Mansa News: ਮਾਨਸਾ ਸ਼ਹਿਰ ਦੇ ਕੌਂਸਲਰ ਕਾਲੇ ਕੱਪੜੇ ਪਾ ਕੇ ਰੋਜ਼ਾਨਾ ਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਹੋਣ ਦੇ ਚੱਲਦਿਆਂ ਬੱਸ ਸਟੈਂਡ ਚੌਕ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।\
Trending Photos
Mansa News: ਮਾਨਸਾ ਸ਼ਹਿਰ ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਹੈ। ਦੂਜੇ ਪਾਸੇ ਮਾਨਸਾ ਸ਼ਹਿਰ ਦੇ ਕੌਂਸਲਰ ਕਾਲੇ ਕੱਪੜੇ ਪਾ ਕੇ ਰੋਜ਼ਾਨਾ ਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਹੋਣ ਦੇ ਚੱਲਦਿਆਂ ਬੱਸ ਸਟੈਂਡ ਚੌਕ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਕੌਂਸਲਰਾਂ ਦਾ ਕਹਿਣਾ ਹੈ ਕਿ ਹਰ ਵਾਰਡ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਹੈ ਪਰ ਸੀਵਰੇਜ ਬੋਰਡ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਵੱਸ ਕਾਲੇ ਕੱਪੜੇ ਪਾ ਕੇ ਵਿਰੋਧ ਪ੍ਰਦਰਸ਼ਨ ਕਰਨਾ ਪੈ ਰਿਹਾ।
ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਸੀਵਰੇਜ ਬੋਰਡ ਦੇ ਲਈ ਇੰਨੀ ਵੱਡੀ ਸਮੱਸਿਆ ਬਣ ਗਿਆ ਹੈ ਕਿ ਜਿੱਥੇ ਮਾਨਸਾ ਦੇ ਮੌਜੂਦਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਦੀ ਰਿਹਾਇਸ਼ ਦੇ ਬਾਹਰ ਸੀਵਰੇਜ ਦਾ ਗੰਦਾ ਪਾਣੀ ਹਰ ਸਮੇਂ ਖੜ੍ਹਾ ਰਹਿੰਦਾ ਹੈ ਉੱਥੇ ਹੀ ਸ਼ਹਿਰ ਦੇ ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਵਾਲੀ ਗਲੀ ਅਤੇ ਸਕੂਲਾਂ ਤੋਂ ਇਲਾਵਾ ਕਈ ਧਾਰਮਿਕ ਸਥਾਨਾਂ ਦੇ ਬਾਹਰ ਵੀ ਸੀਵਰੇਜ ਦਾ ਗੰਦਾ ਪਾਣੀ ਫੈਲ ਚੁੱਕਿਆ ਹੈ।
ਸੀਵਰੇਜ ਬੋਰਡ ਇਸ ਸਮੱਸਿਆ ਦਾ ਹੱਲ ਕਰਨ ਤੋਂ ਅਸਫਲ ਦਿਖਾਈ ਦੇ ਰਿਹਾ ਜਿਸ ਕਾਰਨ ਮਾਨਸਾ ਦੇ ਕੌਂਸਲਰਾਂ ਵੱਲੋਂ ਕਾਲੇ ਕੱਪੜੇ ਪਾ ਕੇ ਰੋਜ਼ਾਨਾ ਹੀ ਸੀਵਰੇਜ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਬੱਸ ਸਟੈਂਡ ਚੌਕ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ।
ਕੌਂਸਲਰਾਂ ਨੇ ਕਿਹਾ ਕਿ ਮਾਨਸਾ ਸ਼ਹਿਰ ਵਿੱਚ ਸੀਵਰੇਜ ਦਾ ਗੰਦਾ ਪਾਣੀ ਇੰਨਾ ਫੈਲ ਚੁੱਕਾ ਹੈ ਕਿ ਹਰ ਵਾਰਡ ਦੀ ਗਲੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਹੈ। ਇਸ ਕਾਰਨ ਮਜਬੂਰੀ ਵਸ ਲੋਕਾਂ ਨੂੰ ਇਸ ਗੰਦੇ ਪਾਣੀ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਅਤੇ ਇਸ ਗੰਦੇ ਪਾਣੀ ਤੇ ਮੱਛਰ ਪੈਦਾ ਹੋਣ ਕਾਰਨ ਕਈ ਬਿਮਾਰੀਆਂ ਵੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਕੋਲ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਅਪੀਲ ਕੀਤੀ ਗਈ ਹੈ ਪਰ ਇਸ ਦੀ ਸਮੱਸਿਆ ਜਿਉਂ ਦੀ ਤਿਉਂ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਮਾਨਸਾ ਦੀ ਇਕ ਸੰਸਥਾ ਵੱਲੋਂ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਗਿਆ ਸੀ ਜਿਸ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਚੋਣਾਂ ਤੋਂ ਬਾਅਦ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਪਰਨਾਲਾ ਜਿਉਂ ਦੀ ਤਿਉਂ ਹੈ।
ਕੌਂਸਲਰਾਂ ਨੇ ਕਿਹਾ ਕਿ ਰੋਜ਼ਾਨਾ ਹੀ ਲੋਕ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਕੋਲ ਸ਼ਿਕਾਇਤ ਲੈ ਕੇ ਆ ਰਹੇ ਨੇ ਜਿਸ ਕਾਰਨ ਉਨ੍ਹਾਂ ਨੂੰ ਹੁਣ ਕਾਲੇ ਕੱਪੜੇ ਪਾ ਕੇ ਮਜਬੂਰੀ ਵਸ ਰੋਜ਼ਾਨਾ ਹੀ ਵਿਰੋਧ ਪ੍ਰਦਰਸ਼ਨ ਕਰਨੇ ਪੈ ਰਹੇ ਹਨ।