Murder Case: ਪੁਲਿਸ ਨੇ ਬਿਰਧ ਆਸ਼ਰਮ ਨਜ਼ਦੀਕੀ ਹੋਏ ਕਤਲ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Trending Photos
Murder Case: ਪਿੰਡ ਬੁੱਚੜਾਂ ਨੇੜੇ ਬਣ ਰਹੇ ਬਿਰਧ ਆਸ਼ਰਮ ਕੋਲ ਹੋਏ ਇੱਕ ਕਤਲ ਦੇ ਦੋਵੇਂ ਕਥਿਤ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਇੱਕ ਮੋਟਰਸਾਈਕਲ ਉਤੇ ਤੇਜ਼ਧਾਰ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਬੀਤੀ 29 ਜੁਲਾਈ ਨੂੰ ਥਾਣਾ ਸਰਹਿੰਦ ਦੇ ਮੁੱਖ ਥਾਣਾ ਅਫ਼ਸਰ ਇੰਸਪੈਕਟਰ ਗੁਰਦੀਪ ਸਿੰਘ ਕੋਲ ਜਸਵੀਰ ਕੌਰ ਪਤਨੀ ਸੁਰਿੰਦਰ ਸਿੰਘ ਉਰਫ ਸ਼ਿੰਦਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੇਦਪੁਰਾ ਥਾਣਾ ਸਰਹਿੰਦ ਨੇ ਬਿਆਨ ਦਰਜ ਕਰਵਾਇਆ। 28 ਜੁਲਾਈ ਨੂੰ ਜਸਵੀਰ ਕੌਰ ਆਪਣੇ ਪਤੀ ਸੁਰਿੰਦਰ ਸਿੰਘ ਨਾਲ ਮੋਟਰਸਾਈਕਲ ਉਪਰ ਤੇ ਜਸਵੀਰ ਕੌਰ ਦਾ ਭਤੀਜਾ ਗੁਰਜੀਤ ਸਿੰਘ ਤੇ ਉਸ ਦਾ ਦੋਸਤ ਸੁਖਵੀਰ ਸਿੰਘ ਉਰਫ ਸੁੱਖ ਆਪਣੇ ਮੋਟਰ ਸਾਈਕਲਾਂ ਉਤੇ ਸਵਾਰ ਹੋ ਕੇ ਪਿੰਡ ਬੁੱਚੜਾਂ ਨੇੜੇ ਬਣ ਰਹੇ ਬਿਰਧ ਆਸ਼ਰਮ ਵਿਖੇ ਖਾਣ-ਪੀਣ ਲਈ ਗਏ ਸਨ।
ਜਦੋਂ ਸੁਰਿੰਦਰ ਸਿੰਘ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਜਸਵੀਰ ਕੌਰ ਵੀ ਬਿਰਧ ਆਸ਼ਰਮ ਚਲੀ ਗਈ। ਜਸਵੀਰ ਕੌਰ ਨੇ ਦੱਸਿਆ ਕਿ ਉਸ ਨੇ ਵੇਖਿਆ ਕਿ ਗੁਰਜੀਤ ਸਿੰਘ ਤੇ ਸੁਖਵੀਰ ਸਿੰਘ ਉਰਫ ਸੁੱਖੂ ਨੇ ਉਸ ਦੇ ਘਰਵਾਲੇ ਸੁਰਿੰਦਰ ਸਿੰਘ ਨੂੰ ਜ਼ਮੀਨ ਉਤੇ ਸੁੱਟਿਆ ਹੋਇਆ ਸੀ ਤੇ ਸੁਖਵੀਰ ਸਿੰਘ ਨੇ ਸੁਰਿੰਦਰ ਸਿੰਘ ਦੀਆਂ ਦੋਵੇਂ ਬਾਂਹਾਂ ਫੜੀਆਂ ਹੋਈਆਂ ਸਨ। ਜਸਵੀਰ ਕੌਰ ਦੇ ਵੇਖਦੇ-ਵੇਖਦੇ ਗੁਰਜੀਤ ਸਿੰਘ ਨੇ ਚਾਕੂ ਨਾਲ ਸੁਰਿੰਦਰ ਸਿੰਘ ਦੇ ਗਲੇ ਉਤੇ ਕਈ ਵਾਰ ਕੀਤੇ ਜਿਸ ਨਾਲ ਸੁਰਿੰਦਰ ਸਿੰਘ ਖੂਨ ਨਾਲ ਲਥਪਥ ਹੋ ਗਿਆ।
ਵਾਹਨ ਦਾ ਇੰਤਜਾਮ ਕਰਕੇ ਸੁਰਿੰਦਰ ਸਿੰਘ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਜਸਵੀਰ ਕੌਰ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਦੋਵੇਂ ਕਥਿਤ ਦੋਸ਼ੀਆ ਵਿਰੁੱਧ ਧਾਰਾ 302 ਤੇ 34 ਅਧੀਨ ਥਾਣਾ ਸਰਹਿੰਦ ਵਿਖੇ 29 ਜੁਲਾਈ ਨੂੰ ਮੁਕੱਦਮਾ ਨੰ: 102 ਦਰਜ ਕਰ ਲਿਆ ਸੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਇਹ ਰੰਜਿਸ਼ ਦੀ ਇਹ ਵਜ੍ਹਾ ਸਾਹਮਦੇ ਆਈ ਕਿ ਮ੍ਰਿਤਕ ਸੁਰਿੰਦਰ ਸਿੰਘ ਮੁਲਜ਼ਮ ਗੁਰਜੀਤ ਸਿੰਘ ਦਾ ਸ਼ਰੀਕੇ ਵਿੱਚੋਂ ਫੁੱਫੜ ਲੱਗਦਾ ਸੀ, ਜੋ ਕਥਿਤ ਦੋਸ਼ੀ ਗੁਰਜੀਤ ਸਿੰਘ ਦੀ ਪਤਨੀ ਉਤੇ ਗਲਤ ਨਜ਼ਰ ਰੱਖਦਾ ਸੀ। ਮਿਤੀ 29-07-2023 ਨੂੰ ਮ੍ਰਿਤਕ ਸੁਰਿੰਦਰ ਸਿੰਘ ਕਥਿਤ ਦੋਸ਼ੀ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਨੇ ਪਹਿਲਾਂ ਤਾਂ ਇਕੱਠੇ ਸ਼ਰਾਬ ਪੀਤੀ।
ਮੁਲਜ਼ਮ ਦੀ ਪਤਨੀ ਨਾਲ ਰਹਿਣ ਦੀ ਗਲਤ ਮੰਗ ਰੱਖੀ
ਇਸ ਦੌਰਾਨ ਗੁਰਜੀਤ ਸਿੰਘ ਨੇ ਸੁਰਿੰਦਰ ਸਿੰਘ ਕੋਲੋਂ ਉਧਾਰ ਪੈਸਿਆਂ ਦੀ ਮੰਗ ਕੀਤੀ ਤਾਂ ਸੁਰਿੰਦਰ ਸਿੰਘ ਨੇ ਉਸ ਕੋਲੋਂ ਉਸਦੀ ਪਤਨੀ ਨਾਲ ਰਹਿਣ ਸਬੰਧੀ ਗਲਤ ਮੰਗ ਕੀਤੀ ਤਾਂ ਕਥਿਤ ਦੋਸ਼ੀ ਗੁਰਜੀਤ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਤਿੰਨੇ ਜਾਣੇ ਆਪਸ ਵਿੱਚ ਹੱਥੋਪਾਈ ਹੋ ਗਏ ਅਤੇ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਨੇ ਮਿਲ ਕੇ ਸੁਰਿੰਦਰ ਸਿੰਘ ਦੇ ਗਲ਼ ਉਤੇ ਚਾਕੂ ਦਾ ਵਾਰ ਕੀਤੇ ਗਏ ਜਿਸ ਉਸ ਦੀ ਮੌਤ ਹੋ ਗਈ।
ਡਾ. ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਜਸਵੀਰ ਕੌਰ ਦੀ ਸ਼ਨਾਖਤ ਉਤੇ ਕਥਿਤ ਦੋਸ਼ੀ ਗੁਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਹਰਪਾਲ ਪੁਰ, ਥਾਣਾ ਖੇੜੀ ਗੰਢਿਆ, ਜ਼ਿਲ੍ਹਾ ਪਟਿਆਲਾ ਨੂੰ ਸਰਹਿੰਦ ਨਜ਼ਦੀਕ ਨਵੇਂ ਬੱਸ ਸਟੈਂਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੂਜੇ ਕਥਿਤ ਦੋਸ਼ੀ ਸੁਖਵੀਰ ਸਿੰਘ ਉਰਫ ਸੁੱਖੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਵਾਨੀ ਕਲਾਂ, ਥਾਣਾ ਪੁਖਰਾਲੀ ਜ਼ਿਲ੍ਹਾ ਰੂਪਨਗਰ ਨੂੰ ਵਾਰਦਾਤ ਸਮੇਂ ਵਰਤੇ ਗਏ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਸਮੇਤ ਪਿੰਡ ਫਾਟਕ ਮਾਜਰੀ ਤੋਂ ਗ੍ਰਿਫਤਾਰ ਕਰ ਲਿਆ।
ਜਿਸ ਕੋਲੋਂ ਮ੍ਰਿਤਕ ਸੁਰਿੰਦਰ ਸਿੰਘ ਦਾ ਪਰਸ ਨਬੀਪੁਰ ਨਹਿਰ ਦੇ ਨਜ਼ਦੀਕ ਝਾੜੀਆਂ ਵਿੱਚੋਂ ਬਰਾਮਦ ਕਰਵਾਇਆ ਗਿਆ। ਕਥਿਤ ਦੋਸ਼ੀਆਂ ਗੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਉਰਫ ਸੁੱਖੂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਤੇਜਧਾਰ ਚਾਕੂ ਜੋ ਕਿ ਇਨ੍ਹਾਂ ਨੇ ਪਿੰਡ ਸੈਦਪੁਰ ਨੇੜੇ ਪੀਰ ਬਾਬੇ ਦੀ ਜਗ੍ਹਾਂ ਝਾੜੀਆਂ ਵਿੱਚ ਛੁਪਾਇਆ ਹੋ ਸੀ ਅਤੇ ਵਾਰਦਾਤ ਸਮੇਂ ਕਥਿਤ ਦੋਸ਼ੀ ਗੁਰਜੀਤ ਸਿੰਘ ਦੇ ਪਹਿਨੇ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਕਥਿਤ ਦੋਸ਼ੀ ਪੁਲਿਸ ਰਿਮਾਂਡ ਉਤੇ ਹਨ ਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ : Terrorist incidents in India: ਚੰਗੀ ਖ਼ਬਰ! ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਦਹਿਸ਼ਤਗਰਦੀ ਤੇ ਘੁਸਪੈਠ ਦੀਆਂ ਘਟਨਾਵਾਂ 'ਚ ਵੱਡੀ ਗਿਰਾਵਟ