Punjabi News: ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਦੇ ਚਾਰ ਲੀਡਰ ਸਵੇਰੇ ਉੱਠ ਕੇ ਹੀ ਉਸ ਨੂੰ ਗਾਲਾਂ ਦੇਣ ਲੱਗ ਜਾਂਦੇ ਹਨ ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਹਨ।
Trending Photos
CM Distributes Appointment: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਖ-ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ 457 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਮਿਊਂਸਪਲ ਭਵਨ ਵਿਖੇ ਨਿਯੁਕਤੀ ਪੱਤਰ ਵੰਡਣ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ। ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਦੇ ਚਾਰ ਲੀਡਰ ਸਵੇਰੇ ਉੱਠ ਕੇ ਹੀ ਉਸ ਨੂੰ ਗਾਲਾਂ ਦੇਣ ਲੱਗ ਜਾਂਦੇ ਹਨ ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਹਨ। ਮਾਨ ਨੇ ਇਸ ਦਾ ਕਾਰਨ ਵੀ ਦੱਸਿਆ ਕਿ ਇਨ੍ਹਾਂ ਨੇ ਕਦੇ ਵੀ ਸੋਚਿਆ ਨਹੀਂ ਸੀ ਕਿ ਆਮ ਘਰਾਂ ਦੇ ਮੁੰਡੇ ਇਨ੍ਹਾਂ ਕੁਰਸੀਆਂ ਉੱਤੇ ਆ ਕੇ ਬੈਠ ਜਾਣਗੇ।
ਸਿੱਧੂ ਵਿਆਹ ਆਲੇ ਸੂਟ ਵਰਗਾ
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੇਲਾ ਵਿਹਾਅ ਚੁੱਕਾ ਸਿਆਸਤਦਾਨ ਦੱਸਦਿਆਂ ਕਿਹਾ ਕਿ ਇਹ ਆਗੂ ਜਿਹੜੀ ਵੀ ਪਾਰਟੀ ਵਿੱਚ ਜਾਂਦਾ ਹੈ, ਉਸ ਪਾਰਟੀ ਲਈ ਬੋਝ ਬਣ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਧੂ ਵਿਆਹ ਵਿੱਚ ਲੈਣ-ਦੇਣ ਵਾਲੇ ਸੂਟ ਵਾਂਗ ਹੈ ਪਰ ਕਾਂਗਰਸ ਦੀ ਮਾੜੀ ਕਿਸਮਤ...ਉਨ੍ਹਾਂ ਨੇ ਇਹ ਸੂਟ ਖੋਲ੍ਹ ਲਿਆ ਹੈ ਹੁਣ ਉਹ ਸੂਟ ਨਾ ਮੁੜ ਲਿਫਾਫੇ ਵਿੱਚ ਪਾਇਆ ਜਾ ਰਿਹਾ ਹੈ ਤੇ ਨਾ ਹੀ ਸਵਾਇਆ ਜਾ ਰਿਹਾ ਹੈ।
ਅਕਾਲੀ ਦਲ 'ਤੇ ਨਿਸ਼ਾਨੇ
ਮੁੱਖ ਮੰਤਰੀ ਨੇ ਅਕਾਲੀ ਦਲ ਦੀ ਯਾਤਰਾ ਬਚਾਓ ਯਾਤਰਾ ਨੂੰ ਲੈਕੇ ਵੀ ਨਿਸ਼ਾਨੇ ਸਾਧੇ ਹੋਏ ਕਿਹਾ ਕਿ ਵਿੱਚ ਪੰਜਾਬ ਕਿਤੇ ਵੀ ਨਹੀਂ ਨਜ਼ਰ ਆਉਦਾ ਇਹ ਲੋਕ ਪੰਜਾਬ ਬਚਾਉਣ ਦੇ ਲਈ ਨਹੀਂ ਸਗੋਂ ਪਰਿਵਾਰ ਨੂੰ ਬਚਾਉਣ ਦੇ ਲਈ ਯਾਤਰਾ ਕੱਢ ਰਹੇ ਹਨ। ਜਦੋਂ ਇਹ ਲੋਕ ਸੱਤਾ ਵਿੱਚ ਸਨ ਤਾਂ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਜੰਮਕੇ ਲੁੱਟਿਆ ਕੁੱਟਿਆ ਹੁਣ ਸੱਤਾ ਵਿੱਚੋਂ ਬਾਹਰ ਹੋ ਗਏ ਤਾਂ ਯਾਤਰਾਵਾਂ ਕੱਢ ਰਹੇ ਹਨ।
ਵਿਰੋਧੀ ਸਾਡੇ ਕੰਮਾਂ ਤੋਂ ਬੁਖਲਾਏ
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਕਿ ਸੂਬਾ ਸਰਕਾਰ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾ ਰਹੀ ਹੈ, ਹੁਣ ਤੱਕ ਇਕ ਕਰੋੜ ਤੋਂ ਵੱਧ ਲੋਕਾਂ ਨੇ ਆਮ ਆਦਮੀ ਕਲੀਨਿਕਾਂ ਤੋਂ ਮੁਫਤ ਇਲਾਜ ਕਰਵਾਇਆ, ਪਹਿਲੀ ਵਾਰ ਪ੍ਰਾਈਵੇਟ ਥਰਮਲ ਪਲਾਂਟ ਸੂਬਾ ਸਰਕਾਰ ਵੱਲੋਂ 1080 ਕਰੋੜ ਰੁਪਏ ਦੀ ਲਾਗਤ ਨਾਲ ਖਰੀਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਸੂਬੇ ਵਿੱਚ ਆਮ ਆਦਮੀ ਦੇ ਭਲੇ ਲਈ ਹੋ ਰਹੇ ਕੰਮਾਂ ਤੋਂ ਬੁਖਲਾਏ ਹੋਏ ਹਨ ਜਿਸ ਕਰਕੇ ਉਹ ਉਨ੍ਹਾਂ ਵਿਰੁੱਧ ਜ਼ਹਿਰ ਉਗਲ ਰਹੇ ਹਨ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਲੀਡਰਾਂ ਦੇ ਝਾਂਸੇ ਵਿੱਚ ਨਾ ਆਉਣ, ਜੋ ਆਪਣਾ ਵਜੂਦ ਗੁਆ ਚੁੱਕੇ ਹਨ ਕਿਉਂਕਿ ਲੋਕਾਂ ਵੱਲੋਂ ਇਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ।
ਸੱਤਾ ਨੂੰ ਆਪਣੀ ਜਗੀਰ ਸਮਝਦੇ ਸੀ ਵਿਰੋਧੀ
ਮੁੱਖ ਮੰਤਰੀ ਨੇ ਕਿਹਾ, “ਰਵਾਇਤੀ ਪਾਰਟੀਆਂ ਮੇਰੇ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਮੈਂ ਸਧਾਰਨ ਘਰ ਨਾਲ ਸਬੰਧ ਰੱਖਦਾ ਹਾਂ। ਇਹ ਆਗੂ ਸੱਤਾ ਵਿੱਚ ਬਣੇ ਰਹਿਣ ਦਾ ਆਪਣਾ ਬੁਨਿਆਦੀ ਹੱਕ ਸਮਝਦੇ ਸਨ ਜਿਸ ਕਾਰਨ ਇਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਸਾਡੀਆਂ ਕੁਰਸੀਆਂ ਤੇ ਆਕੇ ਕਿਵੇਂ ਬੈਠਗੇਏ। ਇਨ੍ਹਾਂ ਸਿਆਸਤਦਾਨਾਂ ਨੇ ਲੰਮਾ ਸਮਾਂ ਲੋਕਾਂ ਨੂੰ ਮੂਰਖ ਬਣਾਇਆ ਪਰ ਹੁਣ ਲੋਕ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਨਹੀਂ ਆਉਣਗੇ।”
ਵੱਖ-ਵੱਖ ਵਿਭਾਗ 'ਚ ਨੌਕਰੀਆਂ
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਭਰਤੀ ਕੀਤੇ ਉਮੀਦਵਾਰਾਂ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 20 ਜੂਨੀਅਰ ਡਰਾਫਟਮੈਨ, ਪਸ਼ੂ ਪਲਾਣ ਵਿਭਾਗ ਵਿੱਚ ਡੇਅਰੀ ਵਿਕਾਸ ਅਫਸਰ, ਕਲਰਕ, ਇੰਕੂਬੇਟਰ ਅਪਰੇਟਰ ਅਤੇ ਮਸ਼ੀਨ ਅਪਰੇਟਰਾਂ ਸਣੇ 32 ਮੁਲਾਜ਼ਮ, ਯੁਵਕ ਸੇਵਾਵਾਂ ਵਿਭਾਗ ਵਿੱਚ ਛੇ ਸਟੈਨੋ-ਟਾਈਪਸਟ, ਕਰ ਤੇ ਆਬਕਾਰੀ ਵਿਭਾਗ ਵਿੱਚ ਕਲਰਕ ਲੀਗਲ, ਅਕਾਊਂਸ ਅਤੇ ਆਈ.ਟੀ. ਸਣੇ 129 ਮੁਲਾਜ਼ਮ, ਖੁਰਾਕ ਤੇ ਸਿਵਲ ਸਪਲਾਈਜ਼ ਮਾਮਲਿਆਂ ਵਿੱਚ 8 ਸਟੈਨੋ-ਟਾਈਪਿਸਟ, ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਇਕ ਕਲਰਕ, ਵਿੱਤ ਵਿਭਾਗ ਵਿੱਚ ਕਲਰਕ, ਸਟੈਨੋ ਟਾਈਪਿਸਟ ਤੇ ਸੈਕਸ਼ਨ ਅਫਸਰਾਂ ਸਣੇ 36 ਮੁਲਾਜ਼ਮ, ਲੋਕ ਨਿਰਮਾਣ ਵਿਭਾਗ ਵਿੱਚ 24 ਜੂਨੀਅਰ ਡਰਾਫਟਮੈਨ, ਮਕਾਨ ਤੇ ਸ਼ਹਿਰੀ ਵਿਕਾਸ ਵਿੱਚ 41 ਕਲਰਕ, ਜਲ ਸਰੋਤ ਵਿਭਾਗ ਵਿੱਚ 79 ਸਟੈਨੋ-ਟਾਈਪਿਸਟ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਸਟਾਫ ਨਰਸ, ਕਲਰਕ ਅਤੇ ਚੌਥਾ ਦਰਜਾ ਸਮੇਤ 9 ਮੁਲਾਜ਼ਮ, ਪਾਵਰਕਾਮ ਵਿੱਚ ਐਸਿਸਟੈਂਟ ਇੰਜਨੀਅਰ, ਐਸਿਸਟੈਂਟ ਮੈਨੇਜਕ ਅਤੇ ਕਲਰਕ ਸਮੇਤ 65 ਮੁਲਾਜ਼ਮ ਅਤੇ ਮੈਡੀਕਲ ਸਿੱਖਿਆ ਤੇ ਹੋਰ ਵਿਭਾਗਾਂ ਵਿੱਚ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਐਸਿਸਟੈਂਟ ਪ੍ਰੋਫੈਸਰ ਸਣੇ 7 ਮੁਲਾਜ਼ਮ ਹਾਜ਼ਰ ਸਨ।
ਸਰਕਾਰ ਰੁਜ਼ਗਾਰ ਦੇਣ ਪ੍ਰਤੀ ਵਚਨਬੱਧ
ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਸਾਨੂੰ ਜਬਰ-ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਦਾ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਸੂਬਾ ਸਰਕਾਰ ਸਰਕਾਰੀ ਨੌਕਰੀਆਂ ਦੀ ਭਰਤੀ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਕਿ ਕਿਸੇ ਨਾਲ ਵੀ ਅਨਿਆਂ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਮਿਊਂਸਪਲ ਭਵਨ ਵਿੱਚ ਅਜਿਹੇ ਕਈ ਸਮਾਗਮ ਹੋ ਚੁੱਕੇ ਹਨ, ਜਿਨ੍ਹਾਂ 'ਚ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਨੌਕਰੀਆਂ ਮਿਲੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨੌਜਵਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਨਵੇਂ ਭਰਤੀ ਮੁਲਾਜ਼ਮ ਰਿਸ਼ਵਤ ਖਿਲਾਫ ਲੈਣ ਅਹਿਦ
ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਵਾਅਦਾ ਕਰਨ ਲਈ ਕਿਹਾ ਕਿ ਅਸੀਂ ਤੁਹਾਨੂੰ ਬਿਨ੍ਹਾਂ ਕਿਸੇ ਰਿਸ਼ਵਤ ਅਤੇ ਸਿਫਾਰਸ਼ ਤੋਂ ਨੌਕਰੀਆਂ ਦਿੱਤੀਆਂ ਹਨ। ਤੁਸੀਂ ਮੇਰੇ ਨਾਲ ਵਾਅਦਾ ਕਰੋਂ ਕਿ ਤੁਸੀਂ ਜਿਸ ਕੁਰਸੀ 'ਤੇ ਬੈਠਣ ਜਾ ਰਹੇ ਹੋ। ਉਥੇ ਬੈਠਕੇ ਕਿਸੇ ਵੀ ਵਿਅਕਤੀ ਤੋਂ ਰਿਸ਼ਵਤ ਦੀ ਮੰਗ ਨਹੀਂ ਕਰੋਗੇ। ਜੇਕਰ ਤੁਸੀਂ ਪਹਿਲ ਦੇ ਅਧਾਰ ਤੇ ਆਮ ਲੋਕਾਂ ਦੇ ਕੰਮ ਕਰੋਂਗੇ ਲੋਕ ਤੁਹਾਨੂੰ ਅਸੀਸਾਂ ਦੇਣਗੇ। ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਮੁਖਾਤਿਬ ਹੁੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਆਪਣੀ ਕਲਮ ਰਾਹੀਂ ਸਮਾਜ ਦੇ ਲੋੜਵੰਦ ਅਤੇ ਪੱਛੜੇ ਵਰਗਾਂ ਦੀ ਮਦਦ ਕਰੋਗੇ। ਤਹਾਨੂੰ ਵੱਧ ਤੋਂ ਵੱਧ ਲੋਕਾਂ ਦੀ ਭਲਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਨਾਗਰਿਕ ਸਰਕਾਰੀ ਦਫ਼ਤਰਾਂ ਤੋਂ ਨਿਰਾਸ਼ ਹੋ ਕੇ ਨਾ ਜਾਵੇ।”