Anantnag Encounter Martyr Col Manpreet Singh: ਕਰਨਲ ਮਨਪ੍ਰੀਤ ਸਿੰਘ ਦੇ ਪਰਿਵਾਰ ਦਾ ਪਿਛੋਕੜ ਫੌਜ ਹੀ ਰਿਹਾ ਹੈ ਅਤੇ ਉਸ ਦੇ ਦਾਦਾ, ਪਿਤਾ ਅਤੇ ਚਾਚਾ ਵੀ ਫੌਜ ਵਿੱਚ ਰਹਿ ਚੁੱਕੇ ਹਨ।
Trending Photos
Who was Colonel Manpreet Singh? ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਹੋਈ ਮੁਠਭੇੜ 'ਚ ਪੰਜਾਬ ਦਾ ਇੱਕ ਜਵਾਨ ਸ਼ਹੀਦ ਹੋ ਗਿਆ। (Anantnag Encounter martyer) ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਿੰਡ ਦੇ ਸਾਰੇ ਲੋਕਾਂ ਵੱਲੋਂ ਇੱਕ ਘਰ ਦੇ ਬਾਹਰ ਇਕੱਠੇ ਹੋ ਕੇ ਦੁੱਖ ਪ੍ਰਗਟਾਇਆ ਗਿਆ।
ਕਰਨਲ ਮਨਪ੍ਰੀਤ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਮਨਜੀਤ ਕੌਰ, ਪਤਨੀ ਜਗਮੀਤ ਕੌਰ, ਸੱਤ ਸਾਲਾ ਪੁੱਤਰ ਕਬੀਰ ਸਿੰਘ, ਢਾਈ ਸਾਲ ਦੀ ਬੇਟੀ ਵਾਨੀ ਅਤੇ ਭਰਾ ਸੰਦੀਪ ਸਿੰਘ ਨੂੰ ਛੱਡ ਗਿਆ ਹੈ।
2003 ਵਿੱਚ ਸੀਡੀਐਸ ਦੀ ਪ੍ਰੀਖਿਆ ਕੀਤੀ ਸੀ ਪਾਸ
ਦੱਸ ਦਈਏ ਕਿ ਕਰਨਲ ਮਨਪ੍ਰੀਤ ਸਿੰਘ ਨੇ 2003 ਵਿੱਚ ਸੀਡੀਐਸ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਸਿਖਲਾਈ ਲੈਣ ਤੋਂ ਬਾਅਦ 2005 ਵਿੱਚ ਲੈਫਟੀਨੈਂਟ ਬਣ ਗਏ ਸਨ। ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਟਰੇਨਿੰਗ ਲਈ ਜਾਂਦੇ ਸਮੇਂ ਮਨਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦਾ ਡਰ ਸੀ ਅਤੇ ਉਹ ਮੌਤ ਨੂੰ ਪਿੱਛੇ ਛੱਡ ਕੇ ਭਾਰਤ ਮਾਤਾ ਦੀ ਸੇਵਾ ਕਰਨ ਲਈ ਫੌਜ 'ਚ ਭਰਤੀ ਹੋ ਰਿਹਾ ਹੈ।
2021 ਵਿੱਚ ਮੈਡਲ ਨਾਲ ਕੀਤਾ ਗਿਆ ਸੀ ਸਨਮਾਨਿਤ
ਦੱਸਣਯੋਗ ਹੈ ਕਿ 2021 ਮਾਰਚ ਦੇ ਮਹੀਨੇ ਵਿੱਚ, ਕਰਨਲ ਮਨਪ੍ਰੀਤ ਸਿੰਘ ਨੂੰ ਉਸਦੀ ਹਿੰਮਤ ਲਈ ਬਹਾਦਰੀ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਹਵਲਦਾਰ ਵਜੋਂ ਸੇਵਾਮੁਕਤ ਹੋਏ ਸਨ ਕਰਨਲ ਮਨਪ੍ਰੀਤ ਸਿੰਘ ਦੇ ਪਿਤਾ
ਮਨਪ੍ਰੀਤ ਬਚਪਨ ਤੋਂ ਹੀ ਆਰਮੀ ਅਫਸਰ ਬਣਨਾ ਚਾਹੁੰਦਾ ਸੀ ਅਤੇ ਉਸ ਨੂੰ ਜਦੋਂ ਵੀ ਕੋਈ ਪੁੱਛਦਾ ਸੀ ਕਿ ਉਹ ਕੀ ਬਣਨਾ ਚਾਹੁੰਦਾ ਹੈ ਤਾਂ ਉਹ ਹਮੇਸ਼ਾ ਕਹਿੰਦਾ ਸੀ ਕਿ ਜਿਵੇਂ ਉਸ ਦਾ ਪਿਤਾ ਫ਼ੌਜ ਵਿੱਚ ਸਿਪਾਹੀ ਬਣ ਕੇ ਅਫ਼ਸਰਾਂ ਨੂੰ ਸਲਾਮ ਕਰਦਾ ਹੈ, ਇੱਕ ਦਿਨ ਉਹ ਅਫ਼ਸਰ ਬਣ ਕੇ ਆਪਣੇ ਪਿਤਾ ਦੇ ਨਾਲ ਖੜ੍ਹਾ ਹੋਵੇਗਾ। ਕਰਨੈਲ ਮਨਪ੍ਰੀਤ ਸਿੰਘ ਦੇ ਪਿਤਾ ਲਖਮੀਰ ਸਿੰਘ 12 ਸਿੱਖ ਲਾਈਟ ਇਨਫੈਂਟਰੀ ਤੋਂ ਹਵਲਦਾਰ ਵਜੋਂ ਸੇਵਾਮੁਕਤ ਹੋਏ ਸਨ।
ਐਸਡੀ ਕਾਲਜ ਦੇ ਟਾਪਰ ਰਹੇ ਹਨ ਕਰਨਲ ਮਨਪ੍ਰੀਤ ਸਿੰਘ!
ਇੱਕ ਰਿਪੋਰਟ ਦੇ ਮੁਤਾਬਕ ਮਨਪ੍ਰੀਤ ਸਿੰਘ ਬਚਪਨ ਤੋਂ ਹੀ ਪੜ੍ਹਾਈ 'ਚ ਟਾਪਰ ਸਨ ਅਤੇ ਉਨ੍ਹਾਂ ਨੇ ਪ੍ਰਾਇਮਰੀ ਦੀ ਪੜ੍ਹਾਈ ਕੇਂਦਰੀ ਵਿਦਿਆਲਿਆ ਮੁੱਲਾਂਪੁਰ ਤੋਂ ਹਾਸਿਲ ਕੀਤੀ ਅਤੇ ਬਾਅਦ ਵਿੱਚ ਸੈਕਟਰ-32 ਐਸਡੀ ਕਾਲਜ ਤੋਂ ਬੀ.ਕਾਮ. ਕੀਤੀ। ਉਨ੍ਹਾਂ ਚਾਰਟਰਡ ਅਕਾਊਂਟੈਂਟ ਦੀ ਪ੍ਰੀਖਿਆ ਵੀ ਪਾਸ ਕੀਤੀ ਅਤੇ ਸੀਡੀਐਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਫੌਜ ਵਿੱਚ ਜਾਣ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਪਹਿਲੀ ਜਮਾਤ ਤੋਂ ਲੈ ਕੇ ਬੀ.ਕਾਮ ਤੱਕ ਮਨਪ੍ਰੀਤ ਸਿੰਘ ਪੜ੍ਹਾਈ ਵਿੱਚ ਕਦੇ ਵੀ ਦੂਜੇ ਥਾਂ 'ਤੇ ਨਹੀਂ ਆਇਆ।
2016 'ਚ ਹੋਇਆ ਸੀ ਵਿਆਹ
ਦੱਸ ਦਈਏ ਕਿ ਮਨਪ੍ਰੀਤ ਸਿੰਘ ਦਾ ਵਿਆਹ ਪੰਚਕੂਲਾ ਦੀ ਰਹਿਣ ਵਾਲੀ ਜਗਮੀਤ ਕੌਰ ਨਾਲ 2016 ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਸੱਤ ਸਾਲ ਦਾ ਬੇਟਾ ਕਬੀਰ ਸਿੰਘ ਅਤੇ ਦੂਜੀ ਢਾਈ ਸਾਲ ਦੀ ਬੇਟੀ ਵਾਣੀ ਹੈ। ਜਗਮੀਤ ਕੌਰ ਪੰਚਕੂਲਾ ਦੇ ਮੋਰਨੀ ਵਿੱਚ ਅਧਿਆਪਕ ਵਜੋਂ ਕੰਮ ਕਰਦੀ ਹੈ।
ਕਰਨਲ ਮਨਪ੍ਰੀਤ ਸਿੰਘ ਦੇ ਪਰਿਵਾਰ 'ਚ ਦੇਸ਼ਭਗਤੀ
ਕਰਨੈਲ ਮਨਪ੍ਰੀਤ ਸਿੰਘ ਦੇ ਦਾਦਾ ਮਰਹੂਮ ਸ਼ੀਤਲ ਸਿੰਘ, ਤੇ ਉਨ੍ਹਾਂ ਦੇ ਭਰਾ ਸਾਧੂ ਸਿੰਘ ਅਤੇ ਤ੍ਰਿਲੋਕ ਸਿੰਘ, ਤਿੰਨੇ ਫੌਜ ਤੋਂ ਸੇਵਾਮੁਕਤ ਹੋਏ ਸਨ। ਉਸਦੇ ਪਿਤਾ ਲਖਮੀਰ ਸਿੰਘ ਫ਼ੌਜ ਵਿੱਚ ਕਾਂਸਟੇਬਲ ਵਜੋਂ ਭਰਤੀ ਹੋ ਕੇ ਹਵਲਦਾਰ ਦੇ ਅਹੁਦੇ ’ਤੇ ਸੇਵਾਮੁਕਤ ਹੋਏ ਸਨ। ਮਨਪ੍ਰੀਤ ਸਿੰਘ ਦੇ ਚਾਚਾ ਵੀ ਫੌਜ ਵਿੱਚ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ: Anantnag Encounter News: ਜੰਮੂ-ਕਸ਼ਮੀਰ 'ਚ ਹੋਇਆ '3 ਸਾਲਾਂ ਦਾ ਸਭ ਤੋਂ ਵੱਡਾ ਹਮਲਾ', ਕਰਨਲ ਸਣੇ 4 ਜਵਾਨ ਸ਼ਹੀਦ