ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇਸਦੀ ਸੁਰੱਖਿਆ ਨਾਲ ਇਸ ਤਰੀਕੇ ਸਮਝੌਤਾ ਨਹੀਂ ਕੀਤਾ ਜਾ ਸਕਦਾ।
Trending Photos
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ ਤੇ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਤੇ ਲੋਕਾਂ ਨੂੰ ਬੁਨਿਆਦੀ ਸੁਰੱਖਿਆ ਪ੍ਰਦਾਨ ਕਰਨ ਵਿਚ ਨਾਕਾਮ ਰਹਿਣ ਕਾਰਨ ਉਹਨਾਂ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਜੰਗਲ ਰਾਜ ਆ ਗਿਆ ਹੈ ਤੇ ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਪ੍ਰਸਿੱਧ ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਤੋਂ ਲੈ ਕੇ ਪੰਜਾਬ ਇੰਟੈਲੀਜੈਂਸ ਹੈਡਕੁਆਰਟਰ ’ਤੇ ਆਰ ਪੀ ਜੀ ਹਮਲੇ, ਹਿੰਦੂ ਸਿੱਖ ਝੜਪਾਂ ਤੇ ਪੁਲਿਸ ਅਫਸਰਾਂ ਦੇ ਕਤਲ ਤੇ ਹੁਣ ਦਿਨ ਦਿਹਾੜੇ ਪੰਜਾਬ ਰੋਡਵੇਜ਼ ਦੀ ਬੱਸ ਦੀ ਲੁੱਟ ਤੋਂ ਲੱਗਦਾ ਹੈ ਕਿ ਅਮਨ ਕਾਨੂੰਨ ਵਿਵਸਥਾ ਸੁਧਾਰੀ ਨਹੀਂ ਜਾ ਸਕੇਗੀ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇਸਦੀ ਸੁਰੱਖਿਆ ਨਾਲ ਇਸ ਤਰੀਕੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਾਡੇ ਨਾਲ ਵਿਰੋਧੀ ਗੁਆਂਢੀ ਹੈ ਜੋ ਸੂਬੇ ਨੁੰ ਹੋਰ ਅਸਥਿਰ ਕਰਨ ਵਾਸਤੇ ਮੌਕੇ ਦਾ ਫਾਇਦਾ ਚੁੱਕ ਸਕਦਾ ਹੈ, ਜੇਕਰ ਅਸੀਂ ਇਸ ਮੁਸੀਬਤ ਤੋਂ ਛੁਟਕਾਰੇ ਲਈ ਕੋਈ ਕਦਮ ਨਾ ਚੁੱਕੇ।
My views on state's deteriorating law & order situation. https://t.co/XwZFp0dpuf
— Sukhbir Singh Badal (@officeofssbadal) June 1, 2022
ਬਾਦਲ ਨੇ ਕਿਹਾ ਕਿ ਲੋਕਾਂ ਨੇ ਮਨਾਂ ਵਿਚ ਭੈਅ ਬਣ ਗਿਆ ਹੈ ਤੇ ਗੈਂਗਸਟਰਾਂ ਨੁੰ ਖੁਲ੍ਹੇ ਹੱਥ ਮਿਲਣ ਨਾਲ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਗੈਂਗਸਟਰ ਨਾ ਸਿਰਫ ਫਿਰੌਤੀਆਂ ਹਾਸਲ ਕਰ ਰਹੇ ਹਨ ਬਲਕਿ ਮਿੱਥ ਕੇ ਕਤਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਦੇ ਕਾਰਨ ਛੋਟੇ ਅਪਰਾਧ ਵੀ ਵੱਧ ਗਏ ਹਨ ਤੇ ਦਿਨ ਦਿਹਾੜੇ ਡਾਕੇ ਵੀ ਪੈਣ ਲੱਗ ਪਏ ਹਨ ਤੇ ਅਣਗਿਣਤ ਕਤਲ ਹੋ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਭ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਪੰਜਾਬ ਪੁਲਿਸ ਦੀ ਕਮਾਂਡ ਚੇਨ ਟੁੱਟ ਗਈ ਹੈ। ਉਹਨਾਂ ਕਿਹਾ ਕਿ ਪੁਲਿਸ ਫੋਰਸ ਸਿੱਧਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਿਪੋਰਟ ਕਰ ਰਹੀ ਹੈ ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਉਹਨਾਂ ਦੇ ਹੱਥ ਵਿਚ ਹਨ। ਉਹਨਾਂ ਕਿਹਾ ਕਿ ਅਜਿਹਾ ਹੋਣ ਨਾਲ ਮੁੱਖ ਮੰਤਰੀ ਦੇ ਰੁਤਬੇ ਨਾਲ ਸਮਝੌਤਾ ਹੋ ਗਿਆ ਹੈ।
ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਜ਼ੋਰ ਦੇ ਕੇ ਇਹ ਆਖਣ ਕਿ ਉਹ ਮਰਜ਼ੀ ਅਨੁਸਾਰ ਸੂਬੇ ਦੀ ਅਗਵਾਈ ਕਰਨਗੇ ਤੇ ਦਿੱਲੀ ਤੋਂ ਅਗਵਾਈ ਨਹੀਂ ਕਰਨ ਦੇਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਰੈਗੂਲਰ ਮੀਟਿੰਗਾਂ ਲੈਣੀਆਂ ਚਾਹੀਦੀਆਂ ਹਨ ਤੇ ਅਮਨ ਕਾਨੁੰਨ ਵਿਵਸਥਾ ’ਤੇ ਰੋਜ਼ਾਨਾ ਆਧਾਰ ’ਤੇ ਨਜ਼ਰ ਰੱਖਣੀ ਚਾਹੀਦੀ ਹੈ।
ਸੁਖਬੀਰ ਬਾਦਲ ਨੇ ਇਸ ਗੱਲ ’ਤੇ ਰੋਸ ਜ਼ਾਹਰ ਕੀਤਾ ਕਿ ਮੁੱਖ ਮੰਤਰੀ ਆਪ ਗ੍ਰਹਿ ਮੰਤਰਾਲਾ ਨਹੀਂ ਚਲਾ ਸਕੇ ਜਿਸ ਕਾਰਨ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਉਹਨਾਂ ਕਿਹਾ ਕਿ ਮੂਸੇਵਾਲਾ ਤੇ ਹੋਰ ਵੀ ਆਈ ਪੀਜ਼ ਦੀ ਸੁਰੱਖਿਆ ਬਿਨਾਂ ਉਹਨਾਂ ਨੁੰ ਦਰਪੇਸ਼ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਘੱਟ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਕੁਤਾਹੀ ਨੂੰ ਮੁੱਖ ਮੰਤਰੀ ਨੇ ਆਪ ਹੋਰ ਉਲਝਾ ਦਿੱਤਾ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੋਰਟਲ ’ਤੇ ਇਸਨੁੰ ਆਪਣੀ ਪ੍ਰਾਪਤੀ ਦਰਸਾ ਕੇ ਉਭਾਰ ਕੇ ਪੇਸ਼ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਉਹ ਜਲਦੀ ਹੀ ਮੂਸੇਵਾਲਾ ਦੇ ਰਿਹਾਇਸ਼ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ।