Trending Photos
Nangal News(ਬਿਮਲ ਸ਼ਰਮਾ): ਭਾਰਤੀ ਫੌਜ ਵਿੱਚ ਬਤੌਰ ਲੈਫਟੀਨੈਂਟ ਭਰਤੀ ਹੋਏ 21 ਸਾਲਾਂ ਨੌਜਵਾਨ ਮਯੰਕ ਦੁਵੇਦੀ ਨੇ ਜਿੱਥੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ, ਉੱਥੇ ਹੀ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਉਕਤ ਨੌਜਵਾਨ ਨੇ ਛੋਟੀ ਉਮਰੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ।
ਇਸ ਤੋਂ ਪਹਿਲਾਂ ਪਿੰਡ ਦਾ ਇੰਨੀ ਛੋਟੀ ਉਮਰ ਦਾ ਨੌਜਵਾਨ ਕੇਂਦਰੀ ਅਦਾਰੇ ਵਿੱਚ ਇੰਨੇ ਵੱਡੇ ਅਹੁਦੇ ਉਤੇ ਨਹੀਂ ਪੁੱਜਿਆ ਸੀ। ਮਯੰਕ ਦੁਵੇਦੀ ਲੈਫਟੀਨੈਂਟ ਬਣਨ ਉਤੇ ਪਿੰਡ ਪਹੁੰਚਿਆ ਜਿਥੇ ਪਿੰਡ ਵਾਸੀਆਂ ਨੇ ਬੈਂਡ ਬਾਜਿਆਂ ਨਾਲ ਉਸ ਦਾ ਸਵਾਗਤ ਕੀਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਫੌਜੀ ਅਫਸਰ ਮਯੰਕ ਦੁਵੇਦੀ ਨੇ ਕਿਹਾ ਕਿ ਉਸਨੇ 10ਵੀਂ ਇੱਕ ਨਿੱਜੀ ਸਕੂਲ ਤੋਂ ਕੀਤੀ ਹੈ, ਜਿਸ ਤੋਂ ਬਾਅਦ ਉਹ ਪ੍ਰੈਪਰੇਸ਼ਨ ਕਰਨ ਲਈ ਫਤਿਹਗੜ੍ਹ ਸਾਹਿਬ ਯੂਨਿਵਰਸਿਟੀ ਵਿੱਚ ਚਲਾ ਗਿਆ ਸੀ।
ਉਕਤ ਨੌਜਵਾਨ ਨੇ ਕਿਹਾ ਕਿ ਉਸਦੇ ਸਕੂਲ ਦੇ ਸੀਨੀਅਰ ਵੀ ਬਤੌਰ ਲੈਫਟੀਨੈਂਟ ਜਾਂ ਕੈਪਟਨ ਹਨ, ਜਿਸ ਸਭ ਤੋਂ ਉਹ ਪ੍ਰਭਾਵਿਤ ਹੋਇਆ ਤੇ ਉਸ ਨੇ ਠਾਣ ਲਈ ਸੀ ਕਿ ਸਖ਼ਤ ਮਿਹਨਤ ਕਰਕੇ ਉਹ ਫੌਜੀ ਅਫਸਰ ਬਣਕੇ ਦੇਸ਼ ਦੀ ਸੇਵਾ ਕਰੇਗਾ। ਮਯੰਕ ਨੇ ਕਿਹਾ ਕਿ ਉਸਨੇ ਚੰਡੀਗੜ੍ਹ ਤੋਂ ਵੀ ਕੋਚਿੰਗ ਲਈ ਤੇ ਫਿਰ ਉਹ ਤਿੰਨ ਸਾਲ ਲਈ ਪੂਨੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਇੱਛਾ ਮੁਤਾਬਿਕ ਇੰਡੀਅਨ ਆਰਮੀ ਅਕੈਡਮੀ ਵਿੱਚ ਜਨਵਰੀ ਤੋਂ ਦਸੰਬਰ ਤੋਂ ਟ੍ਰੇਨਿੰਗ ਕੀਤੀ।
ਮਯੰਕ ਨੇ ਕਿਹਾ ਕਿ ਉਸ ਨੇ ਮਿਹਨਤ ਸਿਰਫ ਇੱਕ ਕਮਰੇ ਵਿੱਚ ਬੰਦ ਹੋ ਕੇ ਨਹੀਂ ਕੀਤੀ, ਸਗੋਂ ਅਫਸਰ ਬਣਨ ਲਈ ਜਿਹੜੀਆਂ ਵਿਸ਼ੇਸ਼ਤਾਵਾਂ ਜ਼ਰੂਰੀ ਹਨ, ਉਨ੍ਹਾਂ ਨੂੰ ਆਪਣੇ ਵਿੱਚ ਧਾਰਨ ਕੀਤਾ ਹੈ। ਪੜ੍ਹਾਈ ਦੇ ਨਾਲ ਨਾਲ ਆਰਾਮ ਦੀ ਅਹਿਮੀਅਤ ਨੂੰ ਵੀ ਸਮਝਿਆ। ਮੇਰੀ ਪਹਿਲੀ ਪਸੰਦ ਆਰਮੀ ਵਿੱਚ ਜਾਣਾ ਸੀ, ਇਸ ਲਈ ਮੈਂ ਆਰਮੀ ਨੂੰ ਤਰਜੀਹ ਦਿੱਤੀ।
ਫੌਜ ਨੂੰ ਹਰ ਖੇਤਰ ਵਿੱਚ ਬਰਾਬਰ ਕਾਬਲੀਅਤ ਰੱਖਣ ਵਾਲਾ ਅਫਸਰ ਹੀ ਚਾਹੀਦਾ ਹੁੰਦਾ ਹੈ, ਇਸ ਲਈ ਮੈਂ ਵੀ ਇਹ ਸਭ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਕਤ ਨੌਜਵਾਨ ਨੇ ਕਿਹਾ ਕਿ ਸਮਾਰਟ ਫੋਨ ਤਾਂ ਸਾਨੂੰ ਪਹਿਲਾਂ ਹੀ ਟ੍ਰੇਨਿੰਗ ਵਿੱਚ ਬਹੁਤ ਘੱਟ ਚਲਾਉਣ ਨੂੰ ਮਿਲਦਾ ਸੀ ਪਰ ਅਖਬਾਰਾਂ ਰਾਹੀਂ ਉਸਨੇ ਦੁਨੀਆਂ ਵਾਰੇ ਬਹੁਤ ਕੁੱਝ ਹਾਸਲ ਕੀਤਾ।
ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਮੋਬਾਈਲਾਂ ਵਿੱਚ ਇੰਨਾ ਫਸ ਚੁੱਕੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਵਿਹਲੇ ਹੋ ਚੁੱਕੇ ਹਨ, ਮੋਬਾਈਲ ਨੂੰ ਸਿਰਫ ਜ਼ਰੂਰਤ ਦੇ ਤੌਰ ਉਤੇ ਹੀ ਵਰਤਿਆ ਜਾਵੇ ਤੇ ਆਪਣਾ ਕੀਮਤੀ ਸਮਾਂ ਭਵਿੱਖ ਨੂੰ ਸਵਾਰਨ ਵੱਲ ਦਿੱਤਾ ਜਾਵੇ।