Chandigarh News: ਯੂਟੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ 500 ਗਜ਼ ਦੇ 6408 ਮਕਾਨਾਂ ਵਿੱਚੋਂ 1867 ਘਰਾਂ ਦੀਆਂ ਛੱਤਾਂ ’ਤੇ ਹੀ ਸੋਲਰ ਪਲਾਂਟ ਲੱਗ ਸਕੇ ਹਨ ਜਦੋਂਕਿ 4500 ਦੇ ਕਰੀਬ ਘਰਾਂ ਦੀਆਂ ਛੱਤਾਂ ’ਤੇ ਸੋਲਰ ਪਲਾਂਟ ਲੱਗਣੇ ਹਾਲੇ ਬਾਕੀ ਹਨ।
Trending Photos
Chandigarh News: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ 500 ਗਜ਼ ਤੋਂ ਵੱਧ ਦੀਆਂ ਜਾਇਦਾਦਾਂ ’ਤੇ ਸੋਲਰ ਪਾਵਰ ਪਲਾਂਟ ਲਗਾਉਣੇ ਲਾਜ਼ਮੀ ਕੀਤੇ ਹੋਏ ਹਨ ਪਰ ਅੱਠ ਸਾਲ ਬੀਤ ਜਾਣ ਦੇ ਬਾਵਜੂਦ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਘਰ ਅਜਿਹੇ ਹਨ, ਜਿਨ੍ਹਾਂ ’ਤੇ ਸੋਲਰ ਪਲਾਂਟ ਨਹੀਂ ਲੱਗ ਸਕੇ ਹਨ। ਉੱਧਰ, ਯੂਟੀ ਪ੍ਰਸ਼ਾਸਨ ਨੇ ਘਰ ਦੀਆਂ ਛੱਤਾਂ ’ਤੇ ਸੋਲਰ ਪਲਾਂਟ ਨਾ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਖਿੱਚ ਲਈ ਹੈ।
ਹੁਣ ਅਸਟੇਟ ਵਿਭਾਗ ਵੱਲੋਂ ਸੋਲਰ ਪਲਾਂਟ ਨਾ ਲਗਾਉਣ ਵਾਲਿਆਂ ਨੂੰ ਨੋਟਿਸ ਭੇਜੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਪਿਛਲੇ ਦਿਨੀਂ ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ (ਕਰੱਸਟ) ਦੀ ਮੀਟਿੰਗ ਵਿੱਚ ਕੀਤਾ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਸੋਲਰ ਪਲਾਂਟ ਲਗਾਉਣ ਲਈ ਅਰਜ਼ੀਆਂ ਦੇਣ ਵਿੱਚ ਬਕਾਇਆ ਰਹਿਣ ਵਾਲੇ ਲੋਕਾਂ ਨੂੰ ਕੁਝ ਸਮਾਂ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕੋਈ ਵਾਧੂ ਸਮਾਂ ਨਾ ਦੇਣ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਸਾਰਿਆਂ ਨੇ ਸ਼ਹਿਰ ਦੇ ਲੋਕਾਂ ਨੂੰ ਹੋਰ ਵਾਧੂ ਸਮਾਂ ਨਾ ਦੇਣ ਦੇ ਫ਼ੈਸਲੇ ’ਤੇ ਆਖ਼ਰੀ ਮੋਹਰ ਲਗਾਈ।
ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ 500 ਗਜ਼ ਜਾਂ ਇਸ ਤੋਂ ਵੱਧ ਜਾਇਦਾਦ ਦੀਆਂ ਇਮਾਰਤਾਂ ਵਾਲੇ ਉਨ੍ਹਾਂ ਲੋਕਾਂ ਨੂੰ ਰਿਆਇਤ ਦਿੱਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ਅਰਜ਼ੀਆਂ ਦਿੱਤੀਆਂ ਹੋਈਆਂ ਹਨ। ਜਿਨ੍ਹਾਂ ਲੋਕਾਂ ਨੇ ਅਪਲਾਈ ਨਹੀਂ ਕੀਤਾ ਹੈ, ਉਨ੍ਹਾਂ ਨੂੰ ਕੋਈ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ। ਅਜਿਹੇ ਵਿਅਕਤੀਆਂ ਨੂੰ ਹੁਣ ਅਸਟੇਟ ਦਫ਼ਤਰ ਵੱਲੋਂ ਨੋਟਿਸ ਜਾਰੀ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਅਸਟੇਟ ਵਿਭਾਗ ਨੇ ਵੀ ਲੋਕਾਂ ਨੂੰ ਨੋਟਿਸ ਜਾਰੀ ਕਰਨ ਦੀ ਤਿਆਰੀ ਖਿੱਚ ਲਈ ਹੈ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸਾਲ 2016 ਵਿੱਚ ਸ਼ਹਿਰ ਦੀਆਂ 500 ਵਰਗ ਗਜ਼ ਜਾਂ ਇਸ ਤੋਂ ਵੱਧ ਦੇ ਪਲਾਟਾਂ ਵਾਲੇ ਰਿਹਾਇਸ਼ੀ ਘਰਾਂ ਨੂੰ ਬਿਲਡਿੰਗ ਬਾਈਲਾਜ਼ ਦੀ ਪਾਲਣਾ ਕਰਨ ਲਈ ਸੋਲਰ ਪਾਵਰ ਸਿਸਟਮ ਲਗਾਉਣੇ ਲਾਜ਼ਮੀ ਕੀਤੇ ਸਨ। ਹੁਣ 250 ਵਰਗ ਗਜ਼ ਦੇ ਪਲਾਟਾਂ ਦੇ ਮਾਲਕਾਂ ਨੂੰ ਸ਼ਹਿਰ ਵਿੱਚ ਸੋਲਰ ਪਾਵਰ ਪਲਾਂਟ ਲਗਾਉਣੇ ਲਾਜ਼ਮੀ ਕਰ ਦਿੱਤੇ ਹਨ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਪਿਛਲੇ ਦਿਨੀਂ ਸ਼ਹਿਰੀ ਯੋਜਨਾ ਵਿਭਾਗ ਦੇ ਸਕੱਤਰ ਨੂੰ ਬਿਲਡਿੰਗ ਉਪ-ਨਿਯਮਾਂ ਵਿੱਚ ਸੋਧ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਰਿਹਾਇਸ਼ੀ ਇਮਾਰਤਾਂ ਦਾ ਆਕਾਰ 500 ਵਰਗ ਗਜ਼ ਤੋਂ ਘਟਾ ਕੇ 250 ਵਰਗ ਗਜ਼ ਕਰ ਦਿੱਤਾ ਸੀ ਪਰ ਸ਼ੁਰੂਆਤੀ ਸਮੇਂ ਵਿੱਚ ਯੂਟੀ ਪ੍ਰਸ਼ਾਸਨ ਵੱਲੋਂ 500 ਗਜ਼ ਵਾਲੇ ਮਕਾਨ ਮਾਲਕਾਂ ਨਾਲ ਸਖ਼ਤੀ ਕੀਤੀ ਜਾ ਰਹੀ ਹੈ।
6408 ਮਕਾਨਾਂ ਵਿੱਚੋਂ 1867 ਘਰਾਂ ’ਤੇ ਲੱਗੇ ਸੋਲਰ ਪਲਾਂਟ
ਯੂਟੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ 500 ਗਜ਼ ਦੇ 6408 ਮਕਾਨਾਂ ਵਿੱਚੋਂ 1867 ਘਰਾਂ ਦੀਆਂ ਛੱਤਾਂ ’ਤੇ ਹੀ ਸੋਲਰ ਪਲਾਂਟ ਲੱਗ ਸਕੇ ਹਨ ਜਦੋਂਕਿ 4500 ਦੇ ਕਰੀਬ ਘਰਾਂ ਦੀਆਂ ਛੱਤਾਂ ’ਤੇ ਸੋਲਰ ਪਲਾਂਟ ਲੱਗਣੇ ਹਾਲੇ ਬਾਕੀ ਹਨ।