ਭਾਜਪਾ ’ਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ ਤੇ ਫ਼ਤਿਹ ਜੰਗ ਬਾਜਵਾ ਤੇ ਗੁਰਪ੍ਰੀਤ ਸਿੰਘ ਕਾਂਗੜ ਸਣੇ ਕਈਆਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
Trending Photos
ਚੰਡੀਗੜ੍ਹ: ਸੂਬੇ ’ਚ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ 73 ਸੀਟਾਂ ’ਤੇ ਚੋਣ ਲੜੀ, ਪਰ ਸਿਰਫ਼ 2 ’ਤੇ ਹੀ ਜਿੱਤ ਹਾਸਲ ਹੋਈ। ਹੋਰ ਤਾਂ ਹੋਰ 54 ਉਮੀਦਵਾਰਾਂ ਦੀ ਤਾਂ ਜ਼ਮਾਨਤ ਤੱਕ ਜ਼ਬਤ ਹੋ ਗਈ। ਇਸ ਨਤੀਜੇ ਨੂੰ ਦੇਖਦਿਆਂ ਪਾਰਟੀ ’ਚ ਹੁਣ ਲੀਡਰਸ਼ਿਪ ਬਦਲਣ ਦੀ ਮੰਗ ਜ਼ੋਰ ਫੜਨ ਲੱਗੀ ਹੈ।
ਪੰਜਾਬ ਦਾ ਦੁਬਾਰਾ ਦੌਰਾ ਕਰ ਸਕਦੇ ਹਨ ਪ੍ਰਧਾਨ ਮੰਤਰੀ
ਵਿਧਾਨ ਸਭਾ ਚੋਣਾਂ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ 13 ਦੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ, ਜਦਕਿ ਅਕਾਲੀ ਦਲ ਨਾਲ ਗਠਬੰਧਨ ਦੌਰਾਨ ਉਨ੍ਹਾਂ ਨੂੰ ਸਿਰਫ਼ 3 ਸੀਟਾਂ ਦਿੱਤੀਆਂ ਜਾਦੀਆਂ ਸਨ। ਕੇਂਦਰ ’ਚ ਮੋਦੀ ਸਰਕਾਰ ਦੀ ਸਥਿਤੀ ਮਜ਼ਬੂਤ ਕਰਨ ਲਈ ਵੀ ਹੁਣ ਤੋਂ ਹੀ ਪੰਜਾਬ ਦੀ ਭਾਜਪਾ ਇਕਾਈ ਵਲੋਂ ਤਿਆਰੀਆਂ ਵਿੱਢ ਦਿੱਤੀ ਗਈ ਹੈ।
ਸੂਤਰਾਂ ਤੋਂ ਮਿਲੀ ਖ਼ਬਰ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਦੁਬਾਰਾ ਪੰਜਾਬ ਦਾ ਦੌਰਾ ਕਰ ਸਕਦੇ ਹਨ।
ਚੰਡੀਗੜ੍ਹ ਫ਼ੇਰੀ ਮੌਕੇ PM ਨੇ ਭਾਜਪਾ ਆਗੂਆਂ ਨਾਲ ਕੀਤੀ ਮੀਟਿੰਗ
24 ਅਗਸਤ ਨੂੰ ਆਪਣੀ ਚੰਡੀਗੜ ਫ਼ੇਰੀ ਮੌਕੇ PM ਮੋਦੀ ਨੇ ਭਾਜਪਾ ਦੇ 12-14 ਆਗੂਆਂ ਨਾਲ ਇਕਾਂਤ ’ਚ ਮੀਟਿੰਗ ਕੀਤੀ। ਇਹ ਮੀਟਿੰਗ ਪ੍ਰਧਾਨ ਮੰਤਰੀ ਦੇ ਸ਼ਡਿਊਲ (Schdule) ’ਚ ਪਹਿਲਾਂ ਤੋਂ ਤੈਅ ਨਹੀਂ ਸੀ। ਇਸ ਮੀਟਿੰਗ ’ਚ ਕਾਂਗਰਸ ਸਰਕਾਰ ਵੇਲੇ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ, ਡਾ. ਰਾਜ ਕੁਮਾਰ ਵੇਰਕਾ ਤੇ ਸੁਨੀਲ ਜਾਖੜ ਖ਼ਾਸ ਤੌਰ ’ਤੇ ਮੌਜੂਦ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਪੰਜਾਬ ’ਚ ਸਿੱਖ ਚਿਹਰਿਆਂ ’ਤੇ ਦਾਅ ਖੇਡ ਸਕਦੀ ਹੈ ਤਾਂ ਜੋ ਭਾਜਪਾ ਖ਼ਿਲਾਫ਼ ਬਣਾਏ ਮਾਹੌਲ ਦਾ ਤੋੜ ਕੱਢਿਆ ਜਾ ਸਕੇ। ਜਿਸਦੇ ਚੱਲਦਿਆਂ ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ ਤੇ ਫ਼ਤਿਹ ਜੰਗ ਬਾਜਵਾ ਤੇ ਗੁਰਪ੍ਰੀਤ ਸਿੰਘ ਕਾਂਗੜ ਸਣੇ ਕਈ ਸਾਬਕਾ ਕਾਂਗਰਸੀ ਆਗੂਆਂ ਨੂੰ ਭਾਜਪਾ ਵਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।