾ 30 ਫੁੱਟ ਦਾ ਕਿਨਾਰਾ ਟੁੱਟ ਗਿਆ। ਜਿਸ ਕਾਰਨ ਆਸਪਾਸ ਦੇ ਇਲਾਕੇ ਤੇਜ਼ੀ ਨਾਲ ਪਾਣੀ ਨਾਲ ਭਰ ਗਏ। ਪਾੜ ਵਾਲੇ ਹਿੱਸੇ ਤੋਂ ਪਾਣੀ ਦੇ ਵਹਾਅ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ।