Bathinda Murder Case: ਨੌਜਵਾਨ ਦੇ ਕਤਲ ਕਾਂਡ ਨੂੰ ਰਾਮਪੁਰਾ ਸਦਰ ਥਾਣੇ ਦੀ ਪੁਲਿਸ ਨੇ ਸੁਲਝਾ ਲਿਆ ਹੈ।
Trending Photos
Bathinda Murder Case: (ਰਿਪੋਰਟ ਕੁਲਬੀਰ ਬੀਰਾ): ਬਠਿੰਡਾ ਦੇ ਪਿੰਡ ਚਾਉਕੇ ਵਿੱਚ ਨੌਜਵਾਨ ਦੇ ਕਤਲ ਕਾਂਡ ਨੂੰ ਰਾਮਪੁਰਾ ਸਦਰ ਥਾਣੇ ਦੀ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਦੇ ਕਾਤਲ ਕੋਈ ਹੋਰ ਨਹੀਂ ਸਗੋਂ ਉਸਦੇ ਆਪਣੇ ਦੋਸਤ ਹੀ ਨਿਕਲੇ।
17 ਜਨਵਰੀ ਨੂੰ ਅਕਾਸ਼ਦੀਪ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਚਾਉਕੇ ਨੇ ਪੁਲਿਸ ਚੌਂਕੀ ਚਾਉਕੇ ਥਾਣਾ ਸਦਰ ਰਾਮਪੁਰਾ ਕੋਲ ਸ਼ਿਕਾਇਤ ਕੀਤੀ ਕਿ ਉਸ ਦਾ ਭਰਾ ਅਰਸ਼ਦੀਪ ਸਿੰਘ ਉਮਰ ਕਰੀਬ 22 ਸਾਲ ਘਰੋ ਚਲਾ ਗਿਆ ਸੀ। ਉਨ੍ਹਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਚੱਲਿਆ।
ਪੁਲਿਸ ਚੌਂਕੀ ਚਾਉਕੇ ਤੇ ਥਾਣਾ ਸਦਰ ਰਾਮਪੁਰਾ ਦੀ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਸੁਲਝਾ ਲਿਆ ਗਿਆ ਹੈ। ਮੋਹਿਤ ਕੁਮਾਰ ਅਗਰਵਾਲ ਪੀਪੀਐਸ ਡੀਐੱਸਪੀ ਫੂਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਸੀ ਕਿ ਅਰਸ਼ਦੀਪ ਸਿੰਘ ਨੂੰ 17 ਜਨਵਰੀ ਦੀ ਸ਼ਾਮ ਨੂੰ ਗੁਰਭਿੰਦਰ ਸਿੰਘ ਉਰਫ ਗੋਲਡੀ ਪੁੱਤਰ ਮਲਕੀਤ ਸਿੰਘ ਅਤੇ ਬਲਜੀਤ ਸਿੰਘ ਉਰਫ ਪ੍ਰਭੂ ਪੁੱਤਰ ਰਾਜ ਸਿੰਘ ਵਾਸੀਆਨ ਚਾਉਕੇ ਆਪਣੇ ਮੋਟਰਸਾਈਕਲ (ਗੁਰਭਿੰਦਰ ਸਿੰਘ ਦਾ) ਉਪਰ ਮੇਲਾ ਦੇਖਣ ਦਾ ਬਹਾਨਾ ਲਗਾ ਕੇ ਲੈ ਗਏ ਸਨ।
ਜਾਂਚ ਕਰਨ ਉਤੇ ਪਤਾ ਲੱਗਾ ਕਿ ਉਸਦੇ ਭਰਾ ਨੂੰ ਗੁਰਭਿੰਦਰ ਸਿੰਘ ਤੇ ਬਲਜੀਤ ਸਿੰਘ ਨੇ ਕਿਤੇ ਮਾਰ ਕੇ ਖੁਰਦ-ਬੁਰਦ ਕਰ ਦਿੱਤਾ ਹੈ। ਇਸ ਕਾਰਨ ਪੁਰਾਣੀ ਰੰਜ਼ਿਸ਼ ਸੀ। ਕੁੱਝ ਸਮਾਂ ਪਹਿਲਾਂ ਅਰਸ਼ਦੀਪ ਸਿੰਘ ਤੇ ਗੁਰਭਿੰਦਰ ਸਿੰਘ ਦੀ ਆਪਸ ਵਿੱਚ ਅਣਬਣ ਹੋ ਗਈ ਪਰ ਬਾਅਦ ਵਿੱਚ ਸੁਲ੍ਹਾ ਹੋ ਗਈ ਸੀ।
ਗੁਰਭਿੰਦਰ ਸਿੰਘ ਦਿਲ ਵਿੱਚ ਖਾਰ ਰੱਖਦਾ ਸੀ। ਥਾਣਾ ਸਦਰ ਰਾਮਪੁਰਾ ਪੁਲਿਸ ਨੇ ਤੁਰੰਤ ਜਾਂਚ ਵਿੱਚ ਤੇਜ਼ੀ ਲਿਆਂਦੀ। ਤਫਤੀਸ਼ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਕਬੂਲ ਕੀਤਾ ਕਿ ਉਨ੍ਹਾਂ ਦੋਵਾਂ ਨੇ ਉਸੇ ਦਿਨ ਅਰਸ਼ਦੀਪ ਸਿੰਘ ਦੇ ਮੂੰਹ ਵਿੱਚ ਕੱਪੜਾ ਪਾ ਕੇ ਉਸਦਾ ਸਾਹ ਬੰਦ ਕਰਕੇ ਉਸਦਾ ਕਤਲ ਕਰ ਦਿੱਤਾ ਸੀ।
ਇਸ ਮਗਰੋਂ ਮੋਟਰਸਾਈਕਲ ਉਤੇ ਬਿਠਾ ਕੇ ਗੁਰਭਿੰਦਰ ਸਿੰਘ ਦੇ ਬਾਹਰਲੇ ਘਰ ਲੈ ਗਏ ਸਨ, ਜਿਥੇ ਕਮਰੇ ਵਿੱਚ ਦੋਵਾਂ ਨੇ ਟੋਆ ਪੁੱਟ ਕੇ ਅਰਸ਼ਦੀਪ ਸਿੰਘ ਦੀ ਲਾਸ਼ ਨੂੰ ਮਿੱਟੀ ਵਿੱਚ ਦੱਬ ਦਿੱਤਾ ਸੀ। ਤਹਿਸੀਲਦਾਰ ਬਾਲਿਆਂਵਾਲੀ ਦੀ ਹਾਜ਼ਰੀ ਵਿੱਚ ਮੁਲਜ਼ਮਾਂ ਦੀ ਨਿਸ਼ਾਨਦੇਹੀ ਕਰਵਾ ਕੇ ਲਾਸ਼ ਨੂੰ ਮਿੱਟੀ ਵਿੱਚ ਬਾਹਰ ਕਢਵਾਇਆ ਗਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਵਿੱਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ : Khanna News: ਪ੍ਰੇਮ ਸਬੰਧਾਂ ਦਾ ਘਰ ਪਤਾ ਲੱਗਣ 'ਤੇ ਪ੍ਰੇਮੀ ਜੋੜੇ ਨੇ ਚੁੱਕਿਆ ਖ਼ੌਫਨਾਕ ਕਦਮ