Bathinda News: ਅਕਾਲੀ ਦਲ ਵੱਲੋਂ ਮੁੜ ਨਿਰਮਲ ਸਿੰਘ ਸੰਧੂ ਦੇ ਚੋਣ ਲੜਣ ਦੀ ਚਰਚਾ ਹੈ, ਜਿਸਦੇ ਚੱਲਦੇ ਆਪ ਵੱਲੋਂ ਮਾਰੀ ਵੱਡੀ ਸਿਆਸੀ ਸੱਟ ਅਕਾਲੀ ਦਲ ਦਾ ਨੁਕਸਾਨ ਕਰ ਸਕਦੀ ਹੈ।
Trending Photos
Bathinda News: ਅਗਲੀ 21 ਦਸੰਬਰ ਨੂੰ ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 48 ਦੀ ਹੋਣ ਜਾ ਰਹੀ ਉਪ ਚੋਣ ਤੋਂ ਪਹਿਲਾਂ ਹੀ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਲਾਈਨੋਪਾਰ ਇਲਾਕੇ ਵਿਚ ਅਕਾਲੀ ਦਲ ਥੰਮ ਮੰਨੇ ਜਾਂਦੇ ਬਲਵਿੰਦਰ ਸਿੰਘ ਉਰਫ਼ ਬਿੰਦਰ ਨੇ ਗਿੱਲ ਦੀ ਹੱਲਾਸ਼ੇਰੀ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ। ਬਿੰਦਰ ਦਾ ਪਾਰਟੀ ਵਿਚ ਸਵਾਗਤ ਆਮ ਆਦਮ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਵਜ਼ੀਰ ਅਮਨ ਅਰੋੜਾ ਵੱਲੋਂ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਵਾਰਡ ਨੰਬਰ 48 ਤੋਂ ਦਹਾਕਿਆਂ ਤੱਕ ਕੌਸਲਰ ਰਹੇ ਜਗਰੂਪ ਸਿੰਘ ਗਿੱਲ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ 65 ਹਜ਼ਾਰ ਦੇ ਕਰੀਬ ਵੋਟਾਂ ਨਾਲ ਮਾਤ ਦਿੱਤੀ ਸੀ। ਉਸ ਸਮੇਂ ਇੱਕ ਕੌਸਲਰ ਵੱਲੋਂ ਇੱਕ ਨਾਮਵਰ ਵਜ਼ੀਰ ਨੂੰ ਚੋਣਾਂ ਵਿਚ ਹਰਾਉਣ ਦੀ ਕਾਫ਼ੀ ਚਰਚਾ ਹੋਈ ਸੀ। ਹੁਣ ਗਿੱਲ ਦੇ ਅਸਤੀਫ਼ਾ ਦੇਣ ਕਾਰਨ ਵਾਰਡ ਨੰਬਰ 48 ਵਿਚ ਇਹ ਉਪ ਚੋਣ ਹੋਣ ਜਾ ਰਹੀ ਹੈ। ਇਸ ਵਾਰਡ ਵਿਚੋਂ ਅਕਾਲੀ ਦਲ ਵੱਲੋਂ ਮੁੜ ਨਿਰਮਲ ਸਿੰਘ ਸੰਧੂ ਦੇ ਚੋਣ ਲੜਣ ਦੀ ਚਰਚਾ ਹੈ, ਜਿਸਦੇ ਚੱਲਦੇ ਆਪ ਵੱਲੋਂ ਮਾਰੀ ਵੱਡੀ ਸਿਆਸੀ ਸੱਟ ਅਕਾਲੀ ਦਲ ਦਾ ਨੁਕਸਾਨ ਕਰ ਸਕਦੀ ਹੈ।
ਹਾਲਾਂਕਿ ਇਲਾਕੇ 'ਚ ਚਰਚਾ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਬਲਵਿੰਦਰ ਉਰਫ਼ ਬਿੰਦਰ ਨੂੰ ਇਸ ਵਾਰਡ ਤੋਂ ਆਪਣੀ ਟਿਕਟ ਦੇ ਸਕਦੀ ਹੈ ਜਦੋਂਕਿ ਇਸਤੋਂ ਪਹਿਲਾਂ ਸ: ਗਿੱਲ ਨਾਲ ਪਰਛਾਵੇ ਵਾਂਗ ਰਹਿਣ ਵਾਲੇ ਜਗਦੀਸ਼ ਸਿੰਘ ਵੜੈਚ ਦੇ ਨਾ ਵੀ ਚਰਚੇ ਹਨ। ਉਧਰ ਆਪ ਵਿਚ ਸ਼ਾਮਲ ਹੋਣ ਵਾਲੇ ਬਲਵਿੰਦਰ ਸਿੰਘ ਬਿੰਦਰ ਨੇ ਦਾਅਵਾ ਕੀਤਾ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਹਲਕਾ ਬਠਿੰਡਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਉਹ ਸ਼ਾਮਲ ਹੋਏ ਹਨ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦਾ ਕੰਮ ਕਰਨਗੇ। ਉਨ੍ਹਾਂ ਦੀ ਸਮੂਲੀਅਤ ਮੌਕੇ ਕੋਂਸਲਰ ਸੁਖਦੀਪ ਸਿੰਘ ਢਿੱਲੋਂ, ਹਬਪਾਲ ਸਿੰਘ ਢਿੱਲੋਂ ਆਦਿ ਆਗੂ ਹਾਜ਼ਰ ਰਹੇ।