Punjab News: ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਜਾਣ ਤੋਂ ਬਾਅਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਨਰਮ ਰੁਖ਼ ਅਪਣਾਇਆ ਜਾ ਰਿਹਾ ਹੈ।
Trending Photos
Punjab News: ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਜਾਣ ਤੋਂ ਬਾਅਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਨਰਮ ਰੁਖ਼ ਅਪਣਾਇਆ ਜਾ ਰਿਹਾ ਹੈ। ਭਾਵੇਂ ਵਿਧਾਨ ਬੁਲਾਈ ਸਬੰਧੀ ਸੁਣਵਾਈ ਸ਼ੁੱਕਰਵਾਰ ਨੂੰ ਹੋਣੀ ਹੈ ਪਰ ਉਸ ਤੋਂ ਪਹਿਲਾਂ ਰਾਜਪਾਲ ਵੱਲੋਂ ਤਿੰਨ ਮਨੀ ਬਿੱਲ ਵਿਚੋਂ ਦੋ ਉਪਰ ਮੋਹਰ ਲਗਾ ਦਿੱਤੀ ਗਈ ਹੈ।
ਰਾਜ ਭਵਨ ਦੇ ਅਧਿਕਾਰਕ ਸੂਤਰਾਂ ਦੀ ਮੰਨੀਏ ਤਾਂ ਰਾਜਪਾਲ ਵੱਲੋਂ ਜਿਨ੍ਹਾਂ ਦੋ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਇੱਕ ਦਾ ਪੰਜਾਬ ਗੁਡਸ ਐਂਡ ਸਰਵਿਸਜ਼ ਟੈਕਸ ਅਮੈਂਡਮੈਂਟ ਬਿੱਲ 2023 ਤੇ ਦੂਜਾ ਦਾ ਇੰਡੀਅਨ ਸਟੰਪ ਪੰਜਾਬ ਅਮੈਂਡਮੈਂਟ ਬਿੱਲ 2023 ਸ਼ਾਮਲ ਹਨ ਜਦਕਿ ਤੀਜਾ ਬਿੱਲ ਦਾ ਪੰਜਾਬ ਫਾਇਨਾਂਸ਼ੀਅਲ ਰਿਸਪਾਂਸਬਿਲਿਟੀ ਐਂਡ ਬਜਟ ਅਮੈਂਡਮੈਂਟ ਬਿੱਲ 2023 ਰਾਜਪਾਲ ਵੱਲੋਂ ਪਾਸ ਨਹੀਂ ਕੀਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਿੰਨ ਮਨੀ ਬਿੱਲ ਰਾਜਪਾਲ ਦੀ ਮਨਜ਼ੂਰੀ ਲਈ ਭੇਜੇ ਸਨ ਜਿਨ੍ਹਾਂ ਉਪਰ ਰਾਜਪਾਲ ਨੇ 18 ਅਕਤੂਬਰ ਨੂੰ ਇਤਰਾਜ਼ ਲਗਾਇਆ ਸੀ। ਇਸ ਤੋਂ ਇਲਾਵਾ ਬਨਵਾਰੀ ਲਾਲ ਪੁਰੋਹਿਤ ਨੇ 20 ਅਕਤੂਬਰ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਸੀ। ਇਸ ਮਗਰੋਂ ਸਰਕਾਰ ਅਤੇ ਰਾਜਪਾਲ ਆਹਮੋ-ਸਾਹਮਣੇ ਹੋ ਗਏ ਸਨ।
ਉਦੋਂ ਸੀਐਮ ਭਗਵੰਤ ਮਾਨ ਨੇ ਸਦਨ ਵਿੱਚ ਰਾਜਪਾਲ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਨੇ ਇਸ ਬਾਰੇ 28 ਅਕਤੂਬਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ ਜਿਸ ’ਤੇ 3 ਨਵੰਬਰ ਨੂੰ ਸੁਣਵਾਈ ਹੋਣੀ ਹੈ।
ਇਹ ਵੀ ਪੜ੍ਹੋ : Punjab Diwas 2023: ਆਖ਼ਰ ਪੰਜਾਬ ਦਾ ਇਤਿਹਾਸ ਕੀ ਹੈ? 1 ਨਵੰਬਰ, ਅੱਜ ਦੇ ਦਿਨ ਭਾਰਤ ਵਿੱਚ ਕੀ ਹੋਏ ਇਤਿਹਾਸਕ ਬਦਲਾਅ
ਇਸ ਸੁਣਵਾਈ ਤੋਂ ਪਹਿਲਾਂ ਹੀ ਰਾਜਪਾਲ ਨੇ ਰੁਖ਼ ਨਰਮ ਕਰਦੇ ਹੋਏ ਦੋ ਮਨੀ ਬਿੱਲਾਂ ’ਤੇ ਮੋਹਰ ਲਾ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰਾਜਪਾਲ ਦੀ ਮਨਜ਼ੂਰੀ ਨਾਲ ਹੁਣ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਕਾਨੂੰਨੀ ਹੋਣ ਦੀ ਪੁਸ਼ਟੀ ਹੋ ਗਈ ਹੈ।