Fake NOC News: ਡੇਰਾਬੱਸੀ ਇਲਾਕੇ ਵਿੱਚ ਜਾਅਲੀ ਐਨਓਸੀ ਦੇ ਫਰਜ਼ੀਵਾੜੇ ਦੀ ਜਾਂਚ ਲਈ ਪ੍ਰਸ਼ਾਸਨ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਹੈ।
Trending Photos
Fake NOC News: ਡੇਰਾਬੱਸੀ ਇਲਾਕੇ ਵਿੱਚ ਜਾਅਲੀ ਐਨਓਸੀ ਦੇ ਫਰਜ਼ੀਵਾੜੇ ਦੀ ਜਾਂਚ ਲਈ ਪ੍ਰਸ਼ਾਸਨ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਇਸ ਫਰਜ਼ੀਵਾੜੇ ਵਿੱਚ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਤਹਿਸੀਲ ਵਿੱਚ ਜਾਅਲੀ ਐਨਓਸੀ ਨਾਲ ਸੈਂਕੜੇ ਰਜਿਸਟਰੀਆਂ ਕਰਵਾਉਣ ਦੇ ਮਾਮਲੇ ਦੇ ਹੁਣ ਸਾਰੇ ਕੱਚੇ ਚਿੱਠੇ ਖੁੱਲ੍ਹ ਕੇ ਬਾਹਰ ਆਉਣਗੇ।
ਸਰਕਾਰ ਨੂੰ ਕਰੋੜਾਂ ਰੁਪਏ ਦੇ ਲਗਾਏ ਗਏ ਚੂਨੇ ਵਿੱਚ ਕੌਣ-ਕੌਣ ਸ਼ਾਮਲ ਹੈ ਇਸਦੀ ਜਾਂਚ ਲਈ ਉੱਚ ਅਧਿਕਾਰੀਆਂ ਵੱਲੋਂ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਐੱਸਪੀ (ਹੈਡਕੁਆਰਟਰ) ਜਯੋਤੀ ਯਾਦਵ ਆਈਪੀਐਸ ਕਰਨਗੇ। ਇਸ ਵਿੱਚ ਉਨ੍ਹਾਂ ਤੋਂ ਇਲਾਵਾ ਡੇਰਾਬੱਸੀ ਏਐਸਪੀ ਡਾ. ਦਰਪਣ ਆਹਲੂਵਾਲੀਆ (ਆਈ.ਪੀ.ਐਸ.) ਤੇ ਥਾਣਾ ਮੁਖੀ ਅਜੀਤੇਸ਼ ਕੌਸ਼ਲ ਸ਼ਾਮਲ ਹਨ।
ਜਾਣਕਾਰੀ ਦਿੰਦਿਆਂ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਲਈ ਨਗਰ ਕੌਂਸਲ ਤੋਂ ਰਿਕਾਰਡ ਦੀ ਮੰਗ ਕੀਤੀ ਗਈ ਸੀ ਜਿਨ੍ਹਾਂ ਵੱਲੋਂ ਪਹਿਲਾਂ ਸਿਰਫ ਜਾਅਲੀ ਐਨਓਸੀ ਨਾਲ ਸਬੰਧਤ ਰਿਕਾਰਡ ਸੌਂਪਿਆ ਗਿਆ ਸੀ।
