Police Encounter: ਹੁਸ਼ਿਆਰਪੁਰ ਅਧੀਨ ਪੈਂਦੇ ਕਸਬਾ ਚੱਬੇਵਾਲ ’ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਚੱਲੇ ਮੁਕਾਬਲੇ ਵਿੱਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Trending Photos
Police Encounter: ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਕਸਬਾ ਚੱਬੇਵਾਲ ’ਚ ਪੁਲਿਸ ਤੇ ਲੁਟੇਰਿਆਂ ਵਿਚਕਾਰ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਛੇੜੀ ਗਈ ਮੁਹਿੰਮ ਤਹਿਤ ਸ਼ਨਿੱਚਰਵਾਰ ਨੂੰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਲਾਕੇ 'ਚ ਵੱਖ-ਵੱਖ ਵਾਰਦਾਤਾਂ 'ਚ ਲੋੜੀਂਦੇ ਤਿੰਨ ਬਦਮਾਸ਼ਾਂ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ।
ਇਸ ਮੁੱਠਭੇੜ ਦੌਰਾਨ ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਵੱਲੋਂ ਚਲਾਈਆਂ ਗੋਲੀਆਂ ਨਾਲ 2 ਲੁਟੇਰੇ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਨੇ ਕਾਰਵਾਈ ਦੌਰਾਨ 3 ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਇਸ ਮੌਕੇ ਐਸ.ਪੀ. ਸਰਬਜੀਤ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਵਿੰਦਰ ਪਾਲ ਮੌਜੂਦ ਸਨ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਲੁਟੇਰੇ ਚੱਬੇਵਾਲ ਸਮੇਤ ਹੋਰਨਾਂ ਗੋਲੀਕਾਂਡ ਦੀਆਂ ਵਾਰਦਾਤਾਂ ’ਚ ਵੀ ਸ਼ਾਮਿਲ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਚੱਬੇਵਾਲ ਵਿੱਚ ਕੁਝ ਦਿਨ ਪਹਿਲਾਂ ਇੱਕ ਹਾਰਡਵੇਅਰ ਦੀ ਦੁਕਾਨ ਉਪਰ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਸੀ। ਇਸ ਕੇਸ ਨੂੰ ਸੁਲਝਾਉਂਦੇ ਹੋਏ ਪੁਲਿਸ ਇਨ੍ਹਾਂ ਤਿੰਨ ਬਦਮਾਸ਼ਾਂ ਤੱਕ ਪੁੱਜੀ ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਸ਼ਿਆਰਪੁਰ ਦੇ ਹਰਿਆਣਾ, ਚੱਬੇਵਾਲ ਤੇ ਮਹਿਤਪੁਰ ਥਾਣੇ 'ਚ ਵੀ ਇਨ੍ਹਾਂ ਤਿੰਨਾਂ ਖ਼ਿਲਾਫ਼ ਵੱਖ-ਵੱਖ ਮਾਮਲੇ ਦਰਜ ਹਨ। ਜਿਨ੍ਹਾਂ 'ਚ ਪੁਲਿਸ ਨੂੰ ਇਹ ਲੋੜੀਂਦੇ ਸਨ।
ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੇ ਪਿੰਡ ਤਿਓਣਾ ਪੁਜਾਰੀਆ ਵਿੱਚ ਪੁਲਿਸ ਮੁੱਠਭੇੜ ਦੌਰਾਨ ਗੈਂਗਸਟਰ ਜ਼ਖ਼ਮੀ ਹੋ ਗਿਆ ਸੀ ਜਦਕਿ ਉਸਦੇ ਦੂਜੇ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਦੋਵੇਂ ਗੈਂਗਸਟਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਲਵੰਡੀ ਸਾਬੋ ਦੇ ਪਿੰਡ ਤਿਓਣਾ ਪੁਜਾਰੀਆ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ : Ludhiana Triple Murder case: ਲੁਧਿਆਣਾ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਤੀਹਰਾ ਕਤਲ ਮਾਮਲਾ, ਜਾਣੋ ਕੌਣ ਸੀ ਕਾਤਲ
ਬਠਿੰਡਾ ਸੀਆਈਏ ਵਨ ਟੀਮ ਨੂੰ ਸੂਚਨਾ ਮਿਲਣ 'ਤੇ ਜਦੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਵਾਬੀ ਗੋਲੀਬਾਰੀ 'ਚ ਮਨਿੰਦਰ ਸਿੰਘ ਉਰਫ ਘੋੜਾ ਪੁੱਤਰ ਅਵਤਾਰ ਸਿੰਘ ਵਾਸੀ ਜੱਜਲ ਨਾਮਕ ਗੈਂਗਸਟਰ ਲੱਤ 'ਚ ਗੋਲ਼ੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ, ਜਦਕਿ ਉਸ ਦੇ ਦੂਜੇ ਸਾਥੀ ਨੂੰ ਬੁੱਧ ਰਾਮ ਪੁਲਿਸ ਨੇ ਕਾਬੂ ਕਰ ਲਿਆ ਸੀ। ਇਹ ਦੋਵੇਂ ਗੈਂਗਸਟਰ ਭੱਜਣ ਦਾ ਯਤਨ ਕਰ ਰਹੇ ਸਨ ਪਰ ਪੁਲਿਸ ਨੇ ਕਾਬੂ ਕਰ ਲਿਆ ਸੀ। ਦੋਵਾਂ ਗੈਂਗਸਟਰਾਂ ਦਾ ਸਬੰਧ ਗੋਲਡੀ ਬਰਾੜ ਗਿਰੋਹ ਨਾਲ ਦੱਸਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : Panipat Encounter: ਐਨਕਾਊਂਟਰ 'ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਆਰੋਪੀ ਪ੍ਰਿਅਵਰਤ ਫੌਜੀ ਦਾ ਭਰਾ!