Punjab News: ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਚੀਮਾ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਇਹ ਵਿਸ਼ੇਸ਼ ਮੁਹਿੰਮ ਬਾਰਾਂ ਵਿੱਚ 'ਹੁੱਕਾ' ਪਰੋਸਣ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਸੀ।
Trending Photos
Punjab News: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕਿਆਂ ਦੀ ਸੂਬਾ ਪੱਧਰੀ ਚੈਕਿੰਗ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਹਨ। ਬੀਤੀ ਰਾਤ ਨੂੰ "ਨਾਈਟ ਸਵੀਪ" ਨਾਮਕ ਅਪਰੇਸ਼ਨ ਸੂਬੇ 'ਚ ਸ਼ਰਾਬ ਬਾਰ ਦੀ ਚੈਕਿੰਗ ਲਈ ਚਲਾਇਆ ਗਿਆ। ਕਲੱਬ 'ਤੇ ਛਾਪਾ ਮਾਰ ਕੇ 20 ਹੁੱਕੇ ਅਤੇ ਵੱਖ-ਵੱਖ ਫਲੇਵਰ ਬਰਾਮਦ ਕੀਤੇ ਗਏ। ਇਸ ਛਾਪੇਮਾਰੀ ਵਿੱਚ ਏਆਈਜੀ ਆਬਕਾਰੀ ਗੁਰਜੋਤ ਸਿੰਘ ਕਲੇਰ ਖੁਦ ਮੌਜੂਦ ਸਨ।
ਉਹਨਾਂ ਨੇ ਅੱਗੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਖੇਤਰ ਦੇ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵੱਲੋਂ ਵੱਖ-ਵੱਖ ਕਾਨੂੰਨਾਂ ਦੀ ਪਾਲਣਾ ਨੂੰ ਵੀ ਟੀਮਾਂ ਵੱਲੋਂ ਰਾਤ ਸਮੇਂ ਚੈਕਿੰਗ ਕੀਤੀ ਗਈ ਅਤੇ ਮੌਕੇ 'ਤੇ ਹੀ ਕਾਰਵਾਈ ਕੀਤੀ ਗਈ। ਚੀਮਾ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਇਹ ਵਿਸ਼ੇਸ਼ ਮੁਹਿੰਮ ਬਾਰਾਂ ਵਿੱਚ 'ਹੁੱਕਾ' ਪਰੋਸਣ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਵਿੱਤ ਕਮਿਸ਼ਨਰ, ਕਰ, ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਸਿੱਧੀ ਨਿਗਰਾਨੀ ਹੇਠ 13 ਤੋਂ ਵੱਧ ਟੀਮਾਂ ਨੇ ਕਾਰਵਾਈ ਕੀਤੀ। ਇਸ ਕਾਰਵਾਈ ਦੇ ਵੇਰਵੇ ਦਿੰਦਿਆਂ ਚੀਮਾ (Harpal Singh Cheema) ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਨਯਾਗਾਓਂ ਖੇਤਰ ਵਿੱਚ ਇੱਕ ਰੈਸਟੋਰੈਂਟ ਆਪਣੇ ਗਾਹਕਾਂ ਨੂੰ ਬੀਅਰ ਦੇ ਨਾਲ ਹੁੱਕਾ ਪਰੋਸਦਾ ਪਾਇਆ ਗਿਆ, ਜੋ ਕਿ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰਦਾ ਹੈ।
ਰੈਸਟੋਰੈਂਟ ਦੀ ਤਲਾਸ਼ੀ ਦੌਰਾਨ 20 ਹੁੱਕੇ, ਬੀਅਰ ਦੀਆਂ 7 ਬੋਤਲਾਂ, ਵੱਖ-ਵੱਖ ਤੰਬਾਕੂ ਫਲੇਵਰ ਅਤੇ ਚਾਰਕੋਲ ਜ਼ਬਤ ਕੀਤਾ ਗਿਆ। ਹੁੱਕੇ ਵਿੱਚ ਵਰਤਿਆ ਜਾਣ ਵਾਲਾ ਚਾਰਕੋਲ ਧੂੰਆਂ ਪੈਦਾ ਕਰਦਾ ਹੈ ਜਿਸ ਵਿੱਚ ਨਾ ਸਿਰਫ਼ ਕਾਰਬਨ ਮੋਨੋਆਕਸਾਈਡ ਹੁੰਦਾ ਹੈ ਸਗੋਂ ਕੈਂਸਰ ਪੈਦਾ ਕਰਨ ਵਾਲੇ ਹੋਰ ਰਸਾਇਣ ਅਤੇ ਧਾਤਾਂ ਵੀ ਹੁੰਦੀਆਂ ਹਨ।
ਰੈਸਟੋਰੈਂਟ ਦੇ ਮਾਲਕਾਂ ਖਿਲਾਫ ਪੰਜਾਬ ਐਕਸਾਈਜ਼ ਐਕਟ 1914, ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ 2003, ਪੋਇਜ਼ਨ ਐਕਟ 1919 ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਥਾਣਾ ਨਵਾਂਗਾਓਂ, ਮੋਹਾਲੀ, ਚੀਮਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਮੋਹਾਲੀ ਦੇ ਇੱਕ ਸ਼ਾਪਿੰਗ ਮਾਲ ਦੇ ਅੰਦਰ ਤਿੰਨ ਬਾਰ ਨਿਰਧਾਰਤ ਸਮੇਂ ਤੋਂ ਵੱਧ ਆਪਣਾ ਕੰਮ ਕਰਦੇ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ। ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਇੱਕ ਬਾਰ ਨਿਰਧਾਰਤ ਸਮਾਂ ਸੀਮਾ ਤੋਂ ਵੱਧ ਚੱਲ ਰਹੀ ਸੀ ਅਤੇ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਵੀ ਪਰੋਸ ਰਹੀ ਸੀ। ਬਾਰ ਦੀ ਤਲਾਸ਼ੀ ਦੌਰਾਨ 17 ਬੋਤਲਾਂ ਬਿਨਾਂ ਡਿਊਟੀ ਲਾਈ ਸ਼ਰਾਬ ਅਤੇ 5 ਬੋਤਲਾਂ ਮਿਆਦ ਪੁੱਗ ਚੁੱਕੀ ਬੀਅਰ ਦੀਆਂ ਵੀ ਬਰਾਮਦ ਹੋਈਆਂ ਜਿਨ੍ਹਾਂ ਨੂੰ ਮੌਕੇ 'ਤੇ ਜ਼ਬਤ ਕਰ ਲਿਆ ਗਿਆ।
ਜਲੰਧਰ ਵਿੱਚ, ਇੱਕ ਬਾਰ ਨੂੰ ਨਿਰਧਾਰਤ ਸਮਾਂ ਸੀਮਾ ਤੋਂ ਵੱਧ ਚੱਲਦਾ ਪਾਇਆ ਗਿਆ। ਉਥੋਂ ਮਿਆਦ ਪੁੱਗ ਚੁੱਕੀ ਬੀਅਰ ਦੀਆਂ ਤਿੰਨ ਬੋਤਲਾਂ ਜ਼ਬਤ ਕੀਤੀਆਂ ਗਈਆਂ। ਚੀਮਾ ਨੇ ਕਿਹਾ ਕਿ ਐਕਸਾਈਜ਼ ਵਿਭਾਗ ਦੀ ਇਸ ਕਾਰਵਾਈ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab News: ਅਸਾਮ 'ਚ ਪਟਿਆਲਾ ਦਾ ਸਿਪਾਹੀ ਸ਼ਹੀਦ, ਰੋ-ਰੋ ਕੇ ਮਾਪਿਆਂ ਦਾ ਹੋਇਆ ਬੁਰਾ ਹਾਲ
ਦੱਸਣਯੋਗ ਹੈ ਕਿ ਚੰਡੀਗੜ੍ਹ ਸ਼ਹਿਰ ਵਿੱਚ ਹੁੱਕਾ ਬਾਰਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗਾ ਦਿੱਤੀ ਗਈ ਹੈ। ਇਸ ਤਹਿਤ ਕਿਹਾ ਗਿਆ ਸੀ ਕਿ ਚੰਡੀਗੜ੍ਹ ਵਿੱਚ ਹੁੱਕਾ ਪਰੋਸਣਾ ਜਾਂ ਪੀਣਾ ਕਾਨੂੰਨ ਦੀ ਉਲੰਘਣਾ ਹੈ।