Sidhu Rally Bathinda News: ਬਠਿੰਡਾ ਦਿਹਾਤੀ ਦੀ ਸੀਨੀਅਰ ਮੀਤ ਪ੍ਰਧਾਨ ਨੇ ਰੈਲੀ ਨੂੰ ਗੈਰ ਕਾਂਗਰਸੀ ਦੱਸਦੇ ਹੋਏ ਨਵਜੋਤ ਸਿੱਧੂ ਅਤੇ ਹਲਕਾ ਇੰਚਾਰਜ ਰਹੇ ਹਰਵਿੰਦਰ ਲਾਡੀ ਉੱਤੇ ਕਾਂਗਰਸ ਨੂੰ ਦੋ ਫਾੜ ਕਰਨ ਦੇ ਦੋਸ਼ ਲਗਾਏ ਹਨ।
Trending Photos
Sidhu Rally Bathinda News:(Kulbir Beera): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਜ਼ਿਲ੍ਹੇ ਅੰਦਰ ਕੀਤੀਆਂ ਜਾ ਰਹੀਆਂ ਰੈਲੀਆਂ ਕਾਰਨ ਕਾਂਗਰਸ ਪਾਰਟੀ ਵਿੱਚ ਪੈਦਾ ਹੋਇਆ ਕਾਟੋ ਕਲੇਸ਼ ਹੋਰ ਵਧਣ ਦੀ ਸੰਭਾਵਨਾ ਬਣ ਗਈ ਹੈ। ਕਾਂਗਰਸ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਫੁੱਟ ਦਾ ਲਾਵਾ ਹੁਣ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿੱਚ ਕੀਤੀ ਗਈ ਸਫਲਤਾ ਪੂਰਵਕ ਰੈਲੀ ਤੋਂ ਬਾਅਦ ਇਹ ਕਲੇਸ਼ ਹੋਰ ਤੇਜ਼ ਹੋ ਗਿਆ ਹੈ। ਇਸ ਰੈਲੀ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਦਿੱਤੀ ਸੀ, ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਠੰਡੇ ਹੋਣ ਦੀ ਬਜਾਏ ਗਰਮ ਜੋਸ਼ੀ ਨਾਲ ਲੱਗੇ ਵੱਧ ਰਹੇ ਹਨ ਅਤੇ ਉਨ੍ਹਾਂ ਹੁਣ ਸੱਤ ਜਨਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਰੈਲੀ ਰੱਖ ਦਿੱਤੀ ਹੈ।
ਦੂਜੇ ਪਾਸੇ ਬਠਿੰਡਾ ਦਿਹਾਤੀ ਹਲਕੇ ਦੇ ਕਰੀਬ 3 ਦਰਜਨ ਸਰਪੰਚਾਂ, ਕੌਂਸਲਰਾਂ, ਸਾਬਕਾ ਚੇਅਰਮੈਨਾਂ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਖ਼ਿਲਾਫ਼ ਮੋਰਚਾ ਖ਼ੋਲ ਦਿੱਤਾ ਹੈ। ਪਿੰਡ ਕੋਟ ਸ਼ਮੀਰ ਦੀ ਨਗਰ ਕੌਂਸਲ ਦੇ ਕੌਂਸਲਰ ਚਾਨਣ ਸਿੰਘ ਅਤੇ ਕਾਂਗਰਸ ਆਗੂ ਮਨਜੀਤ ਸਿੰਘ ਕੋਟ ਫੱਤਾ ਨੇ ਦੋਸ਼ ਲਾਇਆ ਹੈ ਕਿ ਖੁਸ਼ਬਾਜ ਜਟਾਣਾ ਨੇ ਕਾਂਗਰਸ ਹਾਈਕਮਾਂਡ ਨੂੰ ਗੁੰਮਰਾਹ ਹੀ ਨਹੀਂ ਕੀਤਾ ਸਗੋਂ ਪਾਰਟੀ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕੋਟ ਸ਼ਮੀਰ ਰੈਲੀ ਨੂੰ ਲੈ ਕੇ ਦੋ ਦਿਨ ਪਹਿਲਾਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਦਾਅਵਾ ਕੀਤਾ ਸੀ, ਕਿ ਰੈਲੀ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਹੋਇਆ ਹੈ।
