Machhiwara News: ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਵਿੱਚ ਬੀਤੀ ਰਾਤ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਉਤੇ ਜਾਂਦੇ 3 ਨੌਜਵਾਨਾਂ ਨੂੰ ਗੱਡੀ ਚੜ੍ਹਾ ਕੇ ਬੁਰੀ ਤਰ੍ਹਾਂ ਕੁਚਲ ਦਿੱਤਾ।
Trending Photos
Machhiwara News (ਵਰੁਣ ਕੌਸ਼ਲ): ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਖੇੜਾ-ਚਕਲੀ ਮੰਗਾ ਰੋਡ ਉਤੇ ਬੀਤੀ ਰਾਤ ਦਰਦਨਾਕ ਘਟਨਾ ਵਾਪਰੀ ਜਿਸ ਵਿਚ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਉਤੇ ਜਾਂਦੇ 3 ਨੌਜਵਾਨਾਂ ਨੂੰ ਗੱਡੀ ਚੜ੍ਹਾ ਕੇ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਨ੍ਹਾਂ ਵਿਚੋਂ ਇੱਕ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਬਾਕੀ 2 ਨੌਜਵਾਨ ਸੋਹਣ ਸਿੰਘ ਤੇ ਮਨਮੋਹਣ ਸਿੰਘ ਜਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨੂੰ ਫੋਨ ਆਇਆ ਕਿ ਉਸਦੇ ਇੱਕ ਰਿਸ਼ਤੇਦਾਰ ਦੀ ਕਾਰ ਖ਼ਰਾਬ ਹੋ ਗਈ ਹੈ ਜਿਸ ਉਤੇ ਉਹ ਆਪਣੇ ਮੋਟਰਸਾਈਕਲ ਉਤੇ ਸੋਹਣ ਸਿੰਘ ਤੇ ਮਨਮੋਹਣ ਸਿੰਘ ਨੂੰ ਨਾਲ ਲੈ ਕੇ ਪਿੰਡ ਚਕਲੀ ਮੰਗਾਂ ਵੱਲ ਨੂੰ ਚਲਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਚਕਲੀ ਮੰਗਾ ਦਾ ਇੱਕ ਵਿਅਕਤੀ ਮਲਕੀਤ ਸਿੰਘ ਉਰਫ਼ ਮੰਤਰੀ ਅਤੇ ਸੋਨੂੰ ਜੋ ਕਿ ਦੋਵੇਂ ਭਰਾ ਨਸ਼ਾ ਵੇਚਣ ਦਾ ਕੰਮ ਕਰਦੇ ਹਨ, ਉਨ੍ਹਾਂ ਨਾਲ ਕੁਲਵਿੰਦਰ ਸਿੰਘ ਦੀ ਕੋਈ ਤਕਰਾਰਬਾਜ਼ੀ ਹੋ ਗਈ ਅਤੇ ਪਹਿਲਾਂ ਵੀ ਪਿੰਡ ਵਾਲੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ।
ਕੁਲਵਿੰਦਰ ਸਿੰਘ ਆਪਣੇ 2 ਸਾਥੀਆਂ ਸਮੇਤ ਮੋਟਰਸਾਈਕਲ ਉਤੇ ਸਵਾਰ ਹੋ ਕੇ ਚਕਲੀ ਮੰਗਾਂ ਤੋਂ ਵਾਪਸ ਖੇੜਾ ਜਾ ਰਿਹਾ ਸੀ ਤਾਂ ਮਲਕੀਤ ਸਿੰਘ ਉਰਫ਼ ਮੰਤਰੀ ਤੇ ਉਸਦਾ ਭਰਾ ਸੋਨੂੰ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਜੋ ਕਾਰ ਵਿਚ ਸਵਾਰ ਸਨ, ਉਨ੍ਹਾਂ ਨੇ ਮਾਰ ਦੇਣ ਦੀ ਨੀਅਤ ਨਾਲ ਕੁਲਵਿੰਦਰ ਸਿੰਘ ਤੇ ਉਸਦੇ ਸਾਥੀਆਂ ਉਤੇ ਕਾਰ ਚੜ੍ਹਾ ਦਿੱਤੀ।
ਇਸ ਕਾਰਨ ਉਹ ਜਖ਼ਮੀ ਹੋ ਕੇ ਸੜਕ ਉਤੇ ਡਿੱਗ ਗਏ। ਇਨ੍ਹਾਂ ਕਾਰ ਸਵਾਰਾਂ ਨੇ ਵਾਰ-ਵਾਰ ਕਾਰ ਚੜ੍ਹਾ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਅਤੇ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ। ਜਖ਼ਮੀਆਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਕੁਲਵਿੰਦਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦੇ ਦਿੱਤਾ। ਮਾਛੀਵਾੜਾ ਪੁਲਿਸ ਥਾਣਾ ਵਿਚ ਮਲਕੀਤ ਸਿੰਘ ਉਰਫ਼ ਮੰਤਰੀ ਨਾਮ ਦਾ ਵਿਅਕਤੀ ਜੋ ਕਿ ਪਿੰਡ ਚਕਲੀ ਮੰਗਾਂ ਦਾ ਵਾਸੀ ਹੈ, ਉਸ ਉੱਪਰ ਨਸ਼ੇ ਦੇ ਮਾਮਲੇ ਵੀ ਦਰਜ ਹਨ।
