Chandigarh Air Quality: ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦੇ ਸੈਕਟਰ-25 ਵਿੱਚ ਏਕਿਊਆਈ 245 ਤੇ ਸੈਕਟਰ-22 ਵਿੱਚ 200 ਦੇ ਕਰੀਬ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਦੇ ਸੈਕਟਰ-53 ਵਿੱਚ 203 ਅਤੇ ਪੰਚਕੂਲਾ ਵਿੱਚ ਵੀ 150 ਤੋਂ ਵੱਧ ਦਰਜ ਕੀਤਾ ਹੈ।
Trending Photos
Chandigarh Air Quality: ਚੰਡੀਗੜ੍ਹ ਦੀ ਹਵਾ ਵਿੱਚ ਦੀਵਾਲੀ ਤੋਂ ਦੋ ਦਿਨ ਬਾਅਦ ਵੀ ਸੁਧਾਰ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿੱਥੇ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) 250 ਦੇ ਕਰੀਬ ਦਰਜ ਕੀਤਾ ਗਿਆ ਹੈ।
ਹਵਾ ਪ੍ਰਦੂਸ਼ਣ ਕਰਕੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਤੋਂ ਇਲਾਵਾ ਬੱਚੇ ਤੇ ਬਜ਼ੁਰਗਾਂ ਨੂੰ ਵੀ ਸਾਹ ਲੈਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦੇ ਸੈਕਟਰ-25 ਵਿੱਚ ਏਕਿਊਆਈ 245 ਤੇ ਸੈਕਟਰ-22 ਵਿੱਚ 200 ਦੇ ਕਰੀਬ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਦੇ ਸੈਕਟਰ-53 ਵਿੱਚ 203 ਅਤੇ ਪੰਚਕੂਲਾ ਵਿੱਚ ਵੀ 150 ਤੋਂ ਵੱਧ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦੀਵਾਲੀ ਤੋਂ ਪਹਿਲਾਂ ਟਰੈਫ਼ਿਕ ਜਾਮ ਕਰਕੇ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਸੀ। ਉਸ ਤੋਂ ਬਾਅਦ 31 ਅਕਤੂਬਰ ਨੂੰ ਦੀਵਾਲੀ ਮੌਕੇ ਲੋਕਾਂ ਵੱਲੋਂ ਚਲਾਏ ਗਏ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਸੀ।
ਦੀਵਾਲੀ ਤੋਂ ਅਗਲੇ ਦਿਨ 1 ਤੇ 2 ਨਵੰਬਰ ਨੂੰ ਵੀ ਚੰਡੀਗੜ੍ਹਵਾਸੀਆਂ ਨੇ ਵੱਡੀ ਮਾਤਰਾ ਵਿੱਚ ਪਟਾਕੇ ਚਲਾਏ ਸਨ। ਇਸੇ ਕਰਕੇ ਸ਼ਹਿਰ ਵਿੱਚ ਪ੍ਰਦੂਸ਼ਣ ਘਟਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਹਾਲਾਂਕਿ ਅੱਜ ਸਿਟੀ ਬਿਊਟੀਫੁੱਲ ਦੀ ਹਵਾਂ ਵਿੱਚ ਕੱਲ੍ਹ ਦੇ ਮੁਕਾਬਲੇ ਕੁਝ ਸੁਧਾਰ ਹੋਇਆ ਹੈ।
ਬੀਤੇ ਦਿਨ ਮੁਹਾਲੀ ਦੇ ਸੈਕਟਰ-53 ਵਿੱਚ ਏਕਿਊਆਈ 275, ਚੰਡੀਗੜ੍ਹ ਦੇ ਸੈਕਟਰ-22 ਵਿੱਚ 288 ਅਤੇ ਸੈਕਟਰ-25 ਵਿੱਚ ਏਕਿਊਆਈ 275 ਦਰਜ ਕੀਤਾ ਸੀ, ਜੋ ਕਿ ਵਧੇਰੇ ਖਰਾਬ ਹਾਲਤ ਵਿੱਚ ਚੱਲ ਰਿਹਾ ਸੀ।
ਦੂਜੇ ਪਾਸੇ ਹਵਾ ਪ੍ਰਦੂਸ਼ਣ ਵਧਣ ਕਰਕੇ ਹਸਪਤਾਲਾਂ ਵਿੱਚ ਸਾਹ ਦੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਗਈ ਹੈ, ਉੱਥੇ ਹੀ ਘਰਾਂ ਵਿੱਚ ਬੈਠੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਦੇ ਮੈਂਬਰਾਂ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਵਿੱਚ ਦੀਵਾਲੀ ਕਰਕੇ ਵੱਡੀ ਗਿਣਤੀ ਵਿੱਚ ਪਟਾਕੇ ਚੱਲਣ ਕਰਕੇ ਹਵਾ ਪ੍ਰਦੂਸ਼ਣ ਵੱਧ ਗਿਆ ਹੈ। ਹੁਣ ਮੀਂਹ ਪੈਣ ਤੋਂ ਬਾਅਦ ਹੀ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ। ਉੱਧਰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਫ਼ਤੇ ਸ਼ਹਿਰ ਵਿੱਚ ਮੀਂਹ ਪੈਣ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ।
ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਲਈ 31 ਅਕਤੂਬਰ ਨੂੰ ਦੀਵਾਲੀ ਵਾਲੀ ਰਾਤ ਨੂੰ 8 ਵਜੇ ਤੋਂ 10 ਵਜੇ ਤੱਕ ਸਿਰਫ਼ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ। ਇਸ ਦੇ ਬਾਵਜੂਦ ਚੰਡੀਗੜ੍ਹੀਆਂ ਨੇ 31 ਅਕਤੂਬਰ, ਇਕ ਤੇ ਦੋ ਨਵੰਬਰ ਨੂੰ ਦੇਰ ਰਾਤ ਤੱਕ ਖੂਬ ਪਟਾਕੇ ਚਲਾਏ। ਹਾਲਾਂਕਿ ਚੰਡੀਗੜ੍ਹ ਪੁਲਿਸ ਨੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਸਬੰਧੀ ਦੋ ਕੇਸ ਦਰਜ ਕੀਤੇ ਹਨ। ਇਹ ਕਾਰਵਾਈ ਥਾਣਾ ਸੈਕਟਰ-17 ਦੀ ਪੁਲਿਸ ਨੇ ਕੀਤੀ ਹੈ। ਜਿਨ੍ਹਾਂ ਨੇ ਸੈਕਟਰ-17 ਵਿੱਚ ਛੋਟਾ ਬਨਾਰਸ ਦੇ ਨਜ਼ਦੀਕ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਇਸੇ ਤਰ੍ਹਾਂ ਥਾਣਾ ਸੈਕਟਰ-26 ਦੀ ਪੁਲਿਸ ਨੇ ਸੈਕਟਰ-7 ਵਿੱਚ ਪਟਾਕੇ ਚਲਾਉਣ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।