Lok Sabha: ਆਜ਼ਾਦੀ ਤੋਂ ਲੈ ਕੇ ਹੁਣ ਤੱਕ, ਜਾਣੋਂ ਕੀ ਰਿਹਾ ਲੋਕ ਸਭਾ ਚੋਣਾਂ ਦਾ ਇਤਿਹਾਸ
Advertisement

Lok Sabha: ਆਜ਼ਾਦੀ ਤੋਂ ਲੈ ਕੇ ਹੁਣ ਤੱਕ, ਜਾਣੋਂ ਕੀ ਰਿਹਾ ਲੋਕ ਸਭਾ ਚੋਣਾਂ ਦਾ ਇਤਿਹਾਸ

History Of Lok Sabha: ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਅਜਿਹੇ 'ਚ ਇੱਥੇ ਚੋਣਾਂ ਦਾ ਮਹੱਤਵ ਵੀ ਕਾਫੀ ਹੈ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 17 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਤੇ ਇਸ ਵਾਰ ਇਹ 18ਵੀਂ ਲੋਕ ਸਭਾ ਚੋਣ ਹੈ। 

 Lok Sabha: ਆਜ਼ਾਦੀ ਤੋਂ ਲੈ ਕੇ ਹੁਣ ਤੱਕ, ਜਾਣੋਂ ਕੀ ਰਿਹਾ ਲੋਕ ਸਭਾ ਚੋਣਾਂ ਦਾ ਇਤਿਹਾਸ

Lok Sabha(Jyoti Jassal):  ਦੇਸ਼ ਵਿੱਚ 18ਵੀਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰੀ ਤਿਆਰੀ ਖਿੱਚ ਲਈ ਹੈ। ਇਸ ਸਮੇਂ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਦੇਸ਼ ਦੇ ਕਰੋੜਾਂ ਹੀ ਲੋਕ 543 ਲੋਕ ਸਭਾ ਸੀਟਾਂ 'ਤੇ ਆਪਣੇ ਨੁਮਾਇੰਦੇ ਚੁਣਨਗੇ।  ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਅਜਿਹੇ 'ਚ ਇੱਥੇ ਚੋਣਾਂ ਦਾ ਮਹੱਤਵ ਵੀ ਕਾਫੀ ਹੈ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 17 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਤੇ ਇਸ ਵਾਰ ਇਹ 18ਵੀਂ ਲੋਕ ਸਭਾ ਚੋਣ ਹੈ। 

ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਹੋਈਆਂ ਸਾਰੀਆਂ ਲੋਕ ਸਭਾ ਚੋਣਾਂ ਦੇ ਇਤਿਹਾਸ 'ਤੇ ਇੱਕ ਨਜ਼ਰ ਮਾਰੀਏ ਤਾਂ ਦੇਸ਼ 'ਚ ਸਭ ਤੋਂ ਪਹਿਲੀ ਲੋਕ ਸਭਾ ਚੋਣਾਂ 1952 'ਚ ਹੋਈ ਸੀ।

ਪਹਿਲੀ ਲੋਕ ਸਭਾ ਚੋਣ (1952)

ਸਾਲ 1952 ਵਿੱਚ ਦੇਸ਼ ਵਿੱਚ 26 ਸੂਬੇ ਅਤੇ ਕੁੱਲ 489 ਸੀਟਾਂ ਸੀ। ਕਾਂਗਰਸ ਨੇ ਲਗਭਗ 45% ਵੋਟਾਂ ਹਾਸਲ ਕਰਕੇ 364 ਸੀਟਾਂ ਜਿੱਤੀਆਂ। ਸੀਪੀਆਈ ਅਤੇ ਸੋਸ਼ਲਿਸਟ ਪਾਰਟੀ ਨੂੰ ਕ੍ਰਮਵਾਰ 16 ਅਤੇ 12 ਸੀਟਾਂ ਮਿਲੀਆਂ ਅਤੇ ਭਾਰਤੀ ਜਨਸੰਘ ਨੂੰ ਸਿਰਫ਼ 3 ਸੀਟਾਂ ਮਿਲੀਆਂ।  ਉਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਚੁਣੇ ਗਏ ਸਨ। ਇਹ ਲੋਕ ਸਭਾ 17 ਅਪ੍ਰੈਲ 1952 ਨੂੰ ਬਣਾਈ ਗਈ ਸੀ ਅਤੇ 4 ਅਪ੍ਰੈਲ 1957 ਨੂੰ ਆਪਣਾ ਕਾਰਜਕਾਲ ਪੂਰਾ ਕੀਤਾ ਸੀ।

