Mansa News: ਇਸ ਦੌਰਾਨ ਪਿੰਡ ਵਾਸੀਆਂ ਨੂੰ ਬਲਕੌਰ ਸਿੰਘ ਨੇ ਇਹ ਵੀ ਅਪੀਲ ਕੀਤੀ ਕਿ ਇਹਨਾਂ ਚੋਣਾਂ ਦੇ ਦੌਰਾਨ ਕਿਸੇ ਵੀ ਪ੍ਰਕਾਰ ਦਾ ਨਸ਼ਾ ਜਿਵੇਂ ਸ਼ਰਾਬ ਜਾਂ ਹੋਰ ਕੋਈ ਨਸ਼ਾ ਨਾ ਵੰਡਿਆ ਜਾਵੇ।
Trending Photos
Mansa News: ਪੰਚਾਇਤੀ ਚੋਣਾਂ ਨੂੰ ਲੈ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਸ਼ਾਮਿਲ ਹੋਏ।
ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡ ਦਾ ਸਰਪੰਚ ਕੋਈ ਵੀ ਚੁਣੋ, ਪਰ ਸਰਬ ਸੰਮਤੀ ਦੇ ਨਾਲ ਚੁਣ ਲਿਆ ਜਾਵੇ। ਉਹਨਾਂ ਕਿਹਾ ਕਿ ਅਜਿਹੀ ਪੰਚਾਇਤ ਪਿੰਡ ਵਾਸੀ ਮਿਲ ਕੇ ਚੁਣਨ ਤਾਂ ਕਿ ਉਹ ਪੰਚਾਇਤ ਪਿੰਡ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਦਾਖਲ ਨਾ ਹੋਣ ਦੇਵੇ ਅਤੇ ਪਿੰਡ ਵਾਸੀਆਂ ਦੇ ਛੋਟੇ ਮੋਟੇ ਮਸਲੇ ਖੁਦ ਹੀ ਸੁਲਝਾ ਲਵੇ। ਪਿੰਡ ਨੂੰ ਇੱਕ ਵਿਕਾਸ ਪੱਖੋਂ ਵਧੀਆ ਪਿੰਡ ਬਣਾਉਣ ਦੇ ਲਈ ਵੀ ਉਪਰਾਲੇ ਕਰੇ।
ਇਸ ਦੌਰਾਨ ਪਿੰਡ ਵਾਸੀਆਂ ਨੂੰ ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਇਹਨਾਂ ਚੋਣਾਂ ਦੇ ਦੌਰਾਨ ਕਿਸੇ ਵੀ ਪ੍ਰਕਾਰ ਦਾ ਨਸ਼ਾ ਜਿਵੇਂ ਸ਼ਰਾਬ ਜਾਂ ਹੋਰ ਕੋਈ ਨਸ਼ਾ ਨਾ ਵੰਡਿਆ ਜਾਵੇ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਜੋ ਉਹਨਾਂ ਨੂੰ ਹੁਣ ਤੱਕ ਪਿਆਰ ਦਿੱਤਾ ਗਿਆ ਹੈ। ਉਹ ਉਸ ਪਿਆਰ ਦੇ ਸਦਾ ਰਿਣੀ ਰਹਿਣਗੇ ਅਤੇ ਅੱਗੇ ਵੀ ਪਿੰਡ ਵਾਸੀਆਂ ਦੇ ਹਰ ਦੁੱਖ ਸੁੱਖ ਅਤੇ ਪਿੰਡ ਦੇ ਕੰਮਾਂ ਦੇ ਲਈ ਵੱਧ ਚੜ ਕੇ ਹਿੱਸਾ ਪਾਉਂਦੇ ਰਹਿਣਗੇ।
ਦੱਸਦਈਏ ਕਿ 2018 ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੀ ਸਰਪੰਚ ਚੁਣੀ ਗਈ ਸੀ। ਇਸ ਦੌਰਾਨ ਸਿੱਧੂ ਨੇ ਖੁੱਦ ਆਪਣੀ ਮਾਤਾ ਦੇ ਲਈ ਚੋਣ ਪ੍ਰਚਾਰ ਕੀਤਾ ਸੀ। 29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਨੇੜਿਆਂ ਗੋਲੀਆਂ ਮਾਰ ਕੇ ਸਰੇਆਮ ਕਤਲ ਕਰ ਦਿੱਤਾ ਗਿਆ ਸੀ।