SGPC News: ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਦਰਬਾਰ ਸਾਹਿਬ ਦੇ ਨਵੀਨੀਕਰਨ ਦੇ ਪਹਿਲੇ ਭਾਗ ਦੀ ਸੇਵਾ ਮੁਕੰਮਲ ਹੋਣ ਉਤੇ ਧਾਰਮਿਕ ਸਮਾਗਮ ਕਰਵਾਏ ਗਏ।
Trending Photos
SGPC News: (ਬਿਮਲ ਸ਼ਰਮਾ): ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਜੀ ਦੇ ਅਸਥਾਨ ਦੇ ਨਵੀਨੀਕਰਨ ਦੀ ਸੇਵਾ ਅਤੇ ਇਸੇ ਤਰ੍ਹਾਂ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਦਰਬਾਰ ਸਾਹਿਬ ਦੇ ਨਵੀਨੀਕਰਨ ਦੇ ਪਹਿਲੇ ਭਾਗ ਦੀ ਸੇਵਾ ਮੁਕੰਮਲ ਹੋਣ ਉਤੇ ਅੱਜ ਦੋਵਾਂ ਸਥਾਨਾਂ ਤੇ ਧਾਰਮਿਕ ਸਮਾਗਮ ਕਰਵਾਏ ਗਏ।
ਇਸ ਮੌਕੇ ਵਿਸ਼ੇਸ਼ ਤੌਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਨੇ ਸ਼ਿਰਕਤ ਕੀਤੀ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਜੀ ਦੇ ਤਪ ਅਸਥਾਨ ਦੀ ਸੇਵਾ ਲੁਧਿਆਣਾ ਦੇ ਦੋ ਟਰਾਂਸਪੋਰਟਰ ਭਰਾਵਾਂ ਵੱਲੋਂ ਕਰਵਾਈ ਗਈ ਹੈ ਤੇ ਇਸੇ ਤਰ੍ਹਾਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਸੇਵਾ ਰਿਸ਼ੀ ਟਰੈਵਲ ਵਾਲਿਆਂ ਵੱਲੋਂ ਕਰਵਾਈ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਨ੍ਹਾਂ ਦੋਵੇਂ ਸਥਾਨਾਂ ਦੀ ਸੇਵਾ ਮੁਕੰਮਲ ਹੋਣ ਉਤੇ ਸੰਗਤ ਨੂੰ ਮੁਬਾਰਕਬਾਦ ਦਿੱਤੀ।
ਸ੍ਰੀ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਮੁੱਖ ਮਾਰਗ ਦੀ ਮੁਰੰਮਤ ਦੀ ਕਾਰਜ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਸੰਤਾਂ ਵੱਲੋਂ ਕਰਵਾਏ ਜਾਣ ਬਾਰੇ ਬੋਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਪਹਿਲਾਂ ਵੀ ਸਮਾਜ ਸੇਵਾ ਦੇ ਵੱਡੇ ਕੰਮ ਕੀਤੇ ਗਏ ਹਨ ਅਤੇ ਹੁਣ ਵੀ ਸੜਕ ਦੇ ਕੰਮ ਦਾ ਨਿਰਮਾਣ ਕਾਰਜ ਸ਼ੁਰੂ ਕਰਕੇ ਉਨ੍ਹਾਂ ਵੱਲੋਂ ਇੱਕ ਵੱਡਾ ਕਾਰਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਇਸ ਸੜਕ ਉੱਤੇ ਥੋੜ੍ਹਾ ਬਹੁਤਾ ਕੰਮ ਕਰਦੀਆਂ ਰਹੀਆਂ ਪ੍ਰੰਤੂ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਰਕਾਰ ਨੇ ਕੌਮੀ ਤਿਉਹਾਰ ਹੋਲੇ ਮਹੱਲੇ ਤੋਂ ਪਹਿਲਾਂ ਕੋਈ ਵੀ ਕੰਮ ਇਸ ਸੜਕ ਦੇ ਉੱਪਰ ਨਹੀਂ ਕੀਤਾ ਜਿਸ ਦੇ ਨਾਲ ਸੰਗਤ ਦੇ ਮਨ ਵਿੱਚ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਾਰ ਸੇਵਾ ਵਾਲੇ ਸੰਤ ਉਨ੍ਹਾਂ ਨੂੰ ਕੋਈ ਡਿਊਟੀ ਲਗਾਉਣਗੇ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣਗੇ।
ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਦੇ ਸੰਬੰਧ ਵਿੱਚ ਪੁੱਛੇ ਸਵਾਲ ਦਾ ਜਵਾਬ ਵਿੱਚ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਕਿਹਾ ਕਿ ਲਾ ਐਂਡ ਆਰਡਰ ਨੂੰ ਮੈਨਟੇਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਭਾਵ ਦੇ ਨਾਲ ਮੱਥਾ ਟੇਕਣ ਲਈ ਪੁੱਜਣ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਾ ਕੀਤੀ ਜਾਵੇ।
ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਪ੍ਰਚਾਰ ਕਰਨ ਵਾਲੇ ਪਟਿਆਲਾ ਦੇ ਇੱਕ ਨੌਜਵਾਨ ਪ੍ਰੀਤ ਸੈਣੀ ਦੇ ਦੇਹਾਂਤ ਦੇ ਸੰਬੰਧ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇੱਕ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਵਿਸ਼ੇ ਉਤੇ ਕੁਝ ਵੀ ਬੋਲਣਾ ਨਹੀਂ ਚਾਹੁੰਦਾ ਹਾਂ।
ਇਹ ਵੀ ਪੜ੍ਹੋ : Punjab Assembly Budget Live: ਪੰਜਾਬ ਸਰਕਾਰ ਨੇ ਸ਼ਹੀਦ ਫ਼ੌਜੀਆਂ ਦੀਆਂ ਵਿਧਵਾਵਾਂ ਦੀ ਪੈਨਸ਼ਨ 'ਚ ਕੀਤਾ ਵਾਧਾ