Bathinda News: ਦਰਅਸਲ ਵਿੱਚ ਬਠਿੰਡਾ ਦੀ ਔਰਤ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਕੇ ਹੋਰ ਔਰਤਾਂ ਲਈ ਵੀ ਮਿਸਾਲ ਪੈਦਾ ਕੀਤੀ ਹੈ।
Trending Photos
Bathinda News (ਰਿਪੋਰਟ ਕੁਲਬੀਰ ਬੀਰਾ): ਬੇ-ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ....ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਜ਼ਿਲ੍ਹਾ ਬਠਿੰਡਾ ਦੀ ਔਰਤ ਉਪਰ ਬਾਬਾ ਨਜ਼ਮੀ ਦੀਆਂ ਇਹ ਸੱਤਰ੍ਹਾਂ ਉਪਰ ਬਿਲਕੁਲ ਢੁੱਕਵੀਂਆਂ ਬੈਠਦੀਆਂ ਹਨ। ਦਰਅਸਲ ਵਿੱਚ ਇਸ ਔਰਤ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਕੇ ਹੋਰ ਔਰਤਾਂ ਲਈ ਵੀ ਮਿਸਾਲ ਪੈਦਾ ਕੀਤੀ ਹੈ। ਸਰੀਰਕ ਤੌਰ ਉਤੇ ਅਪਾਹਜ ਹੋਣ ਦੇ ਬਾਵਜੂਦ ਪਿੰਡ ਸੇਖੂ ਦੀ ਔਰਤ ਨੇ ਆਪਣੀ ਸੋਚ ਨੂੰ ਹਮੇਸ਼ਾ ਅਗਾਂਹਵਧੂ ਰੱਖਿਆ।
ਪਿੰਡ ਸੇਖੂ ਦੀ ਸਰਵਜੀਤ ਕੌਰ ਅੱਜ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣ ਕੇ ਉਭਰੀ ਹੈ, ਜਿਸ ਨੇ ਅਪੰਗਤਾ ਨੂੰ ਆਪਣੀ ਤਾਕਤ ਬਣਾ ਕੇ ਸਵੈ-ਰੁਜ਼ਗਾਰ ਨਾਲ ਜੁੜ ਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਹਾਰਾ ਬਣਿਆ, ਬਲਕਿ ਪਿੰਡ ਦੀਆਂ 200 ਤੋਂ ਵੱਧ ਔਰਤਾਂ ਨੂੰ 21 ਸਵੈ-ਸਹਾਇਤਾ ਗਰੁੱਪ ਬਣਾ ਕੇ ਸਵੈ-ਰੁਜ਼ਗਾਰ ਦੇ ਯੋਗ ਬਣਾਇਆ।
ਇਸ ਨਾਲ ਪਿੰਡ ਵਿੱਚ ਅਜਿਹੀ ਤਬਦੀਲੀ ਆਈ ਕਿ ਹੁਣ ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਮੁਹੱਈਆ ਕਰਵਾਏ ਗਏ ਪਸ਼ੂ ਫੀਡ ਯੂਨਿਟ ਤੋਂ ਬੇਕਰੀ, ਸਿਲਾਈ ਅਤੇ ਇੱਥੋਂ ਤੱਕ ਕਿ ਟਰੈਕਟਰ-ਹੈਪੀ ਸੀਡਰ ਮਹਿਲਾ ਸਵੈ-ਸਹਾਇਤਾ ਗਰੁੱਪ ਵੀ ਚੱਲਦੀਆਂ ਹਨ। ਉਨ੍ਹਾਂ ਨੂੰ ਇਕਜੁੱਟ ਕਰਨ ਵਾਲੀ ਸਰਵਜੀਤ ਕੌਰ ਸਵੈ-ਸਹਾਇਤਾ ਗਰੁੱਪ ਦੀ ਇੱਕ ਆਮ ਮੈਂਬਰ ਤੋਂ ਹੁਣ ਪਿੰਡ ਦੀਆਂ ਔਰਤਾਂ ਲਈ ਕਮਿਊਨਿਟੀ ਕੋਆਰਡੀਨੇਟਰ ਬਣ ਮਹਿਲਾ ਸਸ਼ਕਤੀਕਰਨ ਇੱਕ ਰੋਲ ਮਾਡਲ ਹੈ।