ਉਨ੍ਹਾਂ ਵੱਲੋਂ ਪੱਤਰ ਲਿਖਕੇ ਲੰਘੇ ਸਮੇਂ ਦੌਰਾਨ ਕੌਂਸਲ ਵੱਲੋਂ ਜਾਰੀ ਹੋਈ ਸਾਰੀ ਐਨਓਸੀ ਦੇ ਰਿਕਾਰਡ ਦੀ ਮੰਗ ਕੀਤੀ ਗਈ ਹੈ, ਤਾਂ ਜੋ ਤਹਿਸੀਲ ਵਿੱਚ ਹੋਈਆਂ ਕੁੱਲ ਰਜਿਸਟਰੀਆਂ ਨਾਲ ਮਿਲਾਨ ਕੀਤਾ ਜਾ ਸਕੇ। ਇਸ ਤੋਂ ਹੀ ਸਾਹਮਣੇ ਆਏਗਾ ਕਿ ਕਿੰਨੀਆਂ ਰਜਿਸਟਰੀਆਂ ਨਿਯਮਾਂ ਤੋਂ ਉੱਲਟ ਹੋਈਆਂ ਹਨ। ਇਸ ਮਗਰੋਂ ਜਾਅਲੀ ਸਰਕਾਰੀ ਦਸਤਾਵੇਜ਼ ਬਣਾਉਣ ਦੇ ਗਿਰੋਹ ਵਿੱਚ ਸ਼ਾਮਲ ਦੋਸ਼ੀਆਂ ਦੀ ਭਾਲ ਕਰ ਨਾਮਜ਼ਦ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਜੇਕਰ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਦੀ ਸ਼ਮੂਲੀਅਤ ਵੀ ਸਾਹਮਣੇ ਆਏਗੀ ਤਾਂ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ।
ਫਰਜ਼ੀਵਾੜੇ ਵਿੱਚੋਂ ਨਿਕਲੇਗਾ ਹੋਰ ਫ਼ਰਜ਼ੀਵਾੜਾ
ਇਸ ਮਾਮਲੇ ਵਿੱਚ ਨਗਰ ਕੌਂਸਲ ਵੱਲੋਂ ਸਿਰਫ਼ ਉਨ੍ਹਾਂ ਰਜਿਸਟਰੀਆਂ ਦੀ ਦੀ ਜਾਂਚ ਕੀਤੀ ਗਈ ਸੀ ਜਿਸ ਵਿੱਚ ਐਨਓਸੀ ਲੱਗੀ ਹੋਈ ਸੀ। ਉਨ੍ਹਾਂ ਦੀ ਗਿਣਤੀ 900 ਦੇ ਕਰੀਬ ਸੀ ਤੇ ਜਾਅਲੀ ਐਨਓਸੀ 169 ਨਿਕਲੀਆਂ ਸਨ। ਜਦਕਿ ਚਾਲੂ ਸਾਲ ਦੇ 9 ਮਹੀਨਿਆਂ ਵਿੱਚ ਕਰੀਬ 5500 ਰਜਿਸਟਰੀਆਂ ਹੋਈਆਂ ਹਨ।
ਸੂਤਰ ਦੱਸਦੇ ਹਨ ਕਿ ਅਜਿਹੀ ਰਜਿਸਟਰੀਆਂ ਦੀ ਗਿਣਤੀ ਵੀ ਸੈਂਕੜਿਆਂ ਵਿੱਚ ਹੈ ਜੋ ਬਿਨਾਂ ਐਨਓਸੀ ਦੇ ਕੀਤੀਆਂ ਗਈਆਂ ਹਨ ਅਤੇ ਅਜਿਹੀ ਰਜਿਸਟ੍ਰੀਆਂ ਵੀ ਹਨ ਜਿਨ੍ਹਾਂ ਨਾਲ ਜਾਅਲੀ ਐਨਓਸੀ ਲਗਾ ਕੇ ਰਜਿਸਟਰੀ ਕਰਵਾਉਣ ਤੋਂ ਬਾਅਦ ਜਾਅਲੀ ਐਨਓਸੀ ਰਿਕਾਰਡ ਨਾਲੋਂ ਹਟਾ ਦਿੱਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਹੀ ਤਰੀਕੇ ਨਾਲ ਜਾਂਚ ਹੁੰਦੀ ਹੈ ਤਾਂ ਬਹੁਤ ਵੱਡੇ ਫ਼ਰਜ਼ੀਵਾੜੇ ਦਾ ਖੁਲਾਸਾ ਹੋਵੇਗਾ ਤੇ ਸੈਂਕੜੇ ਲੋਕ ਇਸ ਮਾਮਲੇ ਵਿੱਚ ਫਸਣਗੇ।
ਇਹ ਵੀ ਪੜ੍ਹੋ : Punjab-Haryana High Court News: ਪਹਿਲੀ ਵਾਰ ਚੀਫ਼ ਜਸਟਿਸ ਦੀ ਅਦਾਲਤ 'ਚ ਦੋ ਮਹਿਲਾਵਾਂ ਹੋਣਗੀਆਂ ਜੱਜ