GST Collection in July 2023: ਇਸ ਰਿਪੋਰਟ ਵਿੱਚ 2022 ਦੇ ਜੁਲਾਈ ਮਹੀਨੇ ਦੇ GST ਕਲੈਕਸ਼ਨ ਦੀ 2023 ਦੇ ਜੁਲਾਈ ਮਹੀਨੇ ਦੇ ਕਲੈਕਸ਼ਨ ਨਾਲ ਤੁਲਨਾ ਕੀਤੀ ਗਈ ਸੀ।
Trending Photos
GST Collection Revenue Punjab vs Haryana, Chandigarh and Himachal Pradesh July 2023: ਕੇਂਦਰ ਸਰਕਾਰ ਵੱਲੋਂ ਬੀਤੇ ਦਿਨ GST ਕਲੈਕਸ਼ਨ ਰੈਵੇਨਿਊ ਦੀ ਇੱਕ ਰਿਪੋਰਟ ਸਾਂਝੀ ਕੀਤੀ ਗਈ ਜਿਸ ਵਿੱਚ ਹਰ ਸੂਬੇ ਦੇ ਅੰਕੜੇ ਦਿੱਤੇ ਗਏ। ਇਸ ਦੌਰਾਨ GST ਕਲੈਕਸ਼ਨ ਦੇ ਮਾਮਲੇ 'ਚ ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਮੁਕਾਬਲੇ ਪੰਜਾਬ ਕਾਫੀ ਪਿੱਛੇ ਦਿਖਾਈ ਦਿੱਤਾ।
ਇਸ ਰਿਪੋਰਟ ਵਿੱਚ 2022 ਦੇ ਜੁਲਾਈ ਮਹੀਨੇ ਦੇ GST ਕਲੈਕਸ਼ਨ ਦੀ 2023 ਦੇ ਜੁਲਾਈ ਮਹੀਨੇ ਦੇ ਕਲੈਕਸ਼ਨ ਨਾਲ ਤੁਲਨਾ ਕੀਤੀ ਗਈ ਸੀ। ਜਿੱਥੇ ਪੰਜਾਬ 'ਚ ਜੁਲਾਈ ਦੇ ਮਹੀਨੇ ਦੀ GST ਕਲੈਕਸ਼ਨ 'ਚ 2022 ਨਾਲੋਂ 15 ਫ਼ੀਸਦੀ ਦਾ ਵਾਧਾ ਹੋਇਆ ਹੈ ਉੱਥੇ ਹਰਿਆਣਾ 'ਚ 17 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਹਾਲਾਂਕਿ GST ਕਲੈਕਸ਼ਨ 'ਚ ਦੋਵੇਂ ਸੂਬਿਆਂ ਦੇ ਅੰਕੜਿਆਂ 'ਚ ਜ਼ਮੀਨ ਅਸਮਾਨ ਦਾ ਫਾਸਲਾ ਹੈ।
ਦੱਸ ਦਈਏ ਕਿ ਪੰਜਾਬ 'ਚ ਜੁਲਾਈ 2022 ਵਿੱਚ GST ਮਾਲੀਆ 1733 ਕਰੋੜ ਰੁਪਏ ਸੀ ਅਤੇ ਜੁਲਾਈ 2023 ਵਿੱਚ ਇਹ 2000 ਕਰੋੜ ਰੁਪਏ ਹੋਇਆ। ਦੂਜੇ ਪਾਸੇ ਹਰਿਆਣਾ ਵਿੱਚ ਜੁਲਾਈ 2022 ਵਿੱਚ GST 6791 ਕਰੋੜ ਰੁਪਏ ਸੀ ਤੇ ਜੁਲਾਈ 2023 ਵਿੱਚ ਇਹ 7953 ਕਰੋੜ ਰੁਪਏ 'ਤੇ ਰਿਹਾ। ਅੰਕੜਿਆਂ 'ਤੇ ਦੇਖਿਆ ਜਾਵੇ ਤਾਂ ਦੋਵੇਂ ਸੂਬਿਆਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਜਦਕਿ ਦੋਵਾਂ ਸੂਬਿਆਂ ਦੀ ਅਬਾਦੀ 'ਚ ਬਹੁਤ ਨਿੱਕਾ ਜਿਹਾ ਫਾਸਲਾ ਹੈ।
