Amritsar News: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਗੁਰੂ ਘਰਾਂ ਦੇ ਵਿੱਚ ਚੋਣ ਨਹੀਂ ਹੋਣੀ ਚਾਹੀਦੀ ਆਪਸੀ ਸਰਬ ਸੰਮਤੀ ਹੋਣੀ ਚਾਹੀਦੀ ਹੈ।
Trending Photos
Amritsar News: ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਈ ਬਲਜੀਤ ਸਿੰਘ ਦਾਦੂਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਜਿੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਉਹਨਾਂ ਨੂੰ ਨਵੀਂ ਵੱਡੀ ਜਿੰਮੇਵਾਰੀ ਮਿਲੀ ਹੈ ਜਿਸ ਦੇ ਤਹਿਤ ਉਹ ਅੱਜ ਹਰਿਮੰਦਰ ਸਾਹਿਬ ਗੁਰੂ ਜੀ ਅੱਗੇ ਨਤਮਸਤਕ ਹੋਣ ਲਈ ਪਹੁੰਚੇ ਹਨ ਅਤੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਹੈ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਗੁਰੂ ਘਰਾਂ ਦੇ ਵਿੱਚ ਚੋਣ ਨਹੀਂ ਹੋਣੀ ਚਾਹੀਦੀ ਆਪਸੀ ਸਰਬ ਸੰਮਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੀ ਜਗ੍ਹਾ ਉੱਤੇ ਸਲੈਕਸ਼ਨ ਹੋਵੇ ਯਾਨੀ ਜਿੰਨੀ ਸਿੱਖ ਸੰਗਤ ਹੈ ਉਹ ਆਪਣੇ ਨੁਮਾਇੰਦੇ ਆਪ ਚੁਣਨ।
ਇਸ ਮੌਕੇ ਵਿਰਸਾ ਵਲਟੋਹਾ ਅਤੇ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਚੱਲ ਰਹੇ ਵਿਵਾਦ ਤੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਜਿੰਨਾ ਚਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਦਲ ਪਰਿਵਾਰ ਦੀ ਪੁਸ਼ਤ ਪਨਾਹੀ ਕਰਦੇ ਰਹਿੰਦੇ ਹਨ ਉਨ੍ਹਾਂ ਚਿਰ ਉਹ ਠੀਕ ਰਹਿੰਦੇ ਹਨ ਅਤੇ ਜਦੋਂ ਹੀ ਪੰਥ ਦੇ ਹਿੱਤ ਵਿੱਚ ਜਥੇਦਾਰ ਕੋਈ ਫੈਸਲਾ ਕਰਦੇ ਹਨ ਤਾਂ ਉਹ ਬਾਦਲ ਵਿਰੋਧੀ ਹੋ ਜਾਂਦੇ ਹਨ ਤੇ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਹੈ।
ਦਾਦੂਵਾਲ ਨੇ ਕਿਹਾ ਕਿ ਜਦੋਂ ਬਾਦਲਾਂ ਨੇ ਆਪਣੇ ਜਥੇਦਾਰ ਤਖਤਾਂ ਉੱਤੇ ਲਗਾਉਣੇ ਹੁੰਦੇ ਹਨ ਉਹ ਉਨਾਂ ਨੂੰ ਹਾਥੀਆਂ ਤੇ ਬਿਠਾ ਕੇ ਲੈ ਕੇ ਆਉਂਦੇ ਹਨ ਅਤੇ ਜਦੋਂ ਉਹਨਾਂ ਨੂੰ ਅਹੁਦੇ ਤੋਂ ਲਾ ਦਿੱਤਾ ਜਾਂਦਾ ਹੈ। ਤਾਂ ਫਿਰ ਉਹਨਾਂ ਨੂੰ ਖੋਤਿਆਂ ਤੇ ਬਿਠਾ ਕੇ ਘਰ ਭੇਜਿਆ ਜਾਂਦਾ ਹੈ।
ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਜਿੰਨਾ ਚਿਰ ਬਾਦਲਾਂ ਦੀ ਪੁਸ਼ਤ ਪਨਾਹੀ ਕਰਦਾ ਰਿਹਾ ਉਨਾਂ ਚਿਰ ਉਹ ਠੀਕ ਸੀ ਜਦੋਂ ਉਸਨੇ ਪੰਥ ਦੇ ਹਿੱਤ ਦੇ ਵਿੱਚ ਕੋਈ ਫੈਸਲਾ ਸੁਣਾਇਆ ਤਾਂ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਉਹਨਾਂ ਕਿਹਾ ਕਿ ਹਾਲੇ ਵੀ ਸੁਖਬੀਰ ਬਾਦਲ ਨੂੰ ਪੋਲੀਟੀਕਲ ਸਜ਼ਾ ਕੋਈ ਨਹੀਂ ਦਿੱਤੀ ਗਈ।
ਦਾਦੂਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਮਿਲ ਕੇ ਵਾਈਟ ਪੇਪਰ ਜਾਰੀ ਕਰਨਗੀਆਂ ਜਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿੱਚ ਜਿੰਨੇ ਘਾਣ ਹੋਏ ਹਨ ਜਿੰਨੇ ਬਾਦਲ ਦੇ ਨਾਲ ਸਬੰਧ ਰੱਖਦੇ ਲੋਕਾਂ ਨੇ ਗੁਰੂ ਦੇ ਨਾਲ ਘਾਣ ਕੀਤਾ ਹੈ ਉਹਨਾਂ ਨੂੰ ਲੈ ਕੇ ਸਾਰਾ ਲੇਖਾ ਜੋਖਾ ਕੀਤਾ ਜਾਵੇਗਾ।
ਦਾਦੂਵਾਲ ਨੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣਾ ਇੱਕ-ਇੱਕ ਨੁਮਾਇੰਦਾ ਦੇਣ ਤਾਂ ਕਿ ਇੱਕ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ਼ ਵਾਈਟ ਪੇਪਰ ਜਾਰੀ ਕੀਤਾ ਜਾਵੇ।