Patiala News: ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (ਆਰਜੀਐਨਯੂਐਲ) ਪਟਿਆਲਾ ਵਿੱਚ ਵਾਈਸ ਚਾਂਸਲਰ ਅਤੇ ਵਿਦਿਆਰਥਣਾਂ ਵਿਚਾਲੇ ਚੱਲ ਰਿਹਾ ਵਿਵਾਦ ਭਖਦਾ ਜਾ ਰਿਹਾ ਹੈ।
Trending Photos
Patiala News: ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (ਆਰਜੀਐਨਯੂਐਲ) ਪਟਿਆਲਾ ਵਿੱਚ ਵਾਈਸ ਚਾਂਸਲਰ ਅਤੇ ਵਿਦਿਆਰਥਣਾਂ ਵਿਚਾਲੇ ਚੱਲ ਰਿਹਾ ਵਿਵਾਦ ਭਖਦਾ ਜਾ ਰਿਹਾ ਹੈ। ਜਿਥੇ ਸੂਬੇ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਤੋਂ ਰਿਪੋਰਟ ਤਲਬ ਕਰ ਲਈ ਹੈ, ਉਥੇ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪੁੱਜੇ।
ਚੇਅਰਪਰਸਨ ਨੇ ਕਿਹਾ ਕਿ ਇੱਕ ਕਮੇਟੀ ਬਣਾਈ ਜਾਵੇਗੀ ਜੋ ਮਾਮਲੇ ਦੀ ਜਾਂਚ ਕਰੇਗੀ। ਵਿਦਿਆਰਥੀ ਆਪਣੇ ਨੁਮਾਇੰਦੇ ਚੁਣਨਗੇ ਅਤੇ ਅਸੀਂ ਦੋਹਾਂ ਪੱਖਾਂ ਨੂੰ ਸੁਣਾਂਗੇ, ਉਸ ਤੋਂ ਬਾਅਦ ਫੈਸਲਾ ਲਵਾਂਗੇ। ਦੋਵੇਂ ਧਿਰਾਂ ਆਪਣੀ ਗੱਲ ਰੱਖਣਗੀਆਂ। ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਹੱਕ ਹੈ। ਧਰਨਾ ਜਾਰੀ ਰਹੇਗਾ।
ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਸੁਣੀਆਂ ਅਤੇ ਖਾਸ ਕਰਕੇ ਘਟਨਾ ਨਾਲ ਸਬੰਧਤ ਲੜਕੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵੀਸੀ ਵੱਲੋਂ ਲੜਕੀਆਂ ਨੂੰ ਕੱਪੜਿਆਂ ਸਬੰਧੀ ਟਿੱਪਣੀਆਂ ਕਰਨੀਆਂ ਬਹੁਤ ਹੀ ਮੰਦਭਾਗੀ ਗੱਲ ਹੈ l ਮੈਂ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦੀ ਹਾਂ ਕਿ ਵੀਸੀ ਨੂੰ ਲੜਕੀਆਂ ਨਾਲ ਜਿਹਾ ਵਰਤਾਓ ਨਹੀਂ ਕਰਨਾ ਚਾਹੀਦਾ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਉਕਤ ਘਟਨਾ ਨੂੰ ਲੈ ਕੇ ਇੱਕ ਇਨਕੁਇਰੀ ਕਮੇਟੀ ਬੈਠੇਗੀ ਜੋ ਘਟਨਾ ਦੀ ਜਾਂਚ ਕਰੇਗੀ l ਬਾਅਦ ਵਿੱਚ ਚੇਅਰਮੈਨ ਯੂਨੀਵਰਸਿਟੀ ਦੇ ਉਪ ਕੁਲਪਤੀ ਜੈ ਸ਼ੰਕਰ ਸਿੰਘ ਨੂੰ ਉਹਨਾਂ ਦੇ ਘਰ ਮਿਲਣ ਚਲੇ ਗਏ ਤਾਂ ਜੋ ਉਕਤ ਮਾਮਲਾ ਵਿਸਥਾਰਪੂਰਵਕ ਜਾਣਿਆ ਜਾ ਸਕੇ l ਅੱਜ ਧਰਨਾ ਚੌਥੇ ਦਿਨ ਵਿੱਚ ਦਾਖਲ ਹੋ ਗਿਆ l
ਵਿਵਾਦ ਐਤਵਾਰ ਦੁਪਹਿਰ ਨੂੰ ਉਦੋਂ ਸ਼ੁਰੂ ਹੋਇਆ, ਜਦੋਂ ਉਪ ਕੁਲਪਤੀ ਨੇ ਅਚਾਨਕ ਗਰਲਜ਼ ਹੋਸਟਲ ਦੀ ਚੈਕਿੰਗ ਕੀਤੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਨਾਲ ਕੋਈ ਮਹਿਲਾ ਸਟਾਫ ਨਹੀਂ ਸੀ। ਉਹ ਨਾ ਸਿਰਫ਼ ਉਸ ਨੂੰ ਦੱਸੇ ਬਿਨਾਂ ਹੋਸਟਲ ਵਿੱਚ ਦਾਖ਼ਲ ਹੋਏ ਅਤੇ ਉਸ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਕੀਤੀ ਸਗੋਂ ਉਸ ਦੇ ਛੋਟੇ ਕੱਪੜਿਆਂ 'ਤੇ ਟਿੱਪਣੀ ਵੀ ਕੀਤੀ।
ਵਾਈਸ ਚਾਂਸਲਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਵਿਦਿਆਰਥਣਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਲੜਕੀਆਂ ਦੇ ਹੋਸਟਲ ਵਿੱਚ ਅੱਧੀ ਰਾਤ ਤੋਂ ਬਾਅਦ ਕੁਝ ਲੜਕੀਆਂ ਸਿਗਰਟ ਪੀਂਦੀਆਂ ਹਨ ਅਤੇ ਸ਼ਰਾਬ ਪੀਂਦੀਆਂ ਹਨ। ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਅਤੇ ਕਰੁਣਾ ਨੰਦੀ ਵੀ ਇਸ ਮਾਮਲੇ ਨੂੰ ਲੈ ਕੇ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਪੂਰੀ ਹੋਣ ਤੱਕ ਵੀਸੀ ਨੂੰ ਅਹੁਦੇ ਤੋਂ ਹਟਾਇਆ ਜਾਵੇ।