ਇਸ 'ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਹੈ ਕਿ ਉਨ੍ਹਾਂ ਵੱਲੋ ਇੰਟੈਗਰੇਟਿਡ ਗੁੱਡਜ਼ ਤੇ ਸਰਵਿਸਿਜ਼ ਟੈਕਸ (ਆਈਜੀਐਸਟੀ) ਐਕਟ ਦੀ ਧਾਰਾ 10 ਵਿੱਚ ਸੋਧ ਲਈ ਪੰਜਾਬ ਵੱਲੋਂ ਦਲੀਲ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਸਾਨੂੰ ਆਪਣੀ ਰਾਜਧਾਨੀ ਵਿੱਚ ਖਰੀਦਦਾਰੀ ਕਰਨ ਲਈ ਆਪਣੇ ਹੀ ਵਸਨੀਕਾਂ ਤੋਂ ਟੈਕਸ ਵਸੂਲੀ ਨਹੀਂ ਮਿਲ ਰਹੀ ਸੀ ਜਦਕਿ ਦੂਜੇ ਸੂਬੇ, ਜਿਨ੍ਹਾਂ ਕੋਲ ਆਪਣੀ ਵੱਖਰੀ ਰਾਜਧਾਨੀ ਹੈ, ਉਹ ਆਪਣਾ ਟੈਕਸ ਲੈਂਦੇ ਹਨ।
ਹਰਿਆਣਾ ਤੋਂ ਤਾਂ ਹੈ ਹੀ ਹੈ ਪਰ GST ਮਾਲੀਆ 'ਚ ਵਾਧੇ ਦੇ ਮਾਮਲੇ 'ਚ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਨਾਲੋਂ ਪੰਜਾਬ ਹੋਰ ਵੀ ਜ਼ਿਆਦਾ ਪਿੱਛੇ ਹੈ। ਦੱਸ ਦਈਏ ਕਿ ਚੰਡੀਗੜ੍ਹ ਤੇ ਹਿਮਾਚਲ ਵਿੱਚ 23 ਫ਼ੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ ਜਦਕਿ ਪੰਜਾਬ 'ਚ ਸਿਰਫ 15 ਫ਼ੀਸਦੀ ਹੀ ਵਾਧਾ ਹੋਇਆ ਹੈ। ਹਾਲਾਂਕਿ ਚੰਡੀਗੜ੍ਹ ਤੇ ਹਿਮਾਚਲ ਦੇ ਅੰਕੜੇ ਪੰਜਾਬ ਨਾਲੋਂ ਕਾਫੀ ਘੱਟ ਨੇ ਪਰ ਇਸਦਾ ਇੱਕ ਕਾਰਨ ਜਨਸੰਖਿਆ ਵੀ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ 'ਚ ਜੁਲਾਈ 2022 ਵਿੱਚ GST ਮਾਲੀਆ 176 ਕਰੋੜ ਰੁਪਏ ਸੀ ਅਤੇ ਜੁਲਾਈ 2023 ਵਿੱਚ ਇਹ 217 ਕਰੋੜ ਰੁਪਏ ਹੋਇਆ। ਇਸੇ ਤਰ੍ਹਾਂ ਹਿਮਾਚਲ 'ਚ ਜੁਲਾਈ 2022 ਵਿੱਚ GST ਮਾਲੀਆ 746 ਕਰੋੜ ਰੁਪਏ ਸੀ ਅਤੇ ਜੁਲਾਈ 2023 ਵਿੱਚ ਇਹ 917 ਕਰੋੜ ਰੁਪਏ ਹੋਇਆ। (GST Collection Revenue Punjab vs Chandigarh and Himachal Pradesh July 2023)
ਇਹ ਵੀ ਪੜ੍ਹੋ: Punjab News: ਜਾਣੋ ਪੰਜਾਬ ਵਿੱਚ ਪਿਛਲੇ 3 ਸਾਲਾਂ 'ਚ ਸਰਹੱਦੋਂ ਪਾਰ ਆਏ ਡਰੋਨਾਂ ਦਾ ਅੰਕੜਾ