Jalalabad News: ਕਿਸਾਨਾਂ ਦਾ ਕਹਿਣਾ ਹੈ ਕਿ ਨੇੜਲੇ ਪਿੰਡ ਦੇ ਲੋਕਾਂ ਵੱਲੋਂ ਪਿੰਡਾਂ ਦਾ ਗੰਦਾ ਪਾਣੀ ਮਾਈਨਰ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਵਿਭਾਗ ਵੱਲੋਂ ਇਸ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ ਅਤੇ ਨਹਿਰ ਵਿੱਚ ਗੰਦਗੀ ਦੇ ਢੇਰ ਇਸ ਦੇ ਟੁੱਟਣ ਦਾ ਵੀ ਇੱਕ ਕਾਰਨ ਹੈ।
Trending Photos
Jalalabad News (SUNIL NAGPAL): ਜਲਾਲਾਬਾਦ ਦੇ ਫੈਜ਼ਵਾ ਮਾਈਨਰ 'ਚ ਨਹਿਰ ਦਾ ਪਾਣੀ ਛੱਡਣ ਤੋਂ ਬਾਅਦ ਪਾੜ ਪੈ ਗਿਆ ਹੈ। ਜਿਸ ਕਾਰਨ ਆਸੇ-ਪਾਸੇ ਦੇ ਕਿਸਾਨਾਂ ਵੱਲੋਂ ਖੇਤਾਂ 'ਚ ਬੀਜੀ ਗਈ ਪਨੀਰੀ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਵੱਲੋਂ ਮਾਈਨਰ ਦੀ ਸਫ਼ਾਈ ਨਹੀਂ ਕਰਵਾਈ ਗਈ ਅਤੇ ਪਾਣੀ ਛੱਡ ਦਿੱਤਾ ਗਿਆ। ਜਿਸ ਕਾਰਨ ਮਾਈਨਰ ਵਿੱਚ ਪਾੜ ਪੈ ਗਿਆ ਅਤੇ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ।
ਮਾਈਨਰ ਵਿੱਚ ਪਾੜ ਪੈਣ ਦੌਰਾਨ ਮੌਕੇ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਸਗੋਂ ਅਕਸਰ ਇਹ ਨਹਿਰ ਪਾਣੀ ਦੇ ਵਹਾਅ ਕਾਰਨ ਟੁੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ 11 ਜੂਨ ਤੋਂ ਨਹਿਰੀ ਪਾਣੀ ਦੀ ਸਪਲਾਈ ਕਰਨ ਦੀ ਗੱਲ ਆਖੀ ਗਈ ਸੀ, ਜਿਸ ਤਹਿਤ ਬੀਤੀ ਰਾਤ ਫ਼ੇਜ਼ਵਾਹ ਮਾਈਨਰ ਵਿੱਚ ਪਾਣੀ ਛੱਡਿਆ ਗਿਆ।
ਨਹਿਰ ਦੀ ਸਫ਼ਾਈ ਨਾ ਹੋਣ ਕਾਰਨ ਮਾਈਨਰ ਵਿੱਚ ਪਾੜ ਪੈ ਗਿਆ ਅਤੇ ਖੇਤਾਂ ਵਿੱਚ ਪਾਣੀ ਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਨੇੜਲੇ ਪਿੰਡ ਦੇ ਲੋਕਾਂ ਵੱਲੋਂ ਪਿੰਡਾਂ ਦਾ ਗੰਦਾ ਪਾਣੀ ਮਾਈਨਰ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਵਿਭਾਗ ਵੱਲੋਂ ਇਸ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ ਅਤੇ ਨਹਿਰ ਵਿੱਚ ਗੰਦਗੀ ਦੇ ਢੇਰ ਇਸ ਦੇ ਟੁੱਟਣ ਦਾ ਵੀ ਇੱਕ ਕਾਰਨ ਹੈ।
ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸ.ਡੀ.ਓ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਮਨਰੇਗਾ ਨਾ ਹੋਣ ਕਾਰਨ ਨਹਿਰ ਦੀ ਸਫ਼ਾਈ ਨਹੀਂ ਹੋ ਸਕੀ ਅਤੇ ਹੁਣ ਸਮੇਂ ਸਿਰ ਕਿਸਾਨਾਂ ਨੂੰ ਪਾਣੀ ਦੇਣ ਲਈ ਨਹਿਰ ਵਿੱਚ ਪਾਣੀ ਛੱਡਿਆ ਗਿਆ ਹੈ। ਕਿਸਾਨਾਂ ਦੇ ਖੇਤਾਂ ਦੇ ਮੋਘੇ ਬੰਦ ਹੋ ਗਏ ਸਨ ਅਤੇ ਮਾਈਨਰ ਵਿੱਚ ਪਾਣੀ ਓਵਰ ਫਲੋਅ ਹੋਣ ਕਰਕੇ ਪਾੜ ਪੈ ਗਿਆ। ਜਿਸ ਦੀ ਵਿਭਾਗ ਵੱਲੋਂ ਕਿਸਾਨਾਂ ਨਾਲ ਮਿਲਕੇ ਮੁਰੰਮਤ ਕੀਤੀ ਜਾ ਰਹੀ ਹੈ। ਨਹਿਰ ਵਿੱਚ ਗੰਦਾ ਪਾਣੀ ਵਹਾਉਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।