ਗ੍ਰੈਜੂਏਸ਼ਨ ਤੱਕ ਪੜ੍ਹੀ-ਲਿਖੀ ਸਰਵਜੀਤ ਕੌਰ ਦੱਸਦੀ ਹੈ ਕਿ ਉਹ ਅਪੰਗਤਾ ਕਾਰਨ ਛੇ ਸਾਲ ਪਹਿਲਾਂ ਆਪਣੇ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਸੀ ਪਰ 2017 ਵਿੱਚ ਜਦੋਂ ਐਚਐਮਈਐਲ ਨੇ ਪਿੰਡ ਵਿੱਚ ਸਵੈ-ਸਹਾਇਤਾ ਗਰੁੱਪ ਬਣਾਉਣੇ ਸ਼ੁਰੂ ਕੀਤੇ ਤਾਂ ਸਰਵਜੀਤ ਨੇ ਉਨ੍ਹਾਂ ਨਾਲ ਮਿਲ ਕੇ ਔਰਤਾਂ ਨੂੰ ਸੰਗਠਿਤ ਕੀਤਾ ਤੇ 2018 ਵਿੱਚ ਸ਼੍ਰੀ ਗੁਰੂ ਰਵਿਦਾਸ ਸਵੈ-ਸਹਾਇਤਾ ਸਮੂਹ ਦਾ ਗਠਨ ਕੀਤਾ। ਇਸ ਗਰੁੱਪ ਦੀ ਬੈਸਟ ਪ੍ਰੋਫਾਰਮੈਂਸ ਦੇਖ ਕੇ ਐੱਚਐੱਮਈਐੱਲ ਦੇ ਸਹਿਯੋਗੀ ਹੈਂਡ-ਇਨ-ਹੈਂਡ ਸੰਗਠਨ ਨੇ ਉਨ੍ਹਾਂ ਨੂੰ ਅੱਗੇ ਆਉਣ ਅਤੇ ਕੰਮ ਕਰਨ ਦਾ ਮੌਕਾ ਦਿੱਤਾ।
ਐੱਚਐੱਮਈਐੱਲ ਨੇ ਸਰਵਜੀਤ ਕੌਰ ਨੂੰ ਈ-ਸਾਈਕਲ ਮੁਹੱਈਆ ਕਰਵਾਈ। ਇਸ ਨਾਲ ਸਰਵਜੀਤ ਨੇ ਅਪੰਗਤਾ ਨੂੰ ਆਪਣੀ ਤਾਕਤ ਬਣਾ ਪਿੰਡ ਵਿੱਚ ਘਰ-ਘਰ ਜਾ ਕੇ ਆਪਣੀ ਮਿਸਾਲ ਦੇ ਕੇ ਔਰਤਾਂ ਨੂੰ ਜਾਗਰੂਕ ਕੀਤਾ। ਔਰਤਾਂ ਦੀ ਸੋਚ ਬਦਲ ਗਈ ਅਤੇ ਹੁਣ ਇਸ ਪਿੰਡ ਵਿੱਚ 21 ਸਵੈ-ਸਹਾਇਤਾ ਗਰੁੱਪ ਬਣਾਏ ਗਏ ਹਨ, ਜਿਨ੍ਹਾਂ ਵਿੱਚ ਪਿੰਡ ਦੀਆਂ 200 ਤੋਂ ਵੱਧ ਔਰਤਾਂ ਜੁੜੀਆਂ ਹੋਈਆਂ ਹਨ। ਐੱਚਐੱਮਈਐੱਲ ਨੇ ਪਿੰਡ ਵਿੱਚ ਬੇਕਰੀ ਯੂਨਿਟ, ਪਸ਼ੂ ਫੀਡ, ਸਿਲਾਈ, ਟਰੈਕਟਰ-ਹੈਪੀ ਸੀਡਰ ਸਮੇਤ 10 ਅਜਿਹੀਆਂ ਇਕਾਈਆਂ ਮੁਹੱਈਆ ਕਰਵਾਈਆਂ, ਜਿਸ ਕਾਰਨ ਔਰਤਾਂ ਹੁਣ ਇਕੱਠੇ ਕੰਮ ਕਰ ਰਹੀਆਂ ਹਨ ਤੇ ਇੱਥੇ ਆਪਣਾ ਰੁਜ਼ਗਾਰ ਕਮਾ ਰਹੀਆਂ ਹਨ।
ਇਹ ਵੀ ਪੜ੍ਹੋ : Sidhu Moose Wala News: ਸਿੱਧੂ ਮੂਸੇਵਾਲਾ ਦੀ ਮਾਂ ਦੀ ਪ੍ਰੈਗਨੈਂਸੀ ਰਿਪੋਰਟ ਮੰਗਣ ਦਾ ਮਾਮਲਾ; ਪੰਜਾਬ ਸਰਕਾਰ ਵੱਲੋਂ ਸਿਹਤ ਸਕੱਤਰ ਨੂੰ ਨੋਟਿਸ ਜਾਰੀ