Mohali News: ਮੁਹਾਲੀ ਦੀ ਫੇਜ਼-8 ਪੁਲਿਸ ਨੇ ਅਕਾਲੀ ਦਲ ਦੇ ਹਲਕਾ ਯੁਵਾ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਮਨਦੀਪ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੈਕਟਰ-68-69 ਦੀ ਟਰੈਫਿਕ ਲਾਈਟ ਕੋਲ ਮੁੱਖ ਸੜਕ ’ਤੇ ਜਾਮ ਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
Trending Photos
Mohali News: ਬੀਤੇ ਦਿਨੀਂ ਮੋਹਾਲੀ ਦੇ ਪਿੰਡ ਕੁੰਬੜਾ ਵਿੱਚ ਹੋਏ ਕਤਲ ਕਾਂਡ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਲਈ ਹਵਾਈ ਅੱਡੇ ਰੋਡ ਉੱਪਰ ਦਿੱਤੇ ਗਏ ਧਰਨੇ ਵਿੱਚ ਸ਼ਮੂਲੀਅਤ ਕਰਨ ਨੂੰ ਲੈ ਕੇ ਮੋਹਾਲੀ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਤੋਂ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਤੇ ਸਾਥੀਆਂ ਸਮੇਤ ਮੁਕੱਦਮਾ ਦਰਜ ਕੀਤਾ ਗਿਆ।
ਮੁਹਾਲੀ ਦੀ ਫੇਜ਼-8 ਪੁਲਿਸ ਨੇ ਅਕਾਲੀ ਦਲ ਦੇ ਹਲਕਾ ਯੁਵਾ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ, ਮਨਦੀਪ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੈਕਟਰ-68-69 ਦੀ ਟ੍ਰੈਫਿਕ ਲਾਈਟ ਕੋਲ ਮੁੱਖ ਸੜਕ ’ਤੇ ਜਾਮ ਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਪਿੰਡ ਕੁੰਭੜਾ ਦੇ ਰਹਿਣ ਵਾਲੇ ਦਮਨ ਕੁਮਾਰ ਦੀ ਮੌਤ ਤੋਂ ਬਾਅਦ ਵਿਰੋਧ ਕਰਕੇ ਲੋਕਾਂ ਨੂੰ ਭੜਕਾਇਆ ਸੀ। ਦੋਸ਼ ਹੈ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਮੁੱਖ ਸੜਕ 'ਤੇ ਆਵਾਜਾਈ ਵਿਚ ਖ਼ਤਰਨਾਕ ਵਿਘਨ ਪਾਇਆ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਅਤੇ ਜਾਨ-ਮਾਲ ਨੂੰ ਖਤਰਾ ਪੈਦਾ ਹੋ ਗਿਆ।
ਕੀ ਸੀ ਪੂਰੀ ਘਟਨਾ
ਸ਼ਿਕਾਇਤ ਮੁਤਾਬਕ 14 ਨਵੰਬਰ ਨੂੰ ਸ਼ਾਮ 7:13 ਵਜੇ ਪ੍ਰਦਰਸ਼ਨਕਾਰੀਆਂ ਨੇ ਏਅਰਪੋਰਟ ਰੋਡ 'ਤੇ ਆਵਾਜਾਈ ਰੋਕ ਦਿੱਤੀ ਸੀ। ਸੂਚਨਾ ਮਿਲਣ ਉਤੇ ਥਾਣਾ ਫੇਜ਼-8 ਦੀ ਪੁਲਿਸ ਮੌਕੇ ਉਤੇ ਪੁੱਜ ਗਈ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮਾਰਗ ਉਤੇ ਖੜ੍ਹੇ ਹੋ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਦੋਸ਼ ਹੈ ਕਿ ਅਕਾਲੀ ਦਲ ਦੇ ਹਲਕਾ ਯੁਵਾ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਅਤੇ ਰੇਹੜੀ ਫੜ੍ਹੀ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਸਮੇਤ ਹੋਰ ਵਿਅਕਤੀਆਂ ਨੇ ਦਮਨ ਕੁਮਾਰ ਦੀ ਮੌਤ ਬਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਆਵਾਜਾਈ ਠੱਪ ਕਰਨ ਲਈ ਉਕਸਾਇਆ। ਦੱਸ ਦੇਈਏ ਕਿ ਦਮਨ ਕੁਮਾਰ ਦੀ ਮੌਤ ਨੂੰ ਲੈ ਕੇ ਪਿੰਡ ਕੁੰਭੜਾ 'ਚ ਗੁੱਸਾ ਹੈ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਉਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦਿਆਂ ਪ੍ਰਦਰਸ਼ਨ ਕੀਤਾ। ਪੁਲਿਸ ਨੇ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਕਦਮ ਚੁੱਕਦਿਆਂ ਆਵਾਜਾਈ ਬਹਾਲ ਕਰਵਾਈ।
ਕਾਨੂੰਨੀ ਕਾਰਵਾਈ
ਥਾਣਾ ਫੇਜ਼-8 ਦੀ ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 285 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਏਐਸਆਈ ਭੁਪਿੰਦਰ ਸਿੰਘ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਪਛਾਣ ਕਰਕੇ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਨਾਲ ਹੀ ਧਰਨਾਕਾਰੀਆਂ ਦੀਆਂ ਕਾਰਵਾਈਆਂ ਕਾਰਨ ਆਮ ਜਨਤਾ ਨੂੰ ਹੋਣ ਵਾਲੀ ਅਸੁਵਿਧਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅਣਪਛਾਤੇ ਵਿਅਕਤੀਆਂ ਦੀ ਭਾਲ ਜਾਰੀ
ਪੁਲਿਸ ਨੇ ਹੋਰ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਇਸ ਦੇ ਨਾਲ ਹੀ ਮਾਮਲਾ ਦਰਜ ਹੋਣ 'ਤੇ ਪਰਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਇਸ ਲਈ ਖੜ੍ਹੇ ਹਨ ਕਿਉਂਕਿ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਅਤੇ ਭਵਿੱਖ 'ਚ ਵੀ ਉਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜ੍ਹਾ ਹੋਵੇਗਾ ਕਿਉਂਕਿ ਉਹ ਇੱਥੇ ਉਨ੍ਹਾਂ ਦੀ ਸੇਵਾ ਕਰਨ ਆਏ ਹਨ। ਉਹ ਕੇਸ ਦਰਜ ਹੋਣ ਤੋਂ ਨਹੀਂ ਡਰਦਾ।