ਦੂਜੀ ਲੋਕ ਸਭਾ ਚੋਣ (1957)

ਸਾਲ 1957 ਵਿੱਚ ਦੂਜੀ ਵਾਰ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਈਆਂ। ਇਸ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੁੱਲ 494 ਸੀਟਾਂ ਵਿੱਚੋਂ 371 ਸੀਟਾਂ ਨਾਲ ਮੁੜ ਜਿੱਤ ਪ੍ਰਾਪਤ ਕੀਤੀ। ਇਸ ਦਾ ਵੋਟ ਸ਼ੇਅਰ ਵੀ ਵਧ ਕੇ 48% ਹੋ ਗਿਆ। ਬਾਕੀ ਪਾਰਟੀਆਂ ਜਿਵੇਂ ਸੀਪੀਆਈ, ਪ੍ਰਜਾ ਸੋਸ਼ਲਿਸਟ ਪਾਰਟੀ ਅਤੇ ਭਾਰਤੀ ਜਨ ਸੰਘ ਨੇ ਕ੍ਰਮਵਾਰ 27, 19 ਅਤੇ 4 ਸੀਟਾਂ ਜਿੱਤੀਆਂ ਹਨ। ਇਸ ਦੌਰਾਨ ਇੱਕ ਵਾਰ ਫਿਰ ਤੋਂ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ।

ਤੀਜੀ ਲੋਕ ਸਭਾ ਚੋਣ (1962)

ਸਾਲ 1962 ਵਿੱਚ ਤੀਜੀ ਵਾਲ ਲੋਕ ਸਭਾ ਚੋਣਾਂ ਹੋਈਆਂ। ਇਸ ਵਾਰ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿੱਤ ਹੋਈ। ਪਾਰਟੀ ਨੇ ਕੁੱਲ 494 ਸੀਟਾਂ ਵਿੱਚੋਂ 361 ਸੀਟਾਂ ਜਿੱਤੀਆਂ। ਬਾਕੀ ਚਾਰ ਪ੍ਰਮੁੱਖ ਪਾਰਟੀਆਂ - ਸੀਪੀਆਈ, ਜਨ ਸੰਘ, ਸੁਤੰਤਰ ਪਾਰਟੀ ਅਤੇ ਪੀਐਸਪੀ ਨੇ ਦੋਹਰੇ ਅੰਕਾਂ ਵਿੱਚ ਸੀਟਾਂ ਜਿੱਤੀਆਂ। ਨਹਿਰੂ ਨੂੰ ਮੁੜ ਤੋਂ ਲਗਾਤਾਰ ਤੀਜੀ ਵਾਰ  ਪ੍ਰਧਾਨ ਮੰਤਰੀ ਬਣਿਆ ਗਿਆ। ਭਾਰਤ-ਚੀਨ ਯੁੱਧ ਦੌਰਾਨ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਉਹ ਠੀਕ ਹੋਣ ਲਈ ਕਸ਼ਮੀਰ ਚਲੇ ਗਏ ਅਤੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ 27 ਮਈ 1964 ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਸ ਸਮੇਂ ਗੁਲਜ਼ਾਰੀ ਲਾਲ ਨੰਦਾ ਨੂੰ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਇਸ ਤੋਂ ਬਾਅਦ ਲਾਲ ਬਹਾਦੁਰ ਸ਼ਾਸਤਰੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣੇ। ਹਾਲਾਂਕਿ, ਸਿਰਫ 19 ਮਹੀਨਿਆਂ ਬਾਅਦ ਉਸਦੀ ਮੌਤ ਹੋ ਗਈ, ਜਿਸ ਤੋਂ ਬਾਅਦ 1966 ਵਿੱਚ ਇੰਦਰਾ ਗਾਂਧੀ ਨੇ ਸੱਤਾ ਸੰਭਾਲੀ।