ਇਹ ਵੀ ਪੜ੍ਹੋ: Punjab News: ਅਰਸ਼ਦੀਪ ਕੌਰ ਦੀ ਏਅਰ ਫੋਰਸ ਅਕੈਡਮੀ ਵਿੱਚ ਪ੍ਰੀ-ਕਮਿਸ਼ਨ ਸਿਖਲਾਈ ਲਈ ਹੋਈ ਚੋਣ
ਜਟਾਣਾ ਦੇ ਇਸ ਬਿਆਨ ਤੋਂ ਬਾਅਦ ਕਾਂਗਰਸੀ ਆਗੂਆਂ ਤੇ ਵਰਕਰਾਂ ਵਿੱਚ ਸਖ਼ਤ ਰੋਸ ਪੈਦਾ ਹੋ ਗਿਆ ਅਤੇ ਇਹ ਮਾਮਲਾ ਪੰਜਾਬ ਕਾਂਗਰਸ ਦੇ ਇੰਚਾਰਜ ਕੋਲ ਪਹੁੰਚ ਗਿਆ। ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਵੱਲੋਂ ਜ਼ਿਲ੍ਹਾ ਪ੍ਰਧਾਨ ਤੋਂ ਜਵਾਬ ਤਲਬੀ ਕੀਤੀ ਗਈ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਲਿਖੇ ਪੱਤਰ ਵਿੱਚ ਖੁਸ਼ਬਾਜ ਜਟਾਣਾ ਉੱਪਰ ਗੰਭੀਰ ਇਲਜ਼ਾਮ ਲਾਏ ਗਏ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜਟਾਣਾ ਦਾ ਪਿੰਡ ਜ਼ਿਲ੍ਹਾ ਮੁਕਤਸਰ ਵਿੱਚ ਪੈਂਦਾ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਪ੍ਰਧਾਨ ਲਗਾਇਆ ਗਿਆ ਹੈ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਜਟਾਣਾ ਉੱਪਰ ਕਈ ਅਪਰਾਧਿਕ ਮਾਮਲੇ ਚੱਲ ਰਹੇ ਹਨ, ਉੱਥੇ ਹੀ ਰਿਫ਼ਾਈਨਰੀ ਵਿੱਚੋਂ ਕਰੋੜਾਂ ਰੁਪਏ ਦਾ ਗੁੰਡਾ ਟੈਕਸ ਵਸੂਲੇ ਜਾਣ ਦੇ ਮਾਮਲੇ ਦੀ ਜਟਾਣਾ ਖ਼ਿਲਾਫ਼ ਵਿਜੀਲੈਂਸ ਜਾਂਚ ਚੱਲ ਰਹੀ ਹੈ। ਆਗੂਆਂ ਨੇ ਕਿਹਾ ਕਿ ਅਸਲ ਵਿੱਚ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਏ ਜਾਣ ਉੱਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਨਾ ਚਾਹੁੰਦੇ ਸਨ, ਜਿਸ ਲਈ ਇਹ ਮਿਲਣੀ ਪੰਜਾਬ ਕਾਂਗਰਸ ਦੇ ਝੰਡੇ ਹੇਠ ਹੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਖੁਸ਼ਬਾਜ ਜਟਾਣਾ ਵੱਲੋਂ ਜਿੱਥੇ ਹਾਈਕਮਾਂਡ ਕੋਲ ਝੂਠ ਬੋਲਿਆ ਗਿਆ ਹੈ ਉੱਥੇ ਹੀ ਉਸ ਵੱਲੋਂ ਰੈਲੀ ਨੂੰ ਸਾਬੋ ਤਾਜ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Education News: ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਨਿਖਾਰਨ ਵੱਲ ਹੋਰ ਧਿਆਨ ਦੇਣ ਅਧਿਆਪਕ: ਹਰਜੋਤ ਬੈਂਸ