Sidhu Moose Wala murder case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਹੁਣ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਵੀ ਦੇ ਦਿੱਤਾ ਗਿਆ ਹੈ।
Trending Photos
Sidhu Moose Wala murder case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਵੱਡੀ ਸਖਸ਼ੀਅਤਾਂ ਨਾਲ ਪੁੱਛਗਿਛ ਚੱਲ ਰਹੀ ਹੈ। ਇਸੇ ਮਾਮਲੇ 'ਚ ਵੀਰਵਾਰ ਨੂੰ NIA ਵੱਲੋਂ ਪੰਜਾਬ ਦੇ ਨਾਮੀ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ ਗਈ। ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ (Dilpreet Dhillon) ਅਤੇ ਮਨਕੀਰਤ ਔਲਖ (Mankirt Aulakh) ਤੋਂ NIA ਨੇ ਦਿੱਲੀ ਹੈੱਡਕੁਆਰਟਰ 'ਚ ਕਈ ਘੰਟੇ ਪੁੱਛਗਿੱਛ ਕੀਤੀ।
ਦੱਸ ਦੇਈਏ ਕਿ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਦੇ ਗੈਂਗਸਟਰ ਲੌਰੈਂਸ ਬਿਸ਼ਨੋਈ ਨਾਲ ਸਬੰਧ ਹੋਣ ਦੇ ਪਹਿਲਾਂ ਵੀ ਕਈ ਦਾਅਵੇ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗਾਇਕ ਮਨਕੀਰਤ ਔਲਖ ਨੂੰ ਕਈ ਵਾਰ ਧਮਕੀਆਂ ਵੀ ਦਿੱਤੀਆਂ ਗਈਆਂ ਸਨ।
ਗੌਰਤਲਬ ਹੈ ਕਿ NIA ਵੱਲੋਂ ਪੁੱਛਗਿੱਛ ਤੋਂ ਬਾਅਦ ਦੋਵੇਂ ਗਾਇਕਾਂ ਨੂੰ ਛੱਡ ਦਿੱਤਾ ਗਿਆ ਸੀ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋੜ ਪੈਣ 'ਤੇ ਦੋਵੇਂ ਪੰਜਾਬੀ ਗਾਇਕਾਂ ਨੂੰ NIA ਵੱਲੋਂ ਪੁੱਛਗਿੱਛ ਲਈ ਫ਼ਿਰ ਤੋਂ ਬੁਲਾਇਆ ਜਾ ਸਕਦਾ ਹੈ। ਪੁੱਛਗਿੱਛ ਦੌਰਾਨ ਮਨਕੀਰਤ ਤੇ ਢਿੱਲੋਂ ਦੀਆਂ ਐਲਬਮਾਂ ਅਤੇ ਹੋਰ ਕਈ ਮੁੱਦਿਆਂ ਬਾਰੇ ਸਵਾਲ ਪੁੱਛੇ ਗਏ। ਦੋਵੇਂ ਗਾਇਕਾਂ ਨਾਲ ਵੱਖ-ਵੱਖ ਦਿਨਾਂ 'ਤੇ NIA ਵੱਲੋਂ ਅਹਿਮ ਪੁੱਛਗਿੱਛ ਕੀਤੀ ਗਈ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਨਕੀਰਤ ਔਲਖ ਨੂੰ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਕੁਝ ਝੱਲਣਾ ਪਿਆ ਸੀ ਤੇ ਉਸ ਤੋਂ ਬਾਅਦ ਗਾਇਕ ਵੱਲੋਂ ਸੋਸ਼ਲ ਮੀਡੀਆ 'ਤੇ ਹੀ ਲਾਈਵ ਆ ਕੇ ਸਪਸ਼ਟੀਕਰਨ ਜਾਰੀ ਕੀਤਾ ਗਿਆ ਸੀ। ਕਤਲ ਤੋਂ ਤੁਰੰਤ ਬਾਅਦ ਮਨਕੀਰਤ ਔਲਖ ਦੇ ਕੈਨੇਡਾ ਜਾਣ 'ਤੇ ਕਈ ਸਵਾਲ ਵੀ ਖੜੇ ਹੋਏ ਸਨ ਪਰ ਉਨ੍ਹਾਂ ਨੇ ਬਾਅਦ 'ਚ ਸਪਸ਼ਟੀਕਰਨ ਦਿੱਤਾ ਸੀ ਕਿ ਉਨ੍ਹਾਂ ਦੇ ਨਵਜੰਮੇ ਪੁੱਤ ਲਈ ਉਨ੍ਹਾਂ ਨੂੰ ਜਾਣਾ ਪਿਆ ਸੀ।
ਹਾਲ ਹੀ 'ਚ NIA ਨੇ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਤੋਂ ਬਾਅਦ ਅਫਸਾਨਾ ਖਾਨ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ। ਲਾਈਵ ਦੌਰਾਨ ਅਫਸਾਨਾ ਖਾਨ ਭਾਵੁਕ ਵੀ ਹੋ ਗਏ ਸਨ।
ਗੌਰਤਲਬ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ 25 ਨਵੰਬਰ ਤੱਕ Sidhu Moose Wala murder case 'ਚ ਕੋਈ ਸਖ਼ਤ ਕਦਮ ਨਾ ਚੁੱਕਿਆ ਗਿਆ ਤਾਂ ਉਹ ਪੰਜਾਬ ਛੱਡ ਦੂਜੇ ਦੇਸ਼ ਚਲੇ ਜਾਣਗੇ।