Ludhiana News: ਸੁਨੀਲ ਜਾਖੜ ਦੇ ਨਾਲ ਲੁਧਿਆਣਾ ਵਿੱਚ ਅਦਾਕਾਰ ਹੌਬੀ ਧਾਲੀਵਾਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਮੌਕੇ ਮਸ਼ਹੂਰ ਫਿਲਮ ਕੁੜਤਾ ਪਜਾਮਾ ਫਿਲਮ ਦੇ ਨਿਰਮਾਤਾ ਰਾਜਦੀਪ ਨੇ ਬੀਜੇਪੀ ਜੁਆਇੰਨ ਕਰ ਲਈ।
Trending Photos
Ludhiana News(Tarsem Bhardwaj): ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅੱਜ ਲੁਧਿਆਣਾ ਪਹੁੰਚੇ। ਜਿੱਥੇ ਉਨ੍ਹਾਂ ਨੇ ਬੀਜੇਪੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਰੋਧੀਆਂ ’ਤੇ ਜੰਮਕੇ ਨਿਸ਼ਾਨਾ ਸਾਧਿਆ। ਜਾਖੜ ਦੇ ਨਾਲ ਅਦਾਕਾਰ ਹੌਬੀ ਧਾਲੀਵਾਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਮੌਕੇ ਮਸ਼ਹੂਰ ਫਿਲਮ ਕੁੜਤਾ ਪਜਾਮਾ ਫਿਲਮ ਦੇ ਨਿਰਮਾਤਾ ਰਾਜਦੀਪ ਨੇ ਬੀਜੇਪੀ ਜੁਆਇੰਨ ਕਰ ਲਈ।
ਜਾਖੜ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸ਼ਹੀਦਾਂ ਦੇ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਬਹਿਰੂਪੀਏ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਪੱਗ ਬੰਨ੍ਹਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ, ਗੁਰੂ ਸਾਹਿਬ ਦੇ ਮਾਰਗ 'ਤੇ ਚੱਲਣਾ ਸਿੱਖ ਧਰਮ ਹੈ। ਅੱਜ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਆਪਣੇ ਹੱਕਾਂ ਲਈ ਸੜਕਾਂ 'ਤੇ ਆਉਣਾ ਪਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੂੰ 'ਛੱਲਾ' ਗਾਉਣ ਦੀ ਬਜਾਏ ਸੂਬੇ ਦੇ ਭਖਦੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ।
ਵਿਵਾਦਿਤ ਸੋਸ਼ਲ ਮੀਡੀਆ ਬਲੌਗਰ ਭਾਨਾ ਸਿੱਧੂ ਦੀ ਵੱਖ-ਵੱਖ ਦੋਸ਼ਾਂ ਤਹਿਤ ਹੋਈ ਗ੍ਰਿਫ਼ਤਾਰੀ ਸਬੰਧੀ ਉਨ੍ਹਾਂ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੋ ਵੀ ਲੋਕ ਮਸਲਿਆਂ 'ਤੇ ਸਰਕਾਰ ਵਿਰੁੱਧ ਬੋਲਦਾ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਜੋ ਕਿ ਬਿਲਕੁੱਲ ਗਲਤ ਹੈ। ਜਾਖੜ ਨੇ ਕਿਹਾ ਕਿ ਸੰਗਰੂਰ ਹਲਕੇ ਨੇ ਸਰਕਾਰ ਬਣਨ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਨੂੰ ਜ਼ਿਮਨੀ ਚੋਣਾਂ ਵਿਚ ਚੋਣ ਲੜਨ ਦਿੱਤੀ ਸੀ। ਪਰ ਅੱਜ ਸੰਗਰੂਰ ਵਿੱਚ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਰਕਾਰ ਤੋਂ ਨਾਰਾਜ਼ ਹਨ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਜਬੂਰ ਹੋਏ ਹਨ। ਅੱਜ ਸਰਕਾਰ ਨੌਜਵਾਨਾਂ 'ਤੇ ਤਸ਼ੱਦਦ ਕਰ ਰਹੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਬਨਵਾਰੀ ਲਾਲ ਪੁਰੋਹਿਤ ਨੇ ਹਮੇਸ਼ਾ ਪੰਜਾਬ ਦੇ ਮੁੱਦੇ ਉਠਾਏ ਹਨ। ਉਨ੍ਹਾਂ ਹਮੇਸ਼ਾ ਹੀ ਨਸ਼ਿਆਂ ਅਤੇ ਮਾਈਨਿੰਗ ਦੇ ਮਾਮਲੇ ਵਿੱਚ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕੀਤੀ ਹੈ। ਅੱਜ ਤੱਕ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਸਿਰਫ਼ ਗੱਲਾਂ ਸੁਣਾਉਦੇ ਆ ਰਹੇ ਹਨ, ਪਰ ਜਦੋਂ ਉਨ੍ਹਾਂ ਦੀ ਗੱਲ ਸੁਣਨ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਗੁੱਸਾ ਆ ਰਿਹਾ ਹੈ।