ਮ੍ਰਿਤਕ ਕੁਲਵਿੰਦਰ ਸਿੰਘ ਵਿਆਹਿਆ ਹੋਇਆ ਸੀ ਜੋ ਕਿ 2 ਬੱਚਿਆਂ ਦਾ ਪਿਤਾ ਹੈ ਅਤੇ ਸਮਰਾਲਾ ਵਿਖੇ ਇੱਕ ਪ੍ਰਾਈਵੇਟ ਬੈਂਕ ਦਾ ਮੈਨੇਜਰ ਸੀ। ਪੁਲਿਸ ਵੱਲੋਂ ਕੁਲਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ ਜਦਕਿ ਹਾਦਸੇ ਵਿਚ ਜਖ਼ਮੀ 2 ਵਿਅਕਤੀਆਂ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨਾਂ ਉੱਪਰ ਮੰਤਰੀ ਤੇ ਉਸਦੇ ਭਰਾ ਨੇ ਰੰਜਿਸ਼ ਕਾਰਨ ਗੱਡੀ ਨਾਲ ਕੁਚਲਿਆ ਹੈ ਕਿਉਂਕਿ ਉਹ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ।
ਮ੍ਰਿਤਕ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮਾਛੀਵਾੜਾ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਅੱਤ ਦੀ ਗਰਮੀ ਵਿਚ ਉਹ ਕਰੀਬ 2 ਘੰਟੇ ਸੜਕ ਜਾਮ ਕਰਕੇ ਬੈਠੇ ਰਹੇ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਲੜਕੇ ਕੁਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ ਅਤੇ ਇਹ ਨਸ਼ਾ ਤਸਕਰ ਬੇਖੌਫ਼ ਹੋ ਕੇ ਘੁੰਮਦੇ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ।
ਹਲਕਾ ਵਿਧਾਇਕ ਮੌਕੇ ਉਪਰ ਪੁੱਜੇ
ਮੌਕੇ ’ਤੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ, ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਵੀ ਪੁੱਜੇ ਜਿਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਵਿਧਾਇਕ ਦਿਆਲਪੁਰਾ ਨੇ ਪੁਲਿਸ ਨੂੰ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਵਧਦਾ ਨਸ਼ਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਅੱਜ ਇਨ੍ਹਾਂ ਨਸ਼ਾ ਤਸਕਰਾਂ ਕਾਰਨ ਹੀ ਪਿੰਡ ਖੇੜਾ ਦਾ ਨੌਜਵਾਨ ਕੁਲਵਿੰਦਰ ਸਿੰਘ ਮੌਤ ਦੇ ਮੂੰਹ ਵਿਚ ਜਾ ਪਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਨਸ਼ਾ ਤਸਕਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਆਪਣੇ ਬਿਆਨ ਦਰਜ ਕਰਵਾਉਣ ਅਤੇ ਸਖ਼ਤ ਧਾਰਾਵਾਂ ਤਹਿਤ ਮਾਮਲੇ ਵਿਚ ਜੋ ਵੀ ਦੋਸ਼ੀ ਹਨ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਪਰਿਵਾਰ ਨਾਲ ਬਦਸਲੂਕੀ ਕਰਨ ਵਾਲਾ ਸਹਾਇਕ ਥਾਣੇਦਾਰ ਲਾਈਨ ਹਾਜ਼ਰ
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕੱਲ੍ਹ ਹਾਦਸੇ ਤੋਂ ਬਾਅਦ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਉਨ੍ਹਾਂ ਨਾਲ ਗੱਲਬਾਤ ਕਰਨ ਆਇਆ ਤਾਂ ਉਸਦਾ ਵਿਵਹਾਰ ਠੀਕ ਨਹੀਂ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਉਕਤ ਸਹਾਇਕ ਥਾਣੇਦਾਰ ਨੇ ਬਦਸਲੂਕੀ ਕੀਤੀ ਇਸ ਲਈ ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਬਦਸਲੂਕੀ ਕਰਨ ਵਾਲੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਉੱਥੇ ਹੀ ਸਰਕਾਰੀ ਹਸਪਤਾਲ ਸਮਰਾਲਾ ਦੇ ਐਮਰਜੈਂਸੀ ਡਿਊਟੀ ਨਿਭਾ ਰਹੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਇੱਕ ਐਕਸੀਡੈਂਟ ਕੇਸ ਮਾਛੀਵਾੜਾ ਸਾਹਿਬ ਤੋਂ ਆਇਆ ਸੀ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਦੂਸਰੇ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਇੱਕ ਨੌਜਵਾਨ ਸਮਰਾਲਾ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ।