Amritsar News: ਦੁਸਹਿਰਾ ਬਦੀ ਉੱਤੇ ਨੇਕੀ ਦਾ ਪ੍ਰਤੀਕ ਤਿਉਹਾਰ ਹੈ। ਪਰ ਇਸ ਤਿਉਹਾਰ ਉਪਰ ਮਹਿੰਗਾਈ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ।
Trending Photos
Amritsar News (ਭਰਤ ਸ਼ਰਮਾ): ਦੁਸਹਿਰਾ ਬਦੀ ਉੱਤੇ ਨੇਕੀ ਦਾ ਪ੍ਰਤੀਕ ਤਿਉਹਾਰ ਹੈ। ਇਸ ਦਿਨ ਭਗਵਾਨ ਰਾਮ ਨੇ ਰਾਵਣ ਦਾ ਵੱਧ ਕਰਕੇ ਸੀਤਾ ਮਾਤਾ ਨੂੰ ਉਸ ਦੀ ਕੈਦ ਤੋਂ ਮੁਕਤ ਕਰਵਾਇਆ ਸੀ। ਭਾਰਤ ਵਿੱਚ ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਲਈ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨਭੇਂਟ ਕੀਤਾ ਜਾਂਦਾ ਹੈ ਪਰ ਇਸ ਵਾਰ ਇਨ੍ਹਾਂ ਤਿੰਨਾਂ ਪੁਤਲਿਆਂ ਦੀ ਉਸਾਰੀ ਦਾ ਕੰਮ ਮਹਿੰਗਾਈ ਕਾਰਨ ਪ੍ਰਭਾਵਿਤ ਹੋਇਆ ਹੈ।
ਬਾਂਸ, ਕਾਗਜ਼ ਅਤੇ ਹੋਰ ਸਮਾਨ ਦੇ ਭਾਅ ਵਿੱਚ ਭਾਰੀ ਵਾਧਾ ਹੋਣ ਕਾਰਨ ਇਸ ਵਾਰ ਕਾਰੀਗਰਾਂ ਨੂੰ ਆਰਡਰ ਘੱਟ ਮਿਲੇ ਹਨ। ਇਸ ਮੌਕੇ ਰਾਵਣ ਬਣਾਉਣ ਵਾਲੇ ਕਾਰੀਗਰ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਪਿਛਲੀਆਂ ਪੰਜ ਪੀੜ੍ਹੀਆਂ ਇਸ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਅਤੇ ਹੁਣ ਉਹ ਇਹ ਕੰਮ ਨੂੰ ਸੰਭਾਲ ਰਹੇ ਹਨ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਹੀ ਰਾਵਣ ਦੇ ਪੁਤਲੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਇਹ ਦੁਸਹਿਰੇ ਵਾਲੇ ਦਿਨ ਜਾ ਕੇ ਕੰਮ ਖਤਮ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮਹਿੰਗਾਈ ਜ਼ਿਆਦਾ ਹੋਣ ਕਰਕੇ ਆਰਡਰ ਬਹੁਤ ਘੱਟ ਆ ਰਹੇ ਹਨ ਪਰ ਫਿਰ ਵੀ ਅਸੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਇਹ ਪੁਤਲੇ ਬਣਾਉਣ ਦਾ ਕੰਮ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਪੁਤਲੇ ਬਣਾਉਣ ਵਿੱਚ ਜਿਹੜਾ ਬਾਂਸ ਲੱਗਦਾ ਹੈ ਉਹ ਅਸਾਮ ਤੋਂ ਮੰਗਵਾਇਆ ਜਾਂਦਾ ਹੈ। ਹਿਮਾਚਲ, ਹਰਿਆਣਾ ਤੇ ਪੰਜਾਬ ਬਾਂਸ ਪੁਤਲੇ ਬਣਾਉਣ ਵਿੱਚ ਇਸਤੇਮਾਲ ਨਹੀਂ ਹੁੰਦਾ। ਇਸ ਲਈ ਆਸਾਮ ਤੋਂ ਲਿਆਂਦਾ ਬਾਂਸ ਹੀ ਪੁਤਲਿਆਂ ਵਿੱਚ ਲਗਾਇਆ ਜਾਂਦਾ ਹੈ। ਇਸ ਲਈ ਪਹਿਲਾਂ ਲੋਕ 2 ਮਹੀਨੇ ਪਹਿਲਾਂ ਆਰਡਰ ਦਿੰਦੇ ਸਨ ਪਰ ਹੁਣ ਜਿਵੇਂ-ਜਿਵੇਂ ਦੁਸਹਿਰਾ ਨੇੜੇ ਆ ਰਿਹਾ ਹੈ, ਆਰਡਰ ਬਹੁਤ ਘੱਟ ਆ ਰਹੇ ਹਨ।
ਕਾਰੀਗਰ ਅਨੁਸਾਰ ਪੁਤਲਾ ਬਣਾਉਣਾ ਉਸਦਾ ਪੁਸ਼ਤੈਨੀ ਕੰਮ ਹੈ, ਪਹਿਲਾਂ ਉਸਦੇ ਦਾਦਾ ਅਤੇ ਪਿਤਾ ਇਹ ਕੰਮ ਕਰਦੇ ਸਨ ਅਤੇ ਹੁਣ ਉਸਦਾ ਭਰਾ ਅਤੇ ਉਹ ਇਹ ਕੰਮ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਮੰਦੀ ਅਤੇ ਮਹਿੰਗਾਈ ਦੇ ਬਾਵਜੂਦ ਉਸ ਨੂੰ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਦੇ ਬਹੁਤ ਘੱਟ ਆਰਡਰ ਮਿਲ ਰਹੇ ਹਨ ਅਤੇ ਇਸ ਸਮੇਂ ਉਹ ਤਿੰਨ ਫੁੱਟ ਤੋਂ ਲੈ ਕੇ ਇਕ ਸੌ ਫੁੱਟ ਤੱਕ ਦੇ ਪੁਤਲੇ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਵਿੱਚ ਬਹੁਤ ਉਤਸ਼ਾਹ ਹੁੰਦਾ ਸੀ ਅਤੇ ਲੋਕ ਆਪਣੇ-ਆਪਣੇ ਘਰਾਂ ਅਤੇ ਪਿੰਡਾਂ ਵਿੱਚ ਦੁਸਹਿਰਾ ਮਨਾਉਂਦੇ ਸਨ ਪਰ ਮੌਜੂਦਾ ਸਥਿਤੀ ਵਿੱਚ ਪੁਤਲੇ ਫੂਕਣ ਦੇ ਆਰਡਰ ਕੁਝ ਕੁ ਸਿਆਸਤਦਾਨਾਂ ਨੇ ਹੀ ਦਿੱਤੇ ਹਨ। ਜਦੋਂ ਕਿ ਪਹਿਲਾਂ ਆਰਡਰ ਘੱਟ ਵੀ ਹੁੰਦੇ ਸਨ ਵੱਧ ਤੋਂ ਵੱਧ ਪੁਤਲੇ ਤਿਆਰ ਕਰ ਲਏ ਜਾਂਦੇ ਸਨ। ਲੋਕ ਉਹ ਵੀ ਖਰੀਦ ਕੇ ਲੈ ਜਾਂਦੇ ਸਨ ਪਰ ਇਸ ਵਾਰ ਨਾ ਤਾਂ ਇੰਨੇ ਆਰਡਰ ਹਨ ਅਤੇ ਨਾ ਹੀ ਜ਼ਿਆਦਾ ਪੁਤਲੇ ਤਿਆਰ ਕੀਤੇ ਜਾ ਰਹੇ ਹਨ ਕਿਉਂਕਿ ਮਹਿੰਗਾਈ ਕਾਰਨ ਲੋਕਾਂ ਦਾ ਤਿਉਹਾਰ ਮਨਾਉਣ ਦਾ ਉਤਸ਼ਾਹ ਘੱਟਦਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਦਾ ਜੋੜੇ ਫਾਟਕ ਵਿੱਚ ਰੇਲ ਹਾਦਸਾ ਹੋਇਆ ਹੈ ਉਸ ਤੋਂ ਬਾਅਦ ਸਰਕਾਰ ਵੱਲੋਂ ਬਹੁਤ ਘੱਟ ਰਾਵਣ ਸਾੜਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਜਿਸ ਦੇ ਚੱਲਦੇ ਹੁਣ ਲੋਕ ਬਹੁਤ ਘੱਟ ਹੀ ਪੁਤਲੇ ਤਿਆਰ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਉੱਚਾ ਪੁਤਲਾ ਅੰਮ੍ਰਿਤਸਰ ਵਿੱਚ ਦੁਰਗਿਆਣਾ ਤੀਰਥ ਵੱਲੋਂ ਤਿਆਰ ਕਰਵਾਇਆ ਜਾ ਰਿਹਾ ਹੈ। ਜੋ ਕਿ ਇਕ ਸੋ ਫੁੱਟ ਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਡ੍ਰੋਨ ਰਾਹੀਂ ਹਨੂੰਮਾਨ ਜੀ ਨੂੰ ਉਡਾਇਆ ਜਾਵੇਗਾ ਤੇ ਉਨ੍ਹਾਂ ਰਾਹੀਂ ਹੀ ਰਾਵਣ ਦਹਿਨ ਕੀਤਾ ਜਾਵੇਗਾ।