Mohali News: ਨਗਰ ਨਿਗਮ ਮੋਹਾਲੀ ਵੱਲੋਂ ਗੈਰ-ਪ੍ਰਵਾਨਿਤ ਉਸਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
Trending Photos
Mohali News: ਕਮਿਸ਼ਨਰ ਐਮ.ਸੀ. ਮੋਹਾਲੀ ਵੱਲੋਂ ਸੰਯੁਕਤ ਕਮਿਸ਼ਨਰ, ਸਹਾਇਕ ਕਮਿਸ਼ਨਰ, ਮਿਉਂਸਪਲ ਟਾਊਨ ਪਲਾਨਰ ਅਤੇ ਸਮੂਹ ਟਾਊਨ ਪਲਾਨਿੰਗ ਅਫਸਰਾਂ/ਅਧਿਕਾਰੀਆਂ ਨਾਲ ਮਿਲ ਕੇ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਪਿੰਡਾਂ ਵਿੱਚ ਅਣ-ਅਧਿਕਾਰਤ ਉਸਾਰੀਆਂ ਵਿਰੁੱਧ ਵਿਆਪਕ ਮੁਹਿੰਮ ਚਲਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਟੀ ਬੇਨਿਥ ਨੇ ਦੱਸਿਆ ਕਿ ਮਟੌਰ ਅਤੇ ਕੁੰਭੜਾ ਪਿੰਡਾਂ ਵਿੱਚ ਬਿਨਾਂ ਕਿਸੇ ਮਨਜ਼ੂਰੀ ਦੇ ਚੱਲ ਰਹੀਆਂ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਖਾਸ ਕਰਕੇ ਬਿਲਡਿੰਗ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਨੀਵਾਰ, ਐਤਵਾਰ ਅਤੇ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਅਧੀਨ ਪੈਂਦੇ ਇਲਾਕਿਆਂ ਵਿੱਚ ਨਾਜਾਇਜ਼ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਕਮਿਸ਼ਨਰ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਬਿਨਾਂ ਪ੍ਰਵਾਨਗੀ ਤੋਂ ਕੋਈ ਉਸਾਰੀ ਨਾ ਹੋਣ ਦਿੱਤੀ ਜਾਵੇ ਅਤੇ ਕਿਸੇ ਵੀ ਗੈਰ-ਕਾਨੂੰਨੀ ਉਸਾਰੀ ਵਿਰੁੱਧ ਕਾਨੂੰਨ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਬੀਤੇ ਦਿਨ ਹੀ ਸੋਹਾਣਾ 'ਚ 3 ਮੰਜ਼ਿਲਾ ਇਮਾਰਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਕਈ ਲੋਕ ਇਮਾਰਤ ਦੇ ਹੇਠਾਂ ਦੱਬ ਗਏ ਸਨ। ਇਸ ਘਟਨਾ ਤੋਂ ਬਾਅਦ ਮੁਹਾਲੀ ਨਗਰ ਨਿਗਮ ਨੇ ਅਣਅਧਿਕਾਰਤ ਅਤੇ ਕਮਜ਼ੋਰ ਇਮਾਰਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਨੇ ਮੋਹਾਲੀ ਵਿੱਚ ਬਿਨਾਂ ਮਨਜ਼ੂਰੀ ਤੋਂ ਉਸਾਰੀਆਂ ਗਈਆਂ ਉੱਚੀਆਂ ਇਮਾਰਤਾਂ ਦਾ ਸਰਵੇ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਮਾਰਤਾਂ ਦੇ ਨਿਰਮਾਣ ਨੂੰ ਤੁਰੰਤ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ।