Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਵੱਡੀ ਗਿਣਤੀ ਵਿੱਚ ਹੈਰੋਇਨ ਅਤੇ ਹਥਿਆਰਾਂ ਸਮੇਤ ਦੋ ਵਾਹਨ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ ਹਨ।
Trending Photos
Amritsar News: ਡੀਆਈਜੀ ਬਾਰਡਰ ਰੇਂਜ ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਅਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਆਈ.ਪੀ.ਐਸ. ਜੀ ਦੀ ਯੋਗ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਦੀ ਟੀਮ ਵੱਲੋਂ ਗੁਪਤ ਜਾਣਕਾਰੀ ਦੇ ਆਧਾਰ ਉਤੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਵੱਡੀ ਗਿਣਤੀ ਵਿੱਚ ਹੈਰੋਇਨ ਅਤੇ ਹਥਿਆਰਾਂ ਸਮੇਤ ਦੋ ਵਾਹਨ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅੱਜ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਆਈ.ਪੀ.ਐਸ. ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਸਰਹੱਦ ਪਾਰ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਹੈਰੋਇਨ ਸਰਹੱਦ ਪਾਰ ਤੋਂ ਭਾਰਤ ਦੀ ਸੀਮਾ ਵਿੱਚ ਪਹੁੰਚਾਏ ਗਏ ਹਨ।
ਸੂਚਨਾ ਦੇ ਆਧਾਰ 'ਤੇ ਸੀਆਈਏ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 4.50 ਕਿਲੋ ਹੈਰੋਇਨ, ਡੇਢ ਲੱਖ ਰੁਪਏ ਡਰੱਗ ਮਨੀ, 2 ਗਲੋਕ ਪਿਸਤੌਲ 9 ਐਮ.ਐਮ., 2 ਪਿਸਤੌਲ .30 ਬੋਰ ਇੱਕ ਪਿਸਤੌਲ ਜਗਾਨਾ ਬਿਨਾਂ ਬੈਰਲ .30 ਬੋਰ, ਇੱਕ ਪਿਸਤੌਲ .32 ਬੋਰ, 2 ਜਿੰਦਾ ਕਾਰਤੂਸ .30 ਬੋਰ ਅਤੇ 40 ਜਿੰਦਾ ਕਾਰਤੂਸ 9 ਐਮ.ਐਮ.ਬੋਰ, 3 ਭਾਰ ਤੋਲਣ ਵਾਲੇ ਕੰਢੇ, ਇੱਕ ਕਾਰ, ਇੱਕ ਮੋਟਰਸਾਈਕਲ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 23 ਕਰੋੜ ਤੋਂ ਜ਼ਿਆਦਾ ਦੀ ਹੈ। ਇਸ ਮੌਕੇ ਪ੍ਰੈਸ ਕਾਨਫਰੰਸ ਵਿੱਚ ਐਸ.ਪੀ. (ਡੀ) ਸ੍ਰੀ ਹਰਿੰਦਰ ਸਿੰਘ ਪੀ.ਪੀ.ਐਸ.ਅਤੇ ਡੀ.ਐਸ.ਪੀ. (ਡੀ) ਗੁਰਿੰਦਰਪਾਲ ਸਿੰਘ ਨਾਗਰਾ ਪੀ.ਪੀ.ਐਸ. ਵੀ ਨਾਲ ਮੌਜੂਦ ਰਹੇ।
ਐਸ.ਐਸ.ਪੀ. ਨੇ ਅੱਗੇ ਜਾਣਕਾਰੀ ਦੱਸਿਆ ਕਿ ਫੜੇ ਗਏ ਵਿਅਕਤੀਆਂ ਵਿੱਚ ਨਿਸ਼ਾਨ ਸਿੰਘ ਵਾਸੀ ਧਿਆਨਪੁਰ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ, ਜੁਗਰਾਜ ਸਿੰਘ ਵਾਸੀ ਮਹਿਸਾਮਪੁਰ ਖੁਰਦ, ਗੁਰਸੇਵਕ ਸਿੰਘ ਉਰਫ ਸੰਧੂ ਮਝੈਲ ਵਾਸੀ ਮਹਿਸਾਮਪੁਰ ਖੁਰਦ, ਲਵਪ੍ਰੀਤ ਸਿੰਘ ਵਾਸੀ ਮਸੀਤ ਵਾਲੀ ਗਲੀ ਅਟਾਰੀ, ਲਵਪ੍ਰੀਤ ਸਿੰਘ ਵਾਸੀ ਰਾਮ ਬਾਣੀ ਮੰਦਰ ਦਰਜੀ ਵਾਲੀ ਗਲੀ ਅਟਾਰੀ, ਜਗਰੂਪ ਸਿੰਘ ਉਰਫ ਜੂਪਾ ਵਾਸੀ ਚੰਨਣ ਕੇ ਅਤੇ ਕਰਨਦੀਪ ਸਿੰਘ ਵਾਸੀ ਜਲਾਲ ਉਸਮਾ ਸ਼ਾਮਿਲ ਹਨ।
ਮੁਲਜ਼ਮਾਂ ਖਿਲਾਫ ਐਫ.ਆਈ.ਆਰ. ਨੰਬਰ 314 ਮਿਤੀ 14-12-2024 ਅਧੀਨ ਧਾਰਾ 21/25/27ਏ/29/61/85 ਐੱਨ.ਡੀ.ਪੀ.ਐੱਸ. ਐਕਟ, 25/54/59 ਆਰਮਜ ਐਕਟ, 111 ਬੀ.ਐੱਨ.ਐੱਸ. ਪੁਲਿਸ ਥਾਣਾ ਘਰਿੰਡਾ ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਜਗਰੂਪ ਸਿੰਘ ਉਰਫ ਜੂਪਾ ਖਿਲਾਫ ਇਸ ਤੋਂ ਪਹਿਲਾਂ ਵੀ 11 ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ।
ਕਰਨਦੀਪ ਸਿੰਘ ਖਿਲਾਫ 2 ਮੁਕੱਦਮੇ ਅਤੇ ਵਰਿੰਦਰ ਸਿੰਘ ਖਿਲਾਫ ਵੀ 1 ਮੁਕੱਦਮਾ ਪਹਿਲਾਂ ਤੋਂ ਦਰਜ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੂੰ ਇਹ ਅਸਲਾ ਅਤੇ ਹੈਰੋਇਨ ਦੀ ਖੇਪ ਸਰਹੱਦ ਪਾਰ ਤੋਂ ਪ੍ਰਾਪਤ ਹੋਈ ਹੈ। ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਜਾਰੀ ਹੈ।