ਚੌਥੀ ਲੋਕ ਸਭਾ ਚੋਣ (1967)

ਸਾਲ 1967 ਵਿੱਚ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੁੱਲ 520 ਲੋਕ ਸਭਾ ਸੀਟਾਂ ਵਿੱਚੋਂ 283 ਸੀਟਾਂ ਜਿੱਤੀਆਂ। ਇਸ ਦੌਰਾਨ ਰਾਜਗੋਪਾਲਾ ਚਾਰੀ ਦੀ ਸੁਤੰਤਰ ਪਾਰਟੀ ਨੇ 44 ਸੀਟਾਂ ਜਿੱਤੀਆਂ ਅਤੇ ਸਭ ਤੋਂ ਵੱਡੀ ਵਿਰੋਧੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ। ਇੰਦਰਾ ਗਾਂਧੀ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ।

ਪੰਜਵੀਂ ਲੋਕ ਸਭਾ ਚੋਣ (1971)

1971 ਦੀਆਂ ਲੋਕ ਸਭਾ ਚੋਣਾਂ 'ਚ ਇੱਕ ਵਾਰ ਮੁੜ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਬਾਜ਼ੀ ਮਾਰੀ। ਕਾਂਗਰਸ ਨੇ ਕੁੱਲ 518 ਵਿੱਚੋਂ 352 ਸੀਟਾਂ ਜਿੱਤੀਆਂ, ਜਦਕਿ ਮੋਰਾਰਜੀ ਦੇਸਾਈ ਦੀ ਅਗਵਾਈ ਵਾਲੇ ਧੜੇ ਨੂੰ ਸਿਰਫ਼ 16 ਸੀਟਾਂ ਮਿਲੀਆਂ। ਇੰਦਰਾ ਗਾਂਧੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ। ਹਾਲਾਂਕਿ 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਨੇ ਚੋਣ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਇੰਦਰਾ ਗਾਂਧੀ ਦੀ 1971 ਦੀਆਂ ਚੋਣਾਂ ਨੂੰ ਰੱਦ ਕਰ ਦਿੱਤਾ ਸੀ। ਅਸਤੀਫਾ ਦੇਣ ਦੀ ਬਜਾਏ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਸਮੁੱਚੀ ਵਿਰੋਧੀ ਧਿਰ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਐਮਰਜੈਂਸੀ ਮਾਰਚ 1977 ਤੱਕ ਚੱਲੀ।

ਛੇਵੀਂ ਲੋਕ ਸਭਾ ਚੋਣ (1977)

1977 ਦੀਆਂ ਲੋਕ ਸਭਾ ਚੋਣਾਂ 'ਚ ਭਾਰਤੀ ਲੋਕ ਦਲ ਜਾਂ ਜਨਤਾ ਦਲ ਪਹਿਲੀ ਵਾਰ ਕਾਂਗਰਸ ਨੂੰ ਹਰਾ ਕੇ ਜੇਤੂ ਬਣਿਆ। ਭਾਰਤੀ ਲੋਕ ਦਲ ਦੀ ਸਥਾਪਨਾ 1974 ਦੇ ਅਖੀਰ ਵਿੱਚ ਸੱਤ ਪਾਰਟੀਆਂ ਦੇ ਗੱਠਜੋੜ ਦੁਆਰਾ ਕੀਤੀ ਗਈ ਸੀ, ਜਿਸ ਵਿੱਚ ਸੁਤੰਤਰ ਪਾਰਟੀ, ਉਤਕਲ ਕਾਂਗਰਸ, ਭਾਰਤੀ ਕ੍ਰਾਂਤੀ ਦਲ ਅਤੇ ਸਮਾਜਵਾਦੀ ਪਾਰਟੀ ਸ਼ਾਮਲ ਸਨ। ਭਾਰਤੀ ਲੋਕ ਦਲ ਨੇ 542 ਵਿੱਚੋਂ 295 ਸੀਟਾਂ ਜਿੱਤੀਆਂ, ਜਦਕਿ ਕਾਂਗਰਸ ਨੂੰ ਸਿਰਫ਼ 154 ਸੀਟਾਂ ਮਿਲੀਆਂ। ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ, ਪਰ 1979 ਵਿੱਚ ਗੱਠਜੋੜ ਦੇ ਸਹਿਯੋਗੀਆਂ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਅਹੁਦਾ ਛੱਡਣਾ ਪਿਆ। ਇਸ ਤੋਂ ਬਾਅਦ ਚਰਨ ਸਿੰਘ ਨਵੇਂ ਪ੍ਰਧਾਨ ਮੰਤਰੀ ਬਣੇ।

