Delhi News: ਕੈਨੇਡਾ ਜਾਣ ਲਈ ਨੌਜਵਾਨ ਨੇ ਪਹਿਲਾਂ 67 ਸਾਲਾ ਵਿਅਕਤੀ ਦੇ ਨਾਂ 'ਤੇ ਜਾਅਲੀ ਪਾਸਪੋਰਟ ਬਣਵਾਇਆ, ਫਿਰ ਆਪਣੇ ਵਾਲ ਅਤੇ ਮੁੱਛਾਂ ਨੂੰ ਚਿੱਟਾ ਪੇਂਟ ਕੀਤਾ ਅਤੇ ਬਜ਼ੁਰਗ ਦੇ ਭੇਸ 'ਚ ਆਈਜੀਆਈ ਏਅਰਪੋਰਟ ਪਹੁੰਚਿਆ।
Trending Photos
Delhi News: ਅੱਜ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਨੂੰ ਲੈਕੇ ਕਾਫੀ ਜ਼ਿਆਦਾ ਰੁਝਾਨ ਵੱਧ ਗਿਆ ਹੈ। ਵਿਦੇਸ਼ ਜਾਣ ਲਈ ਜਿੰਨਾ ਕਾਹਲਾ ਸਾਡਾ ਪੰਜਾਬੀ ਨੌਜਵਾਨ ਹੈ ਉਸ ਤੋਂ ਜ਼ਿਆਦਾ ਕੋਈ ਹੋਰ ਨਹੀਂ ਸਾਇਦ ਹੀ ਹੋਵੇ। ਦਿੱਲੀ ਏਅਰਪੋਰਟ ਤੋਂ ਸੀਆਈਐਸਐਫ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ, ਨੌਜਵਾਨ ਨੂੰ ਵਿਦੇਸ਼ ਜਾਣ ਦਾ ਐਨਾ ਜਨੂੰਨ ਸੀ ਕਿ ਉਸ ਨੇ ਬੁੱਢੇ ਦਾ ਭੇਸ ਬਣਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਜਾਣ ਦਾ ਫੈਸਲਾ ਕਰ ਲਿਆ।
ਕੈਨੇਡਾ ਜਾਣ ਲਈ ਨੌਜਵਾਨ ਨੇ ਪਹਿਲਾਂ 67 ਸਾਲਾ ਵਿਅਕਤੀ ਦੇ ਨਾਂ 'ਤੇ ਜਾਅਲੀ ਪਾਸਪੋਰਟ ਬਣਵਾਇਆ, ਫਿਰ ਆਪਣੇ ਵਾਲ ਅਤੇ ਮੁੱਛਾਂ ਨੂੰ ਚਿੱਟਾ ਪੇਂਟ ਕੀਤਾ ਅਤੇ ਬਜ਼ੁਰਗ ਦੇ ਭੇਸ 'ਚ ਆਈਜੀਆਈ ਏਅਰਪੋਰਟ ਪਹੁੰਚਿਆ। ਸੀਆਈਐਸਐਫ ਇੰਟੈਲੀਜੈਂਸ ਨੇ ਪ੍ਰੋਫਾਈਲਿੰਗ ਅਤੇ ਵਿਵਹਾਰ ਦੀ ਪਛਾਣ ਦੇ ਆਧਾਰ 'ਤੇ ਮੁਲਜ਼ਮ ਦੀ ਇਸ ਧੋਖਾਧੜੀ ਦਾ ਪਰਦਾਫਾਸ਼ ਕੀਤਾ। ਬਾਅਦ ਵਿੱਚ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀਆਈਐਸਐਫ ਦੇ ਲੋਕ ਸੰਪਰਕ ਅਧਿਕਾਰੀ ਅਪੂਰਵ ਪਾਂਡੇ ਨੇ ਦੱਸਿਆ ਕਿ ਮੰਗਲਵਾਰ ਸ਼ਾਮ 5.20 ਵਜੇ ਪ੍ਰੋਫਾਈਲਿੰਗ ਅਤੇ ਵਿਵਹਾਰ ਦਾ ਪਤਾ ਲਗਾਉਣ ਦੇ ਆਧਾਰ 'ਤੇ ਸੀਆਈਐਸਐਫ ਦੇ ਜਵਾਨਾਂ ਨੇ ਟਰਮੀਨਲ-3 ਦੇ ਚੈਕ-ਇਨ ਖੇਤਰ ਵਿੱਚ ਇੱਕ ਯਾਤਰੀ ਨੂੰ ਪੁੱਛਗਿੱਛ ਲਈ ਰੋਕਿਆ ਸੀ। ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਰਸਵਿੰਦਰ ਸਿੰਘ ਸਹੋਤਾ ਦੱਸਿਆ। ਉਸ ਨੇ ਆਪਣੀ ਉਮਰ 67 ਸਾਲ ਦੱਸੀ ਹੈ। ਜਦੋਂ ਉਸ ਨੂੰ ਆਪਣਾ ਪਾਸਪੋਰਟ ਦਿਖਾਉਣ ਲਈ ਕਿਹਾ ਗਿਆ ਤਾਂ ਉਸ ਨੇ ਜੋ ਦਸਤਾਵੇਜ਼ ਦਿਖਾਇਆ ਉਸ ਵਿੱਚ ਉਸ ਦੀ ਜਨਮ ਮਿਤੀ 10 ਫਰਵਰੀ 1957 ਅਤੇ ਪਤਾ ਜਲੰਧਰ, ਪੰਜਾਬ ਦੱਸਿਆ ਗਿਆ।
ਉਸ ਨੇ ਦੱਸਿਆ ਕਿ ਉਸ ਨੇ ਰਾਤ 10.50 ਵਜੇ ਏਅਰ ਕੈਨੇਡਾ ਦੀ ਫਲਾਈਟ ਨੰਬਰ ਏਸੀ 043 ਰਾਹੀਂ ਰਵਾਨਾ ਹੋਣਾ ਹੈ। CISF ਦੇ ਜਵਾਨਾਂ ਨੇ ਦੇਖਿਆ ਕਿ ਦੋਸ਼ੀ ਪਾਸਪੋਰਟ 'ਚ ਦਿੱਤੀ ਗਈ ਉਮਰ ਤੋਂ ਕਾਫੀ ਛੋਟਾ ਲੱਗ ਰਿਹਾ ਸੀ। ਉਸ ਦੀ ਆਵਾਜ਼ ਅਤੇ ਚਮੜੀ ਵੀ ਉਸ ਨੌਜਵਾਨ ਵਰਗੀ ਸੀ, ਜੋ ਉਸ ਦੀ ਉਮਰ ਅਤੇ ਪਾਸਪੋਰਟ ਵਿਚ ਦਿੱਤੇ ਹੋਰ ਵੇਰਵਿਆਂ ਨਾਲ ਮੇਲ ਨਹੀਂ ਖਾਂਦੀ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਸਫੈਦ ਰੰਗਿਆ ਹੋਇਆ ਸੀ ਅਤੇ ਬਜੁਰਗ ਦਿਖਣ ਲਈ ਐਨਕਾਂ ਵੀ ਪਾਈਆਂ ਹੋਈਆਂ ਸਨ।
ਸ਼ੱਕ ਦੇ ਆਧਾਰ 'ਤੇ ਸੁਰੱਖਿਆ ਕਰਮਚਾਰੀਆਂ ਨੇ ਉਸ ਦੀ ਬਾਰੀਕੀ ਨਾਲ ਤਲਾਸ਼ੀ ਲੈਣ ਦਾ ਫੈਸਲਾ ਕੀਤਾ। ਉਸ ਦੇ ਮੋਬਾਈਲ ਦੀ ਜਾਂਚ ਦੌਰਾਨ ਇਕ ਹੋਰ ਪਾਸਪੋਰਟ ਦੀ ਸਾਫਟ ਕਾਪੀ ਮਿਲੀ। ਉਸ ਪਾਸਪੋਰਟ 'ਤੇ 24 ਸਾਲਾ ਨੌਜਵਾਨ ਗੁਰਸੇਵਕ ਦਾ ਨਾਂ ਦਰਜ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਇਹ ਉਸ ਦਾ ਅਸਲੀ ਪਾਸਪੋਰਟ ਸੀ, ਜਿਸ 'ਤੇ ਉਸ ਦੀ ਜਨਮ ਮਿਤੀ 10 ਜੂਨ 2000 ਅਤੇ ਪਤਾ ਲਖਨਊ, ਉੱਤਰ ਪ੍ਰਦੇਸ਼ ਪਾਇਆ ਗਿਆ। ਇਸ ਮਾਮਲੇ 'ਚ ਪੁਲਸ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਨੂੰ ਅਜਿਹੀ ਕਰਨ ਦੀ ਕਿਉਂ ਲੋੜ ਸੀ। ਉਸ ਨੂੰ ਇਹ ਵਿਚਾਰ ਕਿਵੇਂ ਆਇਆ? ਉਸ ਨੇ ਜਾਅਲੀ ਪਾਸਪੋਰਟ ਕਿਵੇਂ ਤਿਆਰ ਕੀਤਾ?