ਰਾਮ ਰਹੀਮ ਦੀ ਮਾਂ ਨੇ ਪੁੱਤਰ ਦੀ ਪੈਰੋਲ ਲਈ ਲਗਾਈ ਅਰਜ਼ੀ,ਆਪਣੀ ਤਬੀਅਤ ਖ਼ਰਾਬ ਹੋਣ ਦਾ ਦਿੱਤਾ ਹਵਾਲਾ

ਰੋਹਤਕ ਜੇਲ੍ਹ ਸੁਪਰੀਟੈਂਡੈਂਟ ਨੇ ਸਿਰਸਾ ਦੇ SSP ਤੋਂ ਮੰਗੀ ਰਿਪੋਰਟ 

 ਰਾਮ ਰਹੀਮ ਦੀ ਮਾਂ ਨੇ ਪੁੱਤਰ ਦੀ ਪੈਰੋਲ ਲਈ ਲਗਾਈ ਅਰਜ਼ੀ,ਆਪਣੀ ਤਬੀਅਤ ਖ਼ਰਾਬ ਹੋਣ ਦਾ ਦਿੱਤਾ ਹਵਾਲਾ
ਰੋਹਤਕ ਜੇਲ੍ਹ ਸੁਪਰੀਟੈਂਡੈਂਟ ਨੇ ਸਿਰਸਾ ਦੇ SSP ਤੋਂ ਮੰਗੀ ਰਿਪੋਰਟ

ਰਾਜਨ ਸ਼ਰਮਾ/ਚੰਡੀਗੜ੍ਹ : ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਮਾਂ ਵੱਲੋਂ ਪੁੱਤਰ ਦੀ  ਪੈਰੋਲ ਦੇ ਲਈ ਅਰਜ਼ੀ ਲਗਾਈ ਗਈ ਹੈ, ਜਿਸ 'ਤੇ ਰੋਹਤਕ ਜੇਲ੍ਹ ਦੇ ਸੁਪਰੀਟੈਂਡੈਂਟ ਵੱਲੋਂ ਸਿਰਸਾ ਦੇ ਐੱਸਐੱਸਪੀ ਤੋਂ ਰਿਪੋਰਟ ਮੰਗੀ ਗਈ ਸੀ, ਪੈਰੋਲ ਦੀ ਅਰਜ਼ੀ ਵਿੱਚ ਮਾਂ ਨੇ ਆਪਣੀ ਤਬੀਅਤ ਖ਼ਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਰਾਮ ਰਹੀਮ ਨੂੰ ਪੈਰੋਲ 'ਤੇ ਰਿਹਾ ਕਰਨ ਦੀ ਅਪੀਲ ਕੀਤੀ ਸੀ,ਉਧਰ ਸੂਤਰਾਂ ਤੋਂ ਖ਼ਬਰ ਮਿਲ ਰਹੀ ਹੈ ਐੱਸਪੀ  ਨੇ ਆਪਣੀ ਰਿਪੋਰਟ ਜੇਲ੍ਹ ਸੁਪਰੀਟੈਂਡੈਂਟ ਨੂੰ ਭੇਜ ਦਿੱਤੀ ਹੈ ਜਿਸ ਵਿੱਚ ਮਾਂ ਦੀ ਮੈਡੀਕਲ ਰਿਪੋਰਟ ਨੂੰ ਨਾਰਮਲ ਦੱਸਿਆ ਗਿਆ ਹੈ, ਇਸ ਤੋਂ ਬਾਅਦ ਮੰਨਿਆ ਜਾ ਰਿਹਾ ਡੇਰਾ ਮੁਖੀ ਰਾਮ ਰਹੀਮ ਨੂੰ ਹੁਣ ਪੈਰੋਲ ਮਿਲਣੀ ਮੁਸ਼ਕਲ ਹੈ

ਰਾਮ ਰਹੀਮ ਦੇ ਪੈਰੋਲ 'ਤੇ ਵਿਵਾਦ 

ਰਾਮ ਰਹੀਮ ਨੂੰ ਜੇਲ੍ਹ ਵਿੱਚ ਬੰਦ ਢਾਈ ਸਾਲ ਦਾ ਸਮਾਂ ਗੁਜ਼ਰ ਚੁੱਕਾ ਹੈ, ਇਸ ਦੌਰਾਨ ਪਿਛਲੇ ਸਾਲ ਰਾਮ ਰਹੀਮ ਨੇ 42 ਦਿਨਾਂ ਦੀ ਪੈਰੋਲ ਮੰਗੀ ਸੀ,ਰੋਹਤਕ ਦੀ ਸੁਨਾਰੀਆ ਜੇਲ੍ਹ ਦੇ  ਮੁੱਖ ਅਧਿਕਾਰੀ ਨੇ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਦੇ ਸਬੰਧ ਵਿੱਚ ਸਿਫ਼ਾਰਿਸ਼ ਮੰਗੀ,ਡਿਪਟੀ ਕਮਿਸ਼ਨਰ ਵੱਲੋਂ ਇਨਕਾਰ ਕਰਨ ਤੋਂ ਬਾਅਦ ਰਾਮ ਰਹੀਮ ਨੇ ਅਦਾਲਤ ਵਿੱਚੋਂ ਪੈਰੋਲ  ਆਪਣੀ ਅਰਜ਼ੀ ਵਾਪਸ ਲੈ ਲਈ ਸੀ 

ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਸਜ਼ਾ

25 ਅਗਸਤ 2017 ਨੂੰ ਪੰਚਕੂਲਾ ਦੀ ਅਦਾਲਤ ਨੇ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਜਿਸਤੋਂ ਬਾਅਦ ਪੰਚਕੂਲਾ ਵਿੱਚ ਹਿੰਸਾ ਭੜਕੀ ਸੀ, 28 ਅਗਸਤ 2017 ਨੂੰ ਪੰਚਕੂਲਾ ਦੀ ਅਦਾਲਤ ਨੇ ਰਾਮ ਰਹੀਮ ਨੂੰ ਬਲਾਤਕਾਰ ਦੇ 2 ਵੱਖ-ਵੱਖ ਮਾਮਲਿਆਂ ਵਿੱਚ 10-10 ਸਾਲ ਸਜ਼ਾ ਸੁਣਾਈ ਸੀ, ਦਰਾਸਲ 2002 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਚਿੱਠੀ ਲਿਖ ਕੇ  2 ਕੁੜੀਆਂ ਨੇ ਰਾਮ ਰਹੀਮ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ ਜਿਸ ਤੋਂ ਬਾਅਦ ਪੂਰਾ ਮਾਮਲਾ ਸੀਬੀਆਈ ਨੂੰ  ਸੌਂਪ ਦਿੱਤਾ ਗਿਆ ਸੀ 

ਪੱਤਰਕਾਰ ਛੱਤਰਪਤੀ ਕਤਲ ਕਾਂਡ ਵਿੱਚ ਸਜ਼ਾ

ਰਾਮ ਰਹੀਮ ਨੂੰ ਪੱਤਰਕਾਰ ਛੱਤਰਪਤੀ ਕਤਲ ਕਾਂਡ ਦੇ ਮਾਮਲੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਮਿਲ ਚੁੱਕੀ ਹੈ,ਰਾਮ ਰਹੀਮ ਦੇ ਨਾਲ ਇਸ ਮਾਮਲੇ ਵਿੱਚ 4 ਹੋਰ ਲੋਕਾਂ ਨੂੰ ਵੀ ਸਜ਼ਾ ਸੁਣਾਈ ਗਈ ਸੀ,ਪੱਤਰਕਾਰ ਰਾਮ ਚੰਦਰ  ਛੱਤਰਪਤੀ ਨੇ ਹੀ ਆਪਣੇ ਅਖ਼ਬਾਰ ਵਿੱਚ ਰਾਮ ਰਹੀਮ ਦੇ ਬਲਾਤਕਾਰ ਦਾ ਮਾਮਲਾ ਨਸ਼ਰ ਕੀਤਾ ਸੀ ਜਿਸਤੋਂ ਬਾਅਦ ਰਾਮ ਚੰਦਰ ਛੱਤਰਪਤੀ ਦਾ ਕਤਲ ਕਰ ਦਿੱਤਾ ਗਿਆ ਸੀ