Trending Photos
CM Bhagwant Mann Open Debate Highlights: ਪੰਜਾਬ ਸਰਕਾਰ ਨੇ ਸੂਬੇ ਦੇ ਸਮੂਹ ਲੋਕਾਂ ਨੂੰ 1 ਨਵੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਦਰਮਿਆਨ ਖੁੱਲ੍ਹੀ ਬਹਿਸ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਸੀਐਮ ਮਾਨ ਨੇ ਇਸ ਬਹਿਸ ਨੂੰ ‘ਮੈਂ ਪੰਜਾਬ ਬੋਲਦਾ ਹਾਂ’ ਦਾ ਨਾਂ ਦਿੱਤਾ ਹੈ।
ਮੈਂ ਪੰਜਾਬ ਬੋਲਦਾ ਹਾਂ ਖੁੱਲ੍ਹੀ ਮਹਾਬਹਿਸ ਲਈ ਸੱਤਾਧਾਰੀ, ਵਿਰੋਧੀ ਧਿਰ ਦੇ ਆਗੂਆਂ ਤੇ ਬੁੱਧੀਜੀਵੀ ਲਈ ਲਗਾਈਆਂ ਕੁਰਸੀਆਂ ਦਰਮਿਆਨ ਭਗਵੰਤ ਮਾਨ ਨੇ ਮੁੱਖ ਮੰਤਰੀ ਲਈ ਲਗਾਈ ਕੁਰਸੀ ਉਤੇ ਬੈਠ ਕੇ ਪੰਜਾਬ ਦੇ ਮੁੱਦਿਆਂ ਉਪਰ ਆਪਣਾ ਸੰਬੋਧਨ ਸ਼ੁਰੂ ਕੀਤਾ। ਇਸ ਦੌਰਾਨ ਵਿਰੋਧੀ ਧਿਰਾਂ ਦੀਆਂ ਕੁਰਸੀਆਂ ਖ਼ਾਲੀ ਸਨ। ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ, ਬਸਪਾ ਤੇ ਹੋਰ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਓਤੇ ਉਪਰ ਐਸਵਾਈਐਲ ਤੇ ਹੋਰ ਮੁੱਦਿਆਂ ਉਪਰ ਬਹਿਸ ਕਰਨ ਲਈ ਨਹੀਂ ਪੁੱਜਿਆ।
ਇਸ ਬਹਿਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ.) ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਨੂੰ ਬੁੱਕ ਕੀਤਾ ਗਿਆ ਹੈ। ਇਸ ਆਡੀਟੋਰੀਅਮ ਦੀ ਬੈਠਣ ਦੀ ਸਮਰੱਥਾ 1000 ਦੇ ਕਰੀਬ ਹੈ ਪਰ ਸੀ.ਐਮ ਮਾਨ ਵੱਲੋਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਖੁੱਲ੍ਹਾ ਸੱਦਾ ਦੇਣ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ।
ਇਸ ਬਹਿਸ ਵਿੱਚ ਮੁੱਖ ਮੰਤਰੀ (CM Bhagwant Mann) ਅਤੇ ਵਿਰੋਧੀ ਧਿਰ ਦੇ ਸੀਨੀਅਰ ਆਗੂਆਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਲੁਧਿਆਣਾ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਤਰਾਂ ਅਨੁਸਾਰ ਆਡੀਟੋਰੀਅਮ ਵਿੱਚ ਇੱਕ ਹਜ਼ਾਰ ਲੋਕ ਬੈਠ ਸਕਦੇ ਹਨ ਪਰ ਕਈ ਵੀ.ਵੀ.ਆਈ.ਪੀਜ਼ ਦੀ ਮੌਜੂਦਗੀ ਕਾਰਨ ਉੱਥੇ ਸਿਰਫ਼ 800 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਦਾ ਕੋਈ ਹੋਰ ਵਿਧਾਇਕ ਇਸ ਬਹਿਸ ਵਿੱਚ ਹਿੱਸਾ ਨਹੀਂ ਲਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਟੇਜ 'ਤੇ ਕੋਈ ਬੈਨਰ ਜਾਂ ਸਲੋਗਨ ਨਾ ਲਗਾਇਆ ਜਾਵੇ।
ਸਰਕਾਰੀ ਪੱਧਰ 'ਤੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਇਲਾਵਾ ਸਿਰਫ਼ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਡੀਟੋਰੀਅਮ 'ਚ ਸਟੇਜ 'ਤੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ।
ਦੂਜੇ ਪਾਸੇ ਬਹਿਸ ਨਾਲ ਸਬੰਧਤ ਪ੍ਰਬੰਧਾਂ ਨੂੰ ਮੁਕੰਮਲ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਣ ਲਈ ਸਰਕਾਰ ਦੇ ਸਾਰੇ ਉੱਚ ਅਧਿਕਾਰੀਆਂ ਨੇ ਲੁਧਿਆਣਾ ਵਿੱਚ ਹੀ ਡੇਰੇ ਲਾਏ ਹੋਏ ਹਨ। ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਖੁਦ ਪ੍ਰਬੰਧਾਂ ਨੂੰ ਦੇਖਣ ਲਈ ਮੰਗਲਵਾਰ ਨੂੰ ਆਡੀਟੋਰੀਅਮ ਪਹੁੰਚੀ। ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਖੁਦ ਦੋ ਦਿਨਾਂ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੇ ਹੋਏ ਹਨ।
ਪੀਏਯੂ ਨੂੰ ਜਾਣ ਵਾਲੀਆਂ ਸੜਕਾਂ ’ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰ ਨਹੀਂ ਚਾਹੁੰਦੀ ਕਿ ਲੋਕਾਂ ਨੂੰ ਰੋਕਣ ਲਈ ਕਿਸੇ ਤਰ੍ਹਾਂ ਦੀ ਸਖਤੀ ਕੀਤੀ ਜਾਵੇ। ਅਜਿਹੇ 'ਚ ਅਫਸਰਾਂ ਨੂੰ ਚਿੰਤਾ ਹੈ ਕਿ ਜੇਕਰ ਵੀ.ਵੀ.ਆਈ.ਪੀ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਇਲਾਵਾ ਹੋਰ ਭੀੜ ਇਕੱਠੀ ਹੋ ਗਈ ਤਾਂ ਪ੍ਰਬੰਧਾਂ 'ਚ ਕਮੀ ਆ ਸਕਦੀ ਹੈ।