ਸੱਤਵੀਂ ਲੋਕ ਸਭਾ ਚੋਣ (1980)

1980 ਦੀਆਂ ਲੋਕ ਸਭਾ ਚੋਣਾਂ ਚ ਮੁੜ ਤੋਂ ਕਾਂਗਰਸ ਸੱਤਾ 'ਚ ਆਈ। ਪਾਰਟੀ ਨੇ 529 'ਚੋਂ 353 ਸੀਟਾਂ ਜਿੱਤੀਆਂ। ਜਦਕਿ ਜਨਤਾ ਪਾਰਟੀ ਸਿਰਫ 32 ਸੀਟਾਂ ਹੀ ਹਾਸਲ ਕਰ ਸਕੀ।

ਅੱਠਵੀਂ ਲੋਕ ਸਭਾ ਚੋਣ (1984)

ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਨੂੰ ਆਮ ਲੋਕਾਂ ਦੀ ਅਜਿਹੀ ਹਮਦਰਦੀ ਮਿਲੀ ਕਿ ਪਾਰਟੀ ਨੇ 514 ਵਿੱਚੋਂ 415 ਸੀਟਾਂ ਹਾਸਲ ਕਰਕੇ ਆਪਣੇ ਸਿਆਸੀ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਉਦੋਂ ਤੱਕ ਭਾਜਪਾ ਦਾ ਗਠਨ ਹੋ ਚੁੱਕਿਆ ਸੀ। ਉਸ ਸਮੇਂ ਭਾਜਪਾ ਨੇ ਵੀ ਇਸ ਚੋਣ ਵਿੱਚ 2 ਸੀਟਾਂ ਜਿੱਤੀਆਂ ਸਨ।

ਨੌਵੀਂ ਲੋਕ ਸਭਾ ਚੋਣ (1989)

ਸਾਲ 1989 ਦੀਆਂ ਲੋਕ ਸਭਾ ਚੋਣਾਂ ਚ ਕਾਂਗਰਸ ਨੂੰ ਘੁਟਾਲੇ, ਪੰਜਾਬ ਵਿੱਚ ਵਧਦੇ ਅੱਤਵਾਦ ਕਾਰਨ ਕਾਂਗਰਸ ਨੂੰ ਇਸ ਚੋਣ ਵਿੱਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪਿਆ। ਲੋਕ ਸਭਾ ਦੀਆਂ 525 ਸੀਟਾਂ ਲਈ ਦੋ ਪੜਾਵਾਂ ਵਿੱਚ 22 ਨਵੰਬਰ ਅਤੇ 26 ਨਵੰਬਰ 1989 ਨੂੰ ਚੋਣਾਂ ਹੋਈਆਂ। ਇਸ ਚੋਣ ਵਿੱਚ ਕਾਂਗਰਸ ਨੇ 197, ਜਨਤਾ ਦਲ ਨੇ 143 ਅਤੇ ਭਾਜਪਾ ਨੇ 85 ਸੀਟਾਂ ਜਿੱਤੀਆਂ। ਜਨਤਾ ਦਲ ਨੇ ਭਾਜਪਾ ਅਤੇ ਖੱਬੇ ਪੱਖੀ ਪਾਰਟੀਆਂ ਦੇ ਬਾਹਰੀ ਸਮਰਥਨ ਨਾਲ ਨੈਸ਼ਨਲ ਫਰੰਟ ਦੀ ਸਰਕਾਰ ਬਣਾਈ ਅਤੇ ਵੀਪੀ ਸਿੰਘ ਪ੍ਰਧਾਨ ਮੰਤਰੀ ਬਣੇ। 1990 ਵਿੱਚ ਚੰਦਰਸ਼ੇਖਰ ਨੇ ਜਨਤਾ ਦਲ ਤੋਂ ਵੱਖ ਹੋ ਕੇ ਸਮਾਜਵਾਦੀ ਜਨਤਾ ਪਾਰਟੀ ਬਣਾਈ ਅਤੇ ਉਹ 11ਵੇਂ ਪ੍ਰਧਾਨ ਮੰਤਰੀ ਬਣੇ। ਹਾਲਾਂਕਿ 6 ਮਾਰਚ 1991 ਨੂੰ ਉਨ੍ਹਾਂ ਨੂੰ ਅਸਤੀਫਾ ਵੀ ਦੇਣਾ ਪਿਆ ਸੀ।

ਦਸਵੀਂ ਲੋਕ ਸਭਾ ਚੋਣ (1991)

ਸਾਲ 1991 ਚ ਹੋਈਆਂ ਲੋਕ ਸਭਾ ਚੋਣਾਂ 'ਚ ਕੋਈ ਵੀ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ। ਕਾਂਗਰਸ 244 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ, ਜਦਕਿ ਭਾਜਪਾ ਨੇ 120 ਸੀਟਾਂ ਜਿੱਤੀਆਂ ਅਤੇ ਜਨਤਾ ਦਲ 59 ਸੀਟਾਂ ਨਾਲ ਤੀਜੇ ਸਥਾਨ 'ਤੇ ਰਹੀ। ਕਾਂਗਰਸ ਦੇ ਪੀਵੀ ਨਰਸਿਮਹਾ ਰਾਓ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।

11ਵੀਂ ਲੋਕ ਸਭਾ ਚੋਣ (1996)

ਇਨ੍ਹਾਂ ਚੋਣਾਂ ਚ ਕੁੱਲ 543 ਲੋਕ ਸਭਾ ਸੀਟਾਂ ਵਿੱਚੋਂ ਭਾਜਪਾ ਨੇ 161, ਕਾਂਗਰਸ ਨੇ 140 ਅਤੇ ਜਨਤਾ ਦਲ ਨੇ 46 ਸੀਟਾਂ ਜਿੱਤੀਆਂ। ਉੱਥੇ ਹੀ ਖੇਤਰੀ ਪਾਰਟੀਆਂ ਇੱਕ ਨਵੀਂ ਤਾਕਤ ਵਜੋਂ ਉਭਰਨ ਲੱਗੀਆਂ ਅਤੇ ਕੁੱਲ 129 ਸੀਟਾਂ ਜਿੱਤੀਆਂ। ਇਨ੍ਹਾਂ ਵਿੱਚ ਟੀਡੀਪੀ, ਸ਼ਿਵ ਸੈਨਾ ਅਤੇ ਡੀਐਮਕੇ ਪ੍ਰਮੁੱਖ ਪਾਰਟੀਆਂ ਸਨ। ਰਾਸ਼ਟਰਪਤੀ ਨੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ, ਜਿਸ ਨੇ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਜ਼ਿਆਦਾ ਦੇਰ ਨਹੀਂ ਚੱਲ ਸਕੇ ਅਤੇ ਅਟਲ ਬਿਹਾਰੀ ਵਾਜਪਾਈ ਨੂੰ 13 ਦਿਨਾਂ ਦੇ ਅੰਦਰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਤੋਂ ਬਾਅਦ ਐਚਡੀ ਦੇਵਗੌੜਾ ਪ੍ਰਧਾਨ ਮੰਤਰੀ ਬਣੇ ਅਤੇ ਉਹ 18 ਮਹੀਨੇ ਰਹੇ। ਬਾਅਦ ਵਿੱਚ ਉਨ੍ਹਾਂ ਨੂੰ ਵੀ ਅਹੁਦਾ ਛੱਡਣਾ ਪਿਆ ਅਤੇ ਆਈਕੇ ਗੁਜਰਾਲ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਬਣੇ।

12ਵੀਂ ਲੋਕ ਸਭਾ ਚੋਣਾਂ (1998)

ਭਾਜਪਾ 543 ਲੋਕ ਸਭਾ ਸੀਟਾਂ 'ਚੋਂ 182 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ। ਕਾਂਗਰਸ ਨੇ 141 ਅਤੇ ਹੋਰ ਖੇਤਰੀ ਪਾਰਟੀਆਂ ਨੇ 101 ਸੀਟਾਂ ਜਿੱਤੀਆਂ। ਭਾਜਪਾ ਨੇ ਹੋਰ ਖੇਤਰੀ ਪਾਰਟੀਆਂ ਨਾਲ ਮਿਲ ਕੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਦੀ ਸਰਕਾਰ ਬਣਾਈ। ਅਟਲ ਬਿਹਾਰੀ ਵਾਜਪਾਈ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਦੀ ਸਰਕਾਰ ਕੰਮ ਨਹੀਂ ਕਰ ਸਕੀ ਅਤੇ ਏਆਈਡੀਐਮਏ ਵੱਲੋਂ ਸਮਰਥਨ ਵਾਪਸ ਲੈਣ ਤੋਂ 13 ਮਹੀਨਿਆਂ ਬਾਅਦ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ।

13ਵੀਂ ਲੋਕ ਸਭਾ ਚੋਣ (1999)

ਸਾਲ 1998 ਤੋਂ ਬਾਅਦ 1999 ਵਿੱਚ ਮੁੜ ਤੋਂ ਲੋਕ ਸਭਾ ਚੋਣਾਂ ਹੋਈਆਂ। ਕਾਰਗਿਲ ਦੀ ਜੰਗ ਦੌਰਾਨ ਭਾਜਪਾ 182 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਅਤੇ ਕਾਂਗਰਸ ਸਿਰਫ਼ 114 ਸੀਟਾਂ ਹੀ ਹਾਸਲ ਕਰ ਸਕੀ। ਖੇਤਰੀ ਪਾਰਟੀਆਂ ਨੇ 158 ਸੀਟਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ। ਅਟਲ ਬਿਹਾਰੀ ਵਾਜਪਾਈ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।

14ਵੀਂ ਲੋਕ ਸਭਾ ਚੋਣ (2004)

ਇਸ ਚੋਣ ਵਿੱਚ ਕਾਂਗਰਸ ਨੇ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਸੱਤਾ ਵਿੱਚ ਵਾਪਸੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਨੇ 543 ਵਿੱਚੋਂ 335 ਸੀਟਾਂ ਜਿੱਤੀਆਂ ਹਨ। ਇਸ ਗਠਜੋੜ ਵਿੱਚ ਬਸਪਾ, ਸਪਾ, ਐਮਡੀਐਮਕੇ, ਲੋਕ ਜਨਸ਼ਕਤੀ ਪਾਰਟੀ ਆਦਿ ਸ਼ਾਮਲ ਸਨ ਅਤੇ ਇਸ ਨੂੰ ਖੱਬੇ ਪੱਖੀ ਪਾਰਟੀਆਂ ਦਾ ਬਾਹਰੀ ਸਮਰਥਨ ਪ੍ਰਾਪਤ ਸੀ। ਚੋਣਾਂ ਤੋਂ ਬਾਅਦ ਬਣੇ ਇਸ ਗਠਨ ਨੂੰ ਸੰਯੁਕਤ ਪ੍ਰਗਤੀਸ਼ੀਲ ਗਠਜੋੜ (UPA) ਕਿਹਾ ਗਿਆ। ਚੋਣਾਂ ਤੋਂ ਬਾਅਦ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਬਾਅਦ ਵਿੱਚ ਪਾਰਟੀ ਨੇ ਉਨ੍ਹਾਂ ਦੀ ਥਾਂ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ।

15ਵੀਂ ਲੋਕ ਸਭਾ ਚੋਣ (2009)

ਕਾਂਗਰਸ ਦੀ ਅਗਵਾਈ ਵਾਲੀ UPA ਨੇ ਖੇਤੀ ਕਰਜ਼ਾ ਮੁਆਫ਼ੀ ਦੇ ਨਾਲ-ਨਾਲ ਆਰਟੀਆਈ ਅਤੇ ਮਨਰੇਗਾ ਵਰਗੀਆਂ ਸਕੀਮਾਂ ਪੇਸ਼ ਕੀਤੀਆਂ। ਚੋਣਾਂ ਵਿੱਚ ਕਾਂਗਰਸ ਨੇ 206 ਅਤੇ ਭਾਜਪਾ ਨੇ 116 ਸੀਟਾਂ ਜਿੱਤੀਆਂ ਜਦਕਿ ਖੇਤਰੀ ਪਾਰਟੀਆਂ ਨੇ 146 ਸੀਟਾਂ ਜਿੱਤੀਆਂ। ਮਨਮੋਹਨ ਸਿੰਘ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ।

16ਵੀਂ ਲੋਕ ਸਭਾ ਚੋਣ (2014)

2014 ਦੀਆਂ ਲੋਕ ਸਭਾ 'ਚ ਭਾਜਪਾ ਨੇ 543 'ਚੋਂ 282 ਸੀਟਾਂ ਹਾਸਲ ਕੀਤੀਆਂ। ਕਾਂਗਰਸ 44 ਸੀਟਾਂ 'ਤੇ ਸਿਮਟ ਕੇ ਰਹਿ ਗਈ। ਏਆਈਏਡੀਐਮਕੇ ਨੇ 37 ਅਤੇ ਟੀਐਮਸੀ ਨੇ 34 ਸੀਟਾਂ ਜਿੱਤੀਆਂ। ਇਸ ਦੌਰਾਨ ਭਾਜਪਾ ਨੇ ਨਰਿੰਦਰ ਮੋਦੀ ਨੂੰ ਵਿਕਾਸ ਦੇ ਚਿਹਰੇ ਵਜੋਂ ਪੇਸ਼ ਕੀਤਾ। 2014 ਦੀਆਂ ਲੋਕ ਸਭਾ 'ਚ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ।

17ਵੀਂ ਲੋਕ ਸਭਾ ਚੋਣ (2019)

2019 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਕ ਵਾਰ ਮੁੜ ਭਾਰੀ ਬਹੁਮਤ ਨਾਲ ਵਾਪਸੀ ਕੀਤੀ ਅਤੇ 303 ਸੀਟਾਂ ਜਿੱਤੀਆਂ। ਕਾਂਗਰਸ ਨੂੰ 52 ਸੀਟਾਂ ਮਿਲੀਆਂ ਸਨ।

ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਬਾਅਦ, ਨਰਿੰਦਰ ਮੋਦੀ ਭਾਰਤ ਦੇ ਇਤਿਹਾਸ ਵਿੱਚ ਤੀਜੇ ਵਿਅਕਤੀ ਬਣ ਗਏ ਹਨ ਜੋ ਲਗਾਤਾਰ ਦੋ ਵਾਰ ਇੱਕੋ ਪਾਰਟੀ ਤੋਂ ਬਹੁਮਤ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਹਨ। ਹੁਣ ਇਸ ਵਾਰ ਦੇਖਣਾ ਹੋਵੇਗਾ ਕਿ ਲਗਤਾਰ ਤੀਜੀ ਵਾਰ ਨਰਿੰਦਰ ਮੋਦੀ ਪ੍ਰਧਾਨ ਬਣਦੇ ਨੇ ਜਾਂ ਫਿਰ ਸੱਤਾ ਕਿਸੇ ਹੋਰ ਹੱਥ ਜਾਂਦੀ ਹੈ